ਮੂਸੇਵਾਲਾ ਦੀ ਸੋਚ ਨੂੰ ਤਸਵੀਰਾਂ ਰਾਹੀਂ ਜ਼ਿੰਦਾ ਰੱਖ ਰਿਹੈ ਇਹ ਬੰਦਾ, ਕਹਿੰਦਾ- ਜਦ ਤੱਕ ਜੀਵਾਂਗਾ, ਸਿੱਧੂ ਦੀਆਂ ਹੀ ਬਣਾਵਾਂਗਾ ਪੇਂਟਿੰਗਜ਼

0
1567

ਗੁਰਦਾਸਪੁਰ| ਸਿਆਣੇ ਕਹਿੰਦੇ ਨੇ ਕਿ ਇਨਸਾਨ ਮਰ ਜਾਂਦਾ ਹੈ ਪਰ ਉਸਦੀਆਂ ਯਾਦਾਂ ਹਮੇਸ਼ਾ ਜਿਊਂਂਦੀਆਂ ਰਹਿੰਦੀਆਂ ਹਨ। ਅਜਿਹਾ ਹੀ ਕੁਝ ਦੁਨੀਆਂ ਭਰ ਵਿਚ ਪੰਜਾਬ ਤੇ ਜ਼ਿਲ੍ਹਾ ਮਾਨਸਾ ਦਾ ਨਾਂ ਚਮਕਾਉਣ ਵਾਲੇ ਸਿੱਧੂ ਮੂਸੇਵਾਲਾ ਮਾਮਲੇ ਵਿਚ ਹੋਇਆ ਹੈ।

ਪੰਜਾਬ ਦੇ ਮਰਹੂਮ ਗਾਇਕ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਭਾਵੇਂ ਅੱਜ ਇਸ ਦੁਨੀਆਂ ਵਿੱਚ ਨਹੀਂ ਰਹੇ ਪਰ ਉਨ੍ਹਾਂ ਦੇ ਵਿਚਾਰ ਅਤੇ ਆਵਾਜ਼ ਉਨ੍ਹਾਂ ਦੇ ਚਹੇਤਿਆਂ ਦੇ ਦਿਲਾਂ ਵਿੱਚ ਹਮਸ਼ਾ ਵਸਦੀ ਰਹੇਗੀ। ਹੁਣ ਤੱਕ ਸਿੱਧੂ ਮੂਸੇਵਾਲਾ ਦੀਆਂ ਪੇਂਟਿੰਗਜ਼ ਬਹੁਤਿਆਂ ਨੇ ਬਣਾਈਆਂ ਹਨ ਪਰ ਜੋ ਕੰਮ ਗੁਰਦਾਸਪੁਰ ਦੇ ਰਹਿਣ ਵਾਲੇ ਰਾਜਾ ਪੇਂਟਰ ਨੇ ਕੀਤਾ ਹੈ, ਉਹ ਕੋਈ ਕੋਈ ਕਰ ਸਕਦਾ ਹੈ।

ਗੁਰਦਾਸਪੁਰ ਦੇ ਰਹਿਣ ਵਾਲੇ ਪੇਂਟਰ ਰਾਜਾ ਹੁਣ ਤੱਕ ਸਿੱਧੂ ਮੂਸੇਵਾਲਾ ਦੀਆਂ 150 ਤੋਂ ਵੱਧ ਪੇਂਟਿੰਗਾਂ ਬਣਾ ਚੁੱਕੇ ਹਨ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਸਿੱਧੂ ਦੇ ਜਾਣ ਤੋਂ ਬਾਅਦ ਸਿੱਧੂ ਮੂਸੇਵਾਲਾ ਨੇ ਉਨ੍ਹਾਂ ਨੂੰ ਰੁਜ਼ਗਾਰ ਦਿੱਤਾ ਹੈ। ਹੁਣ ਉਹ ਸਿੱਧੂ ਮੂਸੇਵਾਲਾ ਦੀਆਂ ਤਸਵੀਰਾਂ ਬਣਾ ਕੇ ਹੀ ਆਪਣਾ ਪਰਿਵਾਰ ਪਾਲ ਰਿਹਾ ਹੈ। ਰਾਜਾ ਨੇ ਸਿੱਧੂ ਦੀ ਮੌਤ ਪਿੱਛੋਂ ਇਹ ਪ੍ਰਣ ਲਿਆ ਸੀ ਕਿ ਹੁਣ ਉਹ ਹੋਰ ਕਿਸੇ ਦੀ ਪੇਂਟਿੰਗ ਨਹੀਂ ਬਣਾਏਗਾ, ਜੇ ਬਣਾਏਗਾ ਤਾਂ ਬਸ ਸਿੱਧੂ ਦੀ।

ਜਾਣਕਾਰੀ ਦਿੰਦਿਆਂ ਪੇਂਟਰ ਰਾਜਾ ਨੇ ਦੱਸਿਆ ਕਿ ਉਹ ਪਿਛਲੇ 20 ਸਾਲਾਂ ਤੋਂ ਪੇਂਟਰ ਵਜੋਂ ਕੰਮ ਕਰ ਰਿਹਾ ਹੈ ਅਤੇ ਕਈ ਗਾਇਕਾਂ ਅਤੇ ਅਭਿਨੇਤਰੀਆਂ ਦੀਆਂ ਪੇਂਟਿੰਗਾਂ ਬਣਾ ਚੁੱਕਾ ਹੈ ਪਰ ਕਿਸੇ ਵੀ ਗਾਇਕ ਜਾਂ ਅਦਾਕਾਰ ਨੇ ਉਸ ਦੀ ਪੇਂਟਿੰਗ ਆਪਣੇ ਸੋਸ਼ਲ ਮੀਡੀਆ ਪੇਜ ‘ਤੇ ਸ਼ੇਅਰ ਨਹੀਂ ਕੀਤੀ ਸੀ। ਜਦੋਂ ਸਿੱਧੂ ਮੂਸੇਵਾਲਾ ਜ਼ਿੰਦਾ ਸਨ ਤਾਂ ਉਨ੍ਹਾਂ ਨੇ ਉਸ ਦੀ ਇਕ ਪੇਂਟਿੰਗ ਬਣਾਈ ਅਤੇ ਉਸ ਪੇਂਟਿੰਗ ਨੂੰ ਆਪਣੇ ਸੋਸ਼ਲ ਮੀਡੀਆ ਪੇਜ ‘ਤੇ ਪੋਸਟ ਕੀਤਾ।

ਸਿੱਧੂ ਮੂਸੇਵਾਲਾ ਨੇ ਜਦੋਂ ਉਸ ਦੀ ਪੇਂਟਿੰਗ ਦੇਖੀ ਤਾਂ ਉਨ੍ਹਾਂ ਨੇ ਆਪਣੇ ਪੇਜ ‘ਤੇ ਸ਼ੇਅਰ ਕੀਤੀ। ਬਸ ਉਦੋਂ ਤੋਂ ਰਾਜੇ ਨੇ ਸਿੱਧੂ ਮੂਸੇਵਾਲਾ ਦੀਆਂ ਪੇਂਟਿੰਗਜ਼ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ। ਜਦੋਂ ਸਿੱਧੂ ਮੂਸੇਵਾਲਾ ਦੀ ਮੌਤ ਹੋਈ ਤਾਂ ਉਹ ਬਹੁਤ ਦੁਖੀ ਹੋਇਆ ਅਤੇ ਬਾਅਦ ਵਿੱਚ ਉਸਨੇ ਸੋਚਿਆ ਕਿ ਅੱਜ ਤੋਂ ਬਾਅਦ ਉਹ ਸਿੱਧੂ ਮੂਸੇਵਾਲਾ ਦੀਆਂ ਪੇਂਟਿੰਗਾਂ ਹੀ ਬਣਾਏਗਾ। ਇਸ ਤੋਂ ਬਾਅਦ ਬਹੁਤ ਸਾਰੇ ਲੋਕਾਂ ਨੇ ਉਸ ਨੂੰ ਮੂਸੇਵਾਲਾ ਦੀਆਂ ਪੇਂਟਿੰਗਜ਼ ਬਣਾਉਣ ਦੇ ਆਰਡਰ ਦਿੱਤੇ। ਉਸ ਦਾ ਰੁਜ਼ਗਾਰ ਵੀ ਚੰਗਾ ਚੱਲਣ ਲੱਗਾ। ਸਿੱਧੂ ਦੇ ਮਾਤਾ-ਪਿਤਾ ਨੇ ਰਾਜਾ ਪੇਂਟਰ ਨਾਲ ਵੀਡੀਓ ਕਾਲ ‘ਤੇ ਗੱਲ ਕੀਤੀ ਹੈ ਅਤੇ ਰਾਜਾ ਜਲਦ ਹੀ ਸਿੱਧੂ ਦੇ ਮਾਤਾ-ਪਿਤਾ ਨੂੰ ਮਿਲਣ ਜਾਣਗੇ।