ਚੰਡੀਗੜ੍ਹ. ਕੋਰੋਨਾ ਸੰਕਟ ਕਾਲ ਵਿਚ ਪੀਜੀਆਈ ਚੰਡੀਗੜ੍ਹ ਨੂੰ ਵੱਡੀ ਕਾਮਯਾਬੀ ਹੱਥ ਲੱਗਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਪੀਜੀਆਈ ਨੇ ਦਾਅਵਾ ਕੀਤਾ ਕਿ ਕੋਰੋਨਾ ਵਾਇਰਸ ਦੀ ਵੈਕਲਪਿਕ ਦਵਾਈ ਦੇ ਤੌਰ ਉਤੇ ਸ਼ੁਰੂ ਕੀਤੇ ਸੈਫਟੀ ਟਰਾਇਲ ਵਿਚ ਚੰਗਾ ਨਤੀਜਾ ਮਿਲਿਆ ਹੈ।
ਨਿਊਜ਼ ਏਜੰਸੀ ਹਿੰਦੁਸਤਾਨ ਸਮਾਚਾਰ ਅਨੁਸਾਰ ਪੀਜੀਆਈ ਨੇ ਕੋਹੜ ਰੋਗ ਦੇ ਇਲਾਜ ਵਿਚ ਦਿੱਤੀ ਜਾਣ ਵਾਲੀ ਦਵਾਈ ਮਾਈਕੋਵੈਕਟੇਰੀਅਮ ਡਬਲਿਊ ਵੈਕਸੀਨ ਦਾ ਕਰੀਬ 4 ਮਰੀਜ਼ਾਂ ਉੱਤੇ ਪਰੀਖਣ ਕੀਤਾ, ਜਿਸਦੇ ਨਤੀਜੇ ਚੰਗੇ ਨਜ਼ਰ ਆਏ ਹਨ।
ਹਸਪਤਾਲ ਦਾ ਦਾਅਵਾ ਹੈ ਕਿ ਜਿਨ੍ਹਾਂ ਨੂੰ ਕੋਰੋਨਾ ਇਲਾਜ ਦੌਰਾਨ ਆਕਸੀਜਨ ਦੀ ਲੋੜ ਸੀ, ਉਨ੍ਹਾਂ ਮਰੀਜ਼ਾਂ ਨੂੰ ਐਮਡਬਲਿਊ ਵੈਕਸੀਨ ਦੀ 0.3 ਐਮ ਐਲ ਦਵਾਈ ਦੇ ਟੀਕੇ ਦੇਣ ਨਾਲ ਕਾਫੀ ਸੁਧਾਰ ਹੋਇਆ ਹੈ।
ਹਸਪਤਾਲ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਮਰੀਜ਼ਾਂ ਉੱਤੇ ਡਾਕਟਰਾਂ ਨੇ 3 ਦਿਨ ਇਸ ਦਵਾਈ ਦੀ ਵਰਤੋਂ ਕੀਤੀ ਅਤੇ ਦੇਖਿਆ ਗਿਆ ਕਿ ਮਰੀਜ਼ ਉਤੇ ਵੈਕਸੀਨ ਦੀ ਵਰਤੋਂ ਬਿਲਕੁਲ ਸੁਰੱਖਿਅਤ ਅਤੇ ਸਹੀ ਹੈ।
ਦੱਸਣਯੋਗ ਹੈ ਕਿ ਇਸ ਦਵਾਈ ਦੀ ਵਰਤੋਂ ਪਹਿਲਾਂ ਕੇਵਲ ਕੋਹੜ, ਤਪੇਦਿਕ ਅਤੇ ਨਿਮੋਨੀਆ ਗ੍ਰਸਤ ਮਰੀਜ਼ਾਂ ਉਤੇ ਵੀ ਕੀਤੀ ਜਾਂਦੀ ਸੀ ਅਤੇ ਉਨ੍ਹਾਂ ਵਿਚ ਵੀ ਦਵਾਈ ਦੀ ਵਰਤੋਂ ਨੂੰ ਸੁਰੱਖਿਅਤ ਪਾਇਆ ਗਿਆ ਸੀ। ਹੁਣ ਕੋਰੋਨਾ ਦੇ ਮਰੀਜ਼ਾਂ ਉਤੇ ਵੀ ਦਵਾਈ ਸੁਰੱਖਿਅਤ ਪਾਈ ਗਈ ਹੈ।
ਪੀਜੀਆਈ ਚੰਡੀਗੜ੍ਹ ਨੂੰ ਭਾਰਤ ਸਰਕਾਰ ਨੇ ਪਿਛਲੇ ਹਫਤੇ ਵੈਕਸੀਨ ਦੇ ਕਲੀਨਿਕਲ ਟਰਾਈਲ ਲਈ ਚੁਣਿਆ ਸੀ। ਕੌਂਸਲ ਆਫ ਸਾਇੰਸ ਐਂਡ ਇੰਡਸਟਰੀਅਲ ਰਿਸਰਚ ਨੇ ਕੋਰੋਨਾ ਲਈ ਵੈਕਸੀਨ ਐਮ ਡਬਲਿਊ ਦਾ ਕਲੀਨਿਕ ਟਰਾਇਲ ਦੀ ਮਨਜ਼ੂਰੀ ਦਿੱਤੀ ਸੀ।
ਹਸਪਤਾਲ ਪ੍ਰਸ਼ਾਸਨ ਨੇ ਦੱਸਿਆ ਕਿ ਜੇਕਰ ਇਸ ਨੂੰ ਸਰਕਾਰ ਤੋਂ ਮਨਜ਼ੂਰੀ ਮਿਲ ਜਾਂਦੀ ਹੈ ਤਾਂ ਆਉਣ ਵਾਲੇ ਦਿਨਾਂ ਵਿਚ ਇਹ ਵੈਕਸੀਨ ਕੋਰੋਨਾ ਦੇ ਮਰੀਜ਼ਾਂ ਉਤੇ ਹੋਰ ਥਾਵਾਂ ਉਤੇ ਵੀ ਪਰਖੀ ਜਾਵੇਗੀ।
ਸੀ ਐਸ ਆਈ ਆਰ ਗੁਜਰਾਤ ਦੀ ਫਾਰਮਾ ਕੰਪਨੀ ਕੈਡਿਲਾ ਹੈਲਥਕੇਅਰ ਲਿਮਟਿਡ ਨਾਲ ਮਿਲਕੇ ਐਮਡਬਲਿਊ ਵੈਕਸੀਨ ਦਾ ਕੋਰੋਨਾ ਵਾਇਰਸ ਉਤੇ ਕਲੀਨਿਕਲ ਟਰਾਇਲ ਅੱਗੇ ਵੀ ਜਾਰੀ ਰਹੇਗਾ। ਇਸ ਕਲੀਨਿਕਲ ਟਰਾਇਲ ਵਿਚ ਪੀਜੀਆਈ ਚੰਡੀਗੜ੍ਹ ਨਾਲ ਦਿੱਲੀ ਏਮਜ਼ ਅਤੇ ਭੋਪਾਲ ਦੇ ਏਮਜ਼ ਨੂੰ ਵੀ ਮਨਜ਼ੂਰੀ ਮਿਲੀ ਹੈ।
ਪੀਜੀਆਈ ਚੰਡੀਗੜ੍ਹ ਤੋਂ ਇਲਾਵਾ ਕੋਰੋਨਾ ਮਰੀਜ਼ਾਂ ਉਤੇ ਇਸ ਦਵਾਈ ਦਾ ਟਰਾਇਲ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸ (ਏਮਸ) ਦਿੱਲੀ ਅਤੇ ਭੋਪਾਲ ਵਿਚ ਵੀ ਕੀਤਾ ਜਾ ਰਿਹਾ ਹੈ। ਚੰਡੀਗੜ੍ਹ ਦੇ ਪੀਜੀਆਈ ਵਿਚ ਇਸ ਸਮੇਂ ਕੋਰੋਨਾ ਦੇ 12 ਮਰੀਜ਼ਾਂ ਦਾ ਇਲਾਜ ਚਲ ਰਿਹਾ ਹੈ।