ਸੁਖਬੀਰ ਬਾਦਲ ਦੀ ਕਾਂਗਰਸ ਨੂੰ ਚੁਣੌਤੀ, ਕਿਹਾ- ਦਮ ਹੈ ਤਾਂ ਆਪਣਾ ਸੀਐੱਮ ਉਮੀਦਵਾਰ ਐਲਾਨੇ

0
3492

ਹੁਸ਼ਿਆਰਪੁਰ | ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਾਂਗਰਸ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਉਹ ਪੰਜਾਬ ਵਿੱਚ ਮੁੱਖ ਮੰਤਰੀ ਦੇ ਅਹੁਦੇ ਲਈ ਆਪਣੇ ਉਮੀਦਵਾਰ ਦੇ ਨਾਂ ਦਾ ਐਲਾਨ ਕਰੇ।

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸਿਰਫ ਲੋਕਾਂ ਦਾ ਹੀ ਨਹੀਂ ਬਲਕਿ ਸੂਬੇ ਵਿੱਚ ਕਾਂਗਰਸ ਦੀ ਸਿਖਰਲੀ ਲੀਡਰਸ਼ਿਪ ਦਾ ਵੀ ਵਿਸ਼ਵਾਸ ਗੁਆ ਲਿਆ ਹੈ।

ਸ਼ਾਮ ਚੁਰਾਸੀ ਹਲਕੇ ਤੋਂ ਪਾਰਟੀ ਦੇ ਉਮੀਦਵਾਰ ਮਹਿੰਦਰ ਸਿੰਘ ਸੰਧਰ ਤੇ ਹੁਸ਼ਿਆਰਪੁਰ ਤੋਂ ਉਮੀਦਵਾਰ ਵਰਿੰਦਰ ਸਿੰਘ ਪਰਿਹਾਰ ਦੇ ਹੱਕ ਵਿੱਚ ਵਿਸ਼ਾਲ ਜਨਤਕ ਰੈਲੀਆਂ ਨੂੰ ਸੰਬੋਧਨ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਸੂਬੇ ਵਿੱਚ ਚੋਣਾਂ ਮੌਕੇ ਕਾਂਗਰਸ ਪਾਰਟੀ ਵਿੱਚ ਮੁੱਖ ਮੰਤਰੀ ਦੇ ਅਹੁਦੇ ਲਈ ਅੰਨ੍ਹੀ ਦੌੜ ਲੱਗੀ ਹੋਈ ਹੈ ਤੇ ਹਰ ਕੋਈ ਆਪਣੇ-ਆਪ ਨੂੰ ਮੁੱਖ ਮੰਤਰੀ ਦੇ ਅਹੁਦੇ ਦਾ ਉਮੀਦਵਾਰ ਦੱਸ ਰਿਹਾ ਹੈ।

ਉਨ੍ਹਾਂ ਕਿਹਾ ਕਿ ਚੰਨੀ ਕੁਰਸੀ ਨੂੰ ਚਿੰਬੜਿਆ ਰਹਿਣਾ ਚਾਹੁੰਦਾ ਹੈ, ਜਦੋਂ ਕਿ ਪਾਰਟੀ ਲੀਡਰਸ਼ਿਪ ਨਹੀਂ ਚਾਹੁੰਦੀ ਕਿ ਉਹ ਮੁੱਖ ਮੰਤਰੀ ਦੀ ਕੁਰਸੀ ਦਾ ਮੁੜ ਦਾਅਵੇਦਾਰ ਬਣੇ। ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਆਪਣੀ ਡਫਲੀ ਵਜਾ ਰਿਹਾ ਹੈ ਤੇ ਰੋਜ਼ ਚੰਨੀ ਨੂੰ ਜ਼ਲੀਲ ਕਰਦਾ ਹੈ।

ਉਨ੍ਹਾਂ ਕਿਹਾ ਕਿ ਪੰਜਾਬੀ ਅੱਜ ਕਾਂਗਰਸ ਦੇ ਉਲਟ ਹਨ ਕਿਉਂਕਿ ਇਸ ਨੇ ਲੋਕਾਂ ਨਾਲ ਕੀਤਾ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ ਤੇ ਇਸੇ ਲਈ ਆਉਂਦੇ ਦਿਨਾਂ ਵਿਚ ਕਾਂਗਰਸ ਖੇਰੂੰ-ਖੇਰੂੰ ਹੁੰਦੀ ਨਜ਼ਰ ਆਵੇਗੀ।

ਇਕ ਹੋਰ ਸਵਾਲ ਦੇ ਜਵਾਬ ਵਿੱਚ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਦੇ ਲਟਕਦੇ ਮਸਲੇ ਹੱਲ ਕਰਨਾ ਪ੍ਰਧਾਨ ਮੰਤਰੀ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕ ਦਹਾਕਿਆਂ ਤੋਂ ਉਡੀਕ ਕਰ ਰਹੇ ਹਨ ਤੇ ਪ੍ਰਧਾਨ ਮੰਤਰੀ ਸੂਬੇ ਨਾਲ ਹੋਇਆ ਅਨਿਆਂ ਦੂਰ ਕਰਨਗੇ।

ਪ੍ਰਧਾਨ ਮੰਤਰੀ ਨੂੰ ਆਪਣੀ ਆਉਂਦੀ ਫੇਰੀ ਦੌਰਾਨ ਚੰਡੀਗੜ੍ਹ ਤੇ ਪੰਜਾਬੀ ਬੋਲਦੇ ਇਲਾਕੇ ਪੰਜਾਬ ਨੂੰ ਦੇਣ ਦਾ ਐਲਾਨ ਕਰਨ ਦੇ ਨਾਲ-ਨਾਲ ਸੂਬੇ ਨੂੰ ਇਹ ਵਿਸ਼ਵਾਸ ਦਿਵਾਉਣਾ ਚਾਹੀਦਾ ਹੈ ਕਿ ਰਾਈਪੇਰੀਅਨ ਸਿਧਾਂਤਾਂ ਮੁਤਾਬਕ ਦਰਿਆਈ ਪਾਣੀਆਂ ’ਤੇ ਇਸ ਦਾ ਹੱਕ ਹੈ।

ਉਨ੍ਹਾਂ ਨੂੰ ਇਸ ਮੌਕੇ ਕਿਸਾਨੀ ਕਰਜ਼ਾ ਮੁਆਫੀ ਦਾ ਐਲਾਨ ਵੀ ਕਰਨਾ ਚਾਹੀਦਾ ਹੈ ਤਾਂ ਜੋ ਸੂਬੇ ਵਿਚ ਖੇਤੀਬਾੜੀ ਅਰਥਚਾਰਾ ਸੁਰਜੀਤ ਕੀਤਾ ਜਾ ਸਕੇ।

ਇਸ ਦੌਰਾਨ ਦੋਵਾਂ ਥਾਵਾਂ ’ਤੇ ਵਿਸ਼ਾਲ ਇਕੱਠਾਂ ਨੂੰ ਸੰਬੋਧਨ ਕਰਦਿਆਂ ਬਾਦਲ ਨੇ ਕਿਹਾ ਕਿ ਅਕਾਲੀ ਦਲ ਤੇ ਬਸਪਾ ਗਠਜੋੜ ਪੰਜਾਬ ਦੀਆਂ ਚੋਣਾਂ ਵਿੱਚ ਇਕਲੌਤੀ ਖੇਤਰੀ ਪਾਰਟੀ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਹੀ ਖੇਤਰੀ ਇੱਛਾਵਾਂ ਦੀ ਪ੍ਰਤੀਨਿਧਤਾ ਕਰਦਾ ਹੈ ਤੇ ਹਮੇਸ਼ਾ ਸੂਬੇ ਦੇ ਹੱਕਾਂ ਵਾਸਤੇ ਡਟਦਾ ਰਿਹਾ ਹੈ।