ਚੰਡੀਗੜ੍ਹ, 5 ਫਰਵਰੀ | ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਅੱਜ ਪਾਰਟੀ ਦੀ ਸਮੁੱਚੀ ਕੋਰ ਕਮੇਟੀ ਨੇ ਪੰਜਾਬ ਦੇ ਡੀਜੀਪੀ ਦਫ਼ਤਰ ਦਾ ਅਚਨਚੇਤ ਘੇਰਾਓ ਕੀਤਾ। ਇਹ ਰੋਸ ਪ੍ਰਦਰਸ਼ਨ 328 ਪਾਵਨ ਸਰੂਪਾਂ ਦੇ ਮਾਮਲੇ ਵਿੱਚ ਪੁਲਿਸ ਵੱਲੋਂ ਅਕਾਲੀ ਵਰਕਰਾਂ ਅਤੇ ਪਾਰਟੀ ਦੇ ਚਾਰਟਰਡ ਅਕਾਊਂਟੈਂਟਾਂ ਨੂੰ ਕਥਿਤ ਤੌਰ ‘ਤੇ ਪ੍ਰੇਸ਼ਾਨ ਕਰਨ ਦੇ ਵਿਰੋਧ ਵਿੱਚ ਕੀਤਾ ਗਿਆ। ਡੀਜੀਪੀ ਗੌਰਵ ਯਾਦਵ ਨਾਲ ਮੁਲਾਕਾਤ ਦੌਰਾਨ ਸੁਖਬੀਰ ਬਾਦਲ ਨੇ ਸਿੱਧੀ ਚੁਣੌਤੀ ਦਿੱਤੀ ਕਿ ਜੇਕਰ ਪੁਲਿਸ ਨੇ ਕੋਈ ਕਾਰਵਾਈ ਕਰਨੀ ਹੈ ਤਾਂ ਉਹ ਸਿੱਧੀ ਉਹਨਾਂ ‘ਤੇ ਕਰੇ, ਪਰ ਪਾਰਟੀ ਦੇ ਨਿਮਾਣੇ ਵਰਕਰਾਂ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਨਿਸ਼ਾਨਾ ਨਾ ਬਣਾਇਆ ਜਾਵੇ। ਅਕਾਲੀ ਦਲ ਦੀ ਲੀਡਰਸ਼ਿਪ ਨੇ ਸਪੱਸ਼ਟ ਕੀਤਾ ਕਿ ਜਦੋਂ ਤੱਕ ਪੁਲਿਸ ਅਧਿਕਾਰੀ ਇਸ ਮਾਮਲੇ ਵਿੱਚ ਸਥਿਤੀ ਸਪੱਸ਼ਟ ਨਹੀਂ ਕਰਦੇ, ਉਹ ਉੱਥੋਂ ਨਹੀਂ ਹਟਣਗੇ।
ਇਸ ਪ੍ਰਦਰਸ਼ਨ ਨੂੰ ਹੋਰ ਮਜ਼ਬੂਤੀ ਦੇਣ ਲਈ ਪਾਰਟੀ ਹਾਈਕਮਾਂਡ ਵੱਲੋਂ ਯੂਥ ਅਕਾਲੀ ਦਲ ਦੇ ਮੁਹਾਲੀ, ਪਟਿਆਲਾ ਅਤੇ ਫਤਿਹਗੜ੍ਹ ਸਾਹਿਬ ਦੇ ਜ਼ਿਲ੍ਹਾ ਆਗੂਆਂ ਨੂੰ ਫੌਰੀ ਤੌਰ ‘ਤੇ ਮੌਕੇ ‘ਤੇ ਪਹੁੰਚਣ ਦੇ ਨਿਰਦੇਸ਼ ਦਿੱਤੇ ਗਏ। ਸੂਤਰਾਂ ਦੇ ਹਵਾਲੇ ਨਾਲ ਖ਼ਬਰ ਹੈ ਕਿ ਅਕਾਲੀ ਦਲ ਡੀਜੀਪੀ ਦਫ਼ਤਰ ਦੇ ਬਾਹਰ ਪੱਕਾ ਧਰਨਾ ਲਗਾਉਣ ਦੀ ਤਿਆਰੀ ਵਿੱਚ ਹੈ। ਇਹ ਸਾਰਾ ਘਟਨਾਕ੍ਰਮ ਉਸ ਵੇਲੇ ਵਾਪਰ ਰਿਹਾ ਹੈ ਜਦੋਂ ਪੰਜਾਬ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਲਾਪਤਾ 328 ਸਰੂਪਾਂ ਵਿੱਚੋਂ ਕੁਝ ਸਰੂਪਾਂ ਦਾ ਸੁਰਾਗ ਮਿਲ ਗਿਆ ਹੈ, ਜਿਸ ਤੋਂ ਬਾਅਦ ਪੁਲਿਸ ਦੀ ਜਾਂਚ ਵਿੱਚ ਤੇਜ਼ੀ ਆਈ ਹੈ।



































