ਬਠਿੰਡਾ | ਭਗਤਾ ਭਾਈ ਵਿਖੇ ਸ਼ੁੱਕਰਵਾਰ ਸ਼ਾਮ ਨੂੰ ਦੋ ਬਾਈਕ ਸਵਾਰਾਂ ਨੇ ਡੇਰਾ ਪ੍ਰੇਮੀ ਮਨੋਹਰ ਲਾਲ ਦੀ ਹੱਤਿਆ ਕਰ ਦਿੱਤੀ ਸੀ। ਇਸ ਕਤਲ ਦੀ ਜ਼ਿੰਮੇਵਾਰੀ ਸੁੱਖਾ ਗਿੱਲ ਲੰਮਾ ਗਰੁੱਪ ਵੱਲੋਂ ਫੇਸਬੁੱਕ ‘ਤੇ ਪੋਸਟ ਪਾ ਕੇ ਕੀਤੀ ਹੈ। ਸਿਰਸਾ ਸਲਾਬਤਪੁਰਾ ਵਿਖੇ ਡੇਰਾ ਪ੍ਰੇਮੀਆਂ ਨੇ ਰੋਡ ਨੂੰ ਜਾਮ ਕਰ ਦਿੱਤਾ ਅਤੇ ਮਨੋਹਰ ਲਾਲ ਪ੍ਰੇਮੀ ਦੇ ਕਾਤਲਾਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਤੇ ਕਿਹਾ ਕਿ ਜਿੰਨੀ ਦੇਰ ਦੋਸ਼ੀਆਂ ਨੂੰ ਕਾਬੂ ਨਹੀਂ ਕੀਤਾ ਜਾਵੇਗਾ ਉਨ੍ਹੀਂ ਦੇਰ ਮਨਹੋਰ ਲਾਲ ਦਾ ਸੰਸਕਾਰ ਨਹੀਂ ਕੀਤਾ ਜਾਵੇਗਾ। ਇਸ ‘ਤੇ ਸਪੱਸ਼ਟੀਕਰਨ ਦਿੰਦਿਆਂ ਸੁੱਖਾ ਗਿੱਲ ਲੰਮਾ ਗਰੁੱਪ ਨੇ ਕਿਹਾ ਕਿ ਜੋ ਸਲਾਬਤਪੁਰੇ ਧਰਨਾ ਲਾਈ ਬੈਠੇ ਨੇ ਉਹ ਇਹ ਦੱਸਣ ਕਿ ਮਨਹੋਰ ਲਾਲ ਨੇ ਕੀ ਮਹਾਨ ਕੰਮ ਕੀਤਾ ਸੀ ਜਿਹੜਾ ਧਰਨਾ ਲਾਇਆ ਹੋਇਆ ਸੀ। ਇੱਕ ਨਹੀਂ ਚਾਰ ਬੇਅਦਬੀਆਂ ਕੀਤੀਆਂ ਸਨ ਇਸ ਨੇ।
ਭਗਤਾ ਭਾਈ ਜਾ ਕੇ ਪਤਾ ਕਰੋ ਕਿ ਬੇਅਦਬੀ ਵਿਚ ਇਸ ਦਾ ਹੱਥ ਸੀ ਕਿ ਇਸ ਦੇ ਇਕੱਲੇ ਮੁੰਡੇ ਦਾ। ਉਨ੍ਹਾਂ ਕਿਹਾ ਕਿ ਡੇਰਾ ਪ੍ਰੇਮੀਆਂ ਨਾਲ ਸਾਡਾ ਕੋਈ ਵੈਰ ਨਹੀਂ ਹੈ ਤੇ ਨਾ ਹੀ ਕਿਸੇ ਧਰਮ-ਜਾਤ ਨਾਲ ਸਾਡੀ ਕੋਈ ਦੁਸ਼ਮਣੀ ਹੈ। ਸਾਡਾ ਦੁਸ਼ਮਣ ਤਾਂ ਉਹ ਹੈ ਜਿਸ ਨੇ ਸਾਡੇ ਗੁਰੂ ਦੀ ਬੇਅਦਬੀ ਕੀਤੀ। ਜੇ ਕੋਈ ਹੋਰ ਵੀ ਅਜਿਹਾ ਕਰੇਗਾ ਤਾਂ ਉਸ ਨਾਲ ਵੀ ਅਜਿਹਾ ਹੀ ਹੋਵੇਗਾ। ਉਨ੍ਹਾਂ ਕਿਹਾ ਕਿ ਜੇ ਗੁਰੂ ਸਾਹਿਬ ਨੇ ਫਿਰ ਮੌਕਾ ਦਿੱਤਾ ਤਾਂ ਫਿਰ ਕਰਾਂਗਾ।
ਮਿਲੀ ਜਾਣਕਾਰੀ ਮੁਤਾਬਕ ਡੇਰਾ ਪ੍ਰੇਮੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ਵਿੱਚ ਦੋਸ਼ੀ ਜਤਿੰਦਰਬੀਰ ਸਿੰਘ ਉਰਫ ਜਿੰਮੀ ਦੀ ਭਗਤਾ ਭਾਈਕਾ ਦੇ ਬੱਸ ਅੱਡੇ ਨੇੜੇ ਮਨੀਚੇਂਜਰ ਦੀ ਦੁਕਾਨ ਹੈ। ਇਥੇ ਉਸ ਦੇ ਪਿਤਾ ਮਨੋਹਰ ਲਾਲ ਬੈਠੇ ਹੋਏ ਸਨ। ਸ਼ੁੱਕਰਵਾਰ ਸ਼ਾਮ ਲਗਭਗ ਪੰਜ ਵਜੇ ਦੇ ਕਰੀਬ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਵਿਅਕਤੀ ਦੁਕਾਨ ‘ਤੇ ਆਏ ਅਤੇ ਮਨੋਹਰ ਲਾਲ ਨੂੰ ਗੋਲੀ ਮਾਰ ਦਿੱਤੀ। ਇਸ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ। ਪੂਰੀ ਘਟਨਾ ਨੂੰ ਉਨ੍ਹਾਂ ਨੇ ਸਿਰਫ 45 ਸੈਕੰਡ ‘ਚ ਅੰਜਾਮ ਦਿੱਤਾ। ਘਟਨਾ ਦੀ ਸੂਚਨਾ ਮਿਲਣ ‘ਤੇ ਥਾਣਾ ਦਿਆਲਪੁਰਾ ਦੀ ਪੁਲਿਸ ਮੌਕੇ ’ਤੇ ਪਹੁੰਚੀ।
ਹਮਲਾਵਰ ਵੱਲੋਂ ਚਾਰ ਫਾਇਰ ਕੀਤੇ ਗਏ ਸਨ। ਇੱਕ ਗੋਲੀ ਮਨੋਹਰ ਲਾਲ ਦੇ ਸਿਰ ‘ਚ ਲੱਗੀ ਸੀ ਤੇ ਦੂਜੀ ਉਸ ਦੀ ਬਾਂਹ ‘ਚ। ਸਿਰ ‘ਚ ਗੋਲੀ ਲੱਗਣ ਨਾਲ ਉਸ ਦੀ ਮੌਤ ਹੋ ਗਈ। ਦੱਸ ਦੇਈਏ ਕਿ ਦੋਸ਼ੀ ਜਤਿੰਦਰਬੀਰ ਸਿੰਘ ਉਰਫ ਜਿੰਮੀ ਨੂੰ ਮਲੇਸ਼ੀਆ ਤੋਂ ਪਰਤਦਿਆਂ ਦਿੱਲੀ ਏਅਰਪੋਰਟ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਉਸ ਉੱਤੇ ਭਗਤ ਭਾਈਕਾ ਖੇਤਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਗੁਟਕਾ ਸਾਹਿਬ ਦੀ ਬੇਅਦਬੀ ਕਰਨ ਦੇ ਦੋਸ਼ ਲੱਗੇ ਸਨ। ਪੁਲਿਸ ਨੇ ਜਿੰਮੀ ਨੂੰ ਗ੍ਰਿਫਤਾਰ ਕਰ ਲਿਆ, ਹਾਲਾਂਕਿ ਉਹ ਕੁਝ ਦਿਨਾਂ ਬਾਅਦ ਜ਼ਮਾਨਤ ‘ਤੇ ਬਾਹਰ ਆ ਗਿਆ ਸੀ।