ਸੁਧੀਰ ਸੂਰੀ ਕਤਲ ਮਾਮਲਾ : ਬੀ.ਐਮ.ਸੀ. ਚੌਕ ‘ਚ ਸ਼ਿਵ ਸੈਨਿਕਾਂ ਕੀਤਾ ਪ੍ਰਦਰਸ਼ਨ, ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਦੀਆਂ ਸਾੜੀਆਂ ਫੋਟੋਆਂ

0
400

ਜਲੰਧਰ | ਅੰਮ੍ਰਿਤਸਰ ਵਿਖੇ ਕੱਲ ਸ਼ਿਵ ਸੈਨਾ ਨੇਤਾ ਸੁਧੀਰ ਸੂਰੀ ਦੀ ਹੱਤਿਆ ਤੋਂ ਬਾਅਦ ਅੱਜ ਜਲੰਧਰ ਵਿਖੇ ਸ਼ਿਵ ਸੈਨਾ ਵੱਲੋਂ ਬੀਐਮਸੀ ਚੌਕ ਵਿਖੇ ਪ੍ਰਦਰਸ਼ਨ ਕੀਤਾ ਗਿਆ ਅਤੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਅਰੁਣਪਾਲ ਸਿੰਘ ਦੀਆਂ ਫੋਟੋਆਂ ਵੀ ਸਾੜੀਆਂ ਗਈਆਂ । ਇਸ ਮੌਕੇ ਸ਼ਿਵ ਸੈਨਾ ਆਗੂ ਇਸ਼ਾਂਤ ਸ਼ਰਮਾ ਨੇ ਕਿਹਾ ਕਿ ਕੱਲ ਅੰਮ੍ਰਿਤਸਰ ਵਿਖੇ ਇਕ ਸ਼ਿਵ ਸੈਨਾ ਦੇ ਸੀਨੀਅਰ ਆਗੂ ਦੀ ਉਸ ਵੇਲੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ, ਜਿਸ ਵੇਲੇ ਉਨ੍ਹਾਂ ਕੋਲ ਉਨ੍ਹਾਂ ਦੀ ਵਾਈ ਸ਼੍ਰੇਣੀ ਦੀ ਸੁਰੱਖਿਆ ਦੇ ਨਾਲ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਦੇ ਪੁਲਸ ਅਧਿਕਾਰੀ ਅਤੇ ਮੁਲਾਜ਼ਮ ਵੀ ਮੌਜੂਦ ਸੀ। ਉਨ੍ਹਾਂ ਨੇ ਇਸ ਘਟਨਾ ਦੀ ਕੜੇ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਕਿਹਾ ਕਿ ਜੇਕਰ ਇਕ ਆਗੂ ਜਿਸਦੇ ਕੋਲ ਇੰਨੀ ਸੁਰੱਖਿਆ ਮੌਜੂਦ ਹੋਵੇ, ਉਸ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਵੇ ਤਾਂ ਬਾਕੀ ਲੋਕਾਂ ਦਾ ਕੀ ਹੋਵੇਗਾ, ਜਿਨ੍ਹਾਂ ਕੋਲ ਮਹਿਜ਼ ਇੱਕ-ਇੱਕ ਮੁਲਾਜ਼ਮ ਸਕਿਓਰਿਟੀ ਦੇ ਤੌਰ ‘ਤੇ ਤਾਇਨਾਤ ਹੈ। ਉਨ੍ਹਾਂ ਕਿਹਾ ਕਿ ਸ਼ਿਵ ਸੈਨਾ ਨੂੰ ਪੰਜਾਬ ਪੁਲਿਸ ਦੀ ਕਿਸੀ ਸਕਿਓਰਿਟੀ ਦੀ ਲੋੜ ਨਹੀਂ। ਹੁਣ ਕੋਈ ਵੀ ਸ਼ਿਵ ਸੈਨਾ ਨੇਤਾ ਪੰਜਾਬ ਪੁਲਿਸ ਦੀ ਸਕਿਉਰਿਟੀ ਨਹੀਂ ਰੱਖੇਗਾ ਕਿਉਂਕਿ ਉਨ੍ਹਾਂ ਨੂੰ ਇਸ ਸਕਿਓਰਿਟੀ ‘ਤੇ ਕੋਈ ਵਿਸ਼ਵਾਸ ਹੀ ਨਹੀਂ । ਅੰਮ੍ਰਿਤਸਰ ਦੀ ਘਟਨਾ ਦਾ ਜ਼ਿਕਰ ਕਰਦੇ ਹੋਏ ਇਸ਼ਾਂਤ ਸ਼ਰਮਾ ਨੇ ਕਿਹਾ ਕਿ ਜਿਸ ਵੇਲੇ ਸੁਧੀਰ ਸੂਰੀ ਦੀ ਹੱਤਿਆ ਹੋਈ, ਉਸ ਵੇਲੇ ਉੱਥੇ ਭਾਰੀ ਗਿਣਤੀ ਵਿੱਚ ਪੁਲਿਸ ਮੌਜੂਦ ਸੀ ਪਰ ਉਨ੍ਹਾਂ ਦੇ ਹੱਥਾਂ ਵਿੱਚ ਫੜੇ ਹੋਏ ਹਥਿਆਰ ਸਿਰਫ ਖਿਲੌਣਾ ਸਾਬਤ ਹੋਏ, ਜਦਕਿ ਖ਼ੁਦ ਸ਼ਿਵ ਸੈਨਾ ਨੇਤਾਵਾਂ ਵੱਲੋਂ ਹੀ ਆਰੋਪੀ ਨੂੰ ਫੜ ਕੇ ਉਸ ਵੱਲੋਂ ਵਰਤਿਆ ਗਿਆ ਹਥਿਆਰ ਉਸ ਕੋਲੋਂ ਖੋਹ ਕੇ ਪੁਲੀਸ ਨੂੰ ਸੌਂਪਿਆ ਗਿਆ ।

ਇਸ਼ਾਂਤ ਸ਼ਰਮਾ ਨੇ ਇਹ ਵੀ ਕਿਹਾ ਕਿ ਜਲੰਧਰ ਵਿਖੇ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੇ ਉਪਲਕਸ਼ ਵਿੱਚ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ ਅਤੇ ਉਹ ਸਭ ਧਰਮਾਂ ਦੀਆਂ ਭਾਵਨਾਵਾਂ ਦਾ ਸਨਮਾਨ ਕਰਦੇ ਹਨ ਅਤੇ ਖੁਦ ਵੀ ਗੁਰੂ ਘਰ ਜਾ ਕੇ ਮੱਥਾ ਟੇਕਦੇ ਹਨ . ਇਸ ਲਈ ਜਲੰਧਰ ਵਿਖੇ ਸ਼ਿਵ ਸੈਨਾ ਵੱਲੋਂ ਬੰਦ ਵੀ ਘੋਲ ਨੂੰ ਵਾਪਸ ਲੈ ਲਿਆ ਗਿਆ ਹੈ.