ਸੁਖਬੀਰ ਬਾਦਲ ਦਾ ਸਲਾਹਕਾਰ ਚੰਦਰ ਭਾਨ ਚੌਹਾਨ ਭਾਜਪਾ ਨਾਲ ਰਲ਼ਿਆ, ਮੋਦੀ ਦੇ ਗਾਏ ਸੋਹਲੇ

0
651

ਲੁਧਿਆਣਾ। ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪੰਜਾਬ ਅੱਜ ਗੈਂਗਸਟਰਾਂ ਦੀ ਸਭ ਤੋਂ ਸੁਰੱਖਿਅਤ ਪਨਾਹਗਾਹ ਬਣ ਗਿਆ ਹੈ। ਅਸ਼ਵਨੀ ਸ਼ਰਮਾ ਪੰਜਾਬ ਭਾਜਪਾ ਦੇ ਬੁਲਾਰੇ ਗੁਰਦੀਪ ਸਿੰਘ ਗੋਸ਼ਾ ਦੇ ਯਤਨਾਂ ਨਾਲ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਸਲਾਹਕਾਰ ਰਹੇ ਚੰਦਰ ਭਾਨ ਚੌਹਾਨ ਨੂੰ ਉਨ੍ਹਾਂ ਦੇ 1100 ਸਾਥੀਆਂ ਸਮੇਤ ਭਾਜਪਾ ’ਚ ਸ਼ਾਮਲ ਕਰਨ ਮੌਕੇ ਹਾਜ਼ਰੀਨ ਨੂੰ ਸੰਬੋਧਨ ਕਰ ਰਹੇ ਸਨ।

ਸ਼ਰਮਾ ਨੇ ਕਿਹਾ ਕਿ ਅੱਜ ਪੰਜਾਬ ਦੀ ਕਾਨੂੰਨ ਵਿਵਸਥਾ ਦੀ ਸਥਿਤੀ ਤਾਰ-ਤਾਰ ਹੋ ਚੁੱਕੀ ਹੈ। ਮੁੱਢਲੀਆਂ ਸਹੂਲਤਾਂ ਨੂੰ ਲੋਕ ਤਰਸ ਰਹੇ ਹਨ। ਚੋਣਾਂ ਦੇ ਦਿਨਾਂ ’ਚ ਆਮ ਆਦਮੀ ਪਾਰਟੀ ਨੇ ਜਨਤਾ ਨਾਲ ਜੋ ਵਾਅਦੇ ਕੀਤੇ ਸਨ, ਉਹ ਪੂਰੇ ਨਹੀਂ ਕੀਤੇ, ਜਿਸ ਨਾਲ ਲੋਕ ਇਸ ਸਰਕਾਰ ਤੋਂ ਪੂਰੀ ਤਰ੍ਹਾਂ ਖਫ਼ਾ ਹਨ ਅਤੇ ਭਾਜਪਾ ਨੂੰ ਨਵੇਂ ਬਦਲ ਵਜੋਂ ਦੇਖ ਰਹੇ ਹਨ। ਇਹੀ ਕਾਰਨ ਹੈ ਕਿ ਲੋਕ ਵੱਡੀ ਗਿਣਤੀ ’ਚ ਭਾਜਪਾ ਦੇ ਝੰਡੇ ਹੇਠ ਇਕੱਠੇ ਹੋ ਰਹੇ ਹਨ ਤਾਂ ਕਿ ਪੰਜਾਬ ਨੂੰ ਕਾਲੇ ਦਿਨਾਂ ’ਚ ਜਾਣ ਤੋਂ ਰੋਕ ਕੇ ਤਰੱਕੀ ਦੇ ਰਸਤੇ ’ਤੇ ਮੋਹਰੀ ਕੀਤਾ ਜਾ ਸਕੇ।

ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਪ੍ਰਦੇਸ਼ ਭਾਜਪਾ ਜਨਰਲ ਸਕੱਤਰ ਜੀਵਨ ਗੁਪਤਾ, ਰਾਜੇਸ਼ ਬਾਘਾ, ਉਪ ਪ੍ਰਧਾਨ ਰਾਕੇਸ਼ ਰਾਠੌਰ, ਬੁਲਾਰਾ ਗੁਰਦੀਪ ਸਿੰਘ ਗੋਸ਼ਾ, ਭਾਜਪਾ ਲੁਧਿਆਣਾ ਪ੍ਰਧਾਨ ਪੁਸ਼ਪਿੰਦਰ ਸਿੰਗਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪਿਛਲੇ 6 ਮਹੀਨੇ ਦੀਆਂ ਨਾਕਾਮੀਆਂ ਲੁਕਾਉਣ ਲਈ ‘ਆਪਰੇਸ਼ਨ ਲੋਟਸ’ ਦਾ ਝੂਠਾ ਡਰਾਮਾ ਕਰ ਰਹੀ ਹੈ, ਜਦੋਂਕਿ ਇਸ ਵਿਚ ਕੋਈ ਸੱਚ ਨਹੀਂ ਹੈ।

ਚੰਦਰ ਭਾਨ ਚੌਹਾਨ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਉਹ ਲੰਬੇ ਮਸੇਂ ਤੋਂ ਅਕਾਲੀ ਦਲ ਦੇ ਉਪ ਪ੍ਰਧਾਨ, ਪ੍ਰਵਾਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਅਤੇ ਸੁਖਬੀਰ ਬਾਦਲ ਦੇ ਸਲਾਹਕਾਰ ਦੀ ਜ਼ਿੰਮੇਵਾਰੀ ਨਿਭਾਅ ਰਹੇ ਸਨ ਪਰ ਸੁਖਬੀਰ ਬਾਦਲ ਅਤੇ ਅਕਾਲੀ ਦਲ ਦਾ ਪੂਰਵਾਂਚਲ ਸਮਾਜ ਦੀਆਂ ਸਮੱਸਿਆਵਾਂ ਦੇ ਹੱਲ ਵੱਲ ਕੋਈ ਧਿਆਨ ਨਹੀਂ ਸੀ। ਇਸ ਲਈ ਉਨ੍ਹਾਂ ਨੇ ਆਪਣੇ ਹਮਾਇਤੀਆਂ ਨਾਲ ਭਾਜਪਾ ਦਾ ਕਮਲ ਫੜ੍ਹਿਆ ਹੈ। ਪੂਰਵਾਂਚਲ ਸਮਾਜ ਨੂੰ ਕੋਰੋਨਾ ਕਾਲ ਵਿਚ ਪਲਾਇਨ ਤੋਂ ਰੋਕਣ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਹਿਮ ਭੂਮਿਕਾ ਅਦਾ ਕੀਤੀ ਹੈ। ਇਸ ਲਈ ਪੂਰਵਾਂਚਲ ਸਮਾਜ ਆਪਣੇ ਹਿੱਤ ਭਾਜਪਾ ਦੇ ਹੱਥਾਂ ’ਚ ਸੁਰੱਖਿਅਤ ਸਮਝਦਾ ਹੈ।