ਅਕਾਲੀ ਦਲ ‘ਚ ਬਗਾਵਤ ਦਾ ਅਸਰ : ਕਾਰਜਕਾਰੀ ਤੇ ਕੋਰ ਕਮੇਟੀ ਸਮੇਤ ਸਮੁੱਚਾ ਸੰਗਠਨ ਭੰਗ, ਸੁਖਬੀਰ ਬਾਦਲ ਪ੍ਰਧਾਨ ਬਣੇ ਰਹਿਣਗੇ

0
1985

ਚੰਡੀਗੜ੍ਹ | ਸੁਖਬੀਰ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦਾ ਸਮੁੱਚਾ ਸੰਗਠਨ ਭੰਗ ਕਰ ਦਿੱਤਾ ਹੈ। ਅਕਾਲੀ ਦਲ ਦੀਆਂ ਸਾਰੀਆਂ ਇਕਾਈਆਂ, ਕੋਰ ਕਮੇਟੀਆਂ, ਅਹੁਦੇਦਾਰਾਂ ਸਮੇਤ ਸਾਰੇ ਵਿੰਗ ਵੀ ਭੰਗ ਕਰ ਦਿੱਤੇ ਗਏ ਹਨ। ਇਹ ਫੈਸਲਾ ਅਕਾਲੀ ਦਲ ਵਿੱਚ ਲੀਡਰਸ਼ਿਪ ਨੂੰ ਲੈ ਕੇ ਵਧ ਰਹੀ ਬਗਾਵਤ ਤੋਂ ਬਾਅਦ ਲਿਆ ਗਿਆ ਹੈ। ਪਹਿਲਾਂ ਵਿਧਾਇਕ ਮਨਪ੍ਰੀਤ ਇਆਲੀ ਨੇ ਲੀਡਰਸ਼ਿਪ ‘ਤੇ ਉਠਾਏ ਸਵਾਲ।

ਇਸ ਮਗਰੋਂ ਸੀਨੀਅਰ ਆਗੂ ਤੇ ਕੋਰ ਕਮੇਟੀ ਮੈਂਬਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਵੀ ਗੁੱਸੇ ਵਿੱਚ ਆ ਗਏ। ਦੇਰ ਰਾਤ ਸੁਖਬੀਰ ਬਾਦਲ ਨੇ ਜਥੇਬੰਦਕ ਢਾਂਚੇ ਨੂੰ ਭੰਗ ਕਰਨ ਦਾ ਐਲਾਨ ਕਰ ਦਿੱਤਾ।

ਅਕਾਲੀ ਦਲ ਮੁਤਾਬਕ ਚੋਣ ਹਾਰ ਨੂੰ ਲੈ ਕੇ ਵਿਚਾਰ ਕਰਨ ਲਈ ਸੀਨੀਅਰ ਆਗੂ ਇਕਬਾਲ ਝੂੰਦਾਂ ਦੀ ਅਗਵਾਈ ਹੇਠ ਚੋਣ ਸਮੀਖਿਆ ਕਮੇਟੀ ਬਣਾਈ ਗਈ ਸੀ। ਇਸ ਕਮੇਟੀ ਦੇ ਸੁਝਾਅ ’ਤੇ ਜਥੇਬੰਦਕ ਢਾਂਚਾ ਭੰਗ ਕਰ ਦਿੱਤਾ ਗਿਆ।

ਪੰਜਾਬ ਵਿਧਾਨ ਸਭਾ ਵਿੱਚ ਪਾਰਟੀ ਆਗੂ ਵਿਧਾਇਕ ਮਨਪ੍ਰੀਤ ਇਆਲੀ ਨੂੰ ਲੈ ਕੇ ਅਕਾਲੀ ਦਲ ਵਿੱਚ ਬਗਾਵਤ ਸ਼ੁਰੂ ਹੋ ਗਈ ਹੈ। ਉਨ੍ਹਾਂ ਨੇ ਪਾਰਟੀ ਦੇ ਫੈਸਲੇ ਦਾ ਵਿਰੋਧ ਕਰਦੇ ਹੋਏ ਭਾਜਪਾ ਸਮਰਥਿਤ ਐਨਡੀਏ ਉਮੀਦਵਾਰ ਦ੍ਰੋਪਦੀ ਮੁਰਮੂ ਨੂੰ ਵੋਟ ਨਹੀਂ ਪਾਈ। ਇਆਲੀ ਨੇ ਰਾਸ਼ਟਰਪਤੀ ਚੋਣ ਦਾ ਬਾਈਕਾਟ ਕਰ ਦਿੱਤਾ।