ਸਟੂਡੈਂਟ ‘ਤੇ ਹੋਇਆ ਤਲਵਾਰਾਂ ਤੇ ਗੰਡਾਸਿਆਂ ਨਾਲ ਹਮਲਾ, ਉਂਗਲੀ ਕੱਟੀ, 2 ਦਿਨ ਪਹਿਲਾਂ ਹੀ ਪ੍ਰਿੰਸੀਪਲ ਨੇ ਕਰਵਾਇਆ ਸੀ ਸਮਝੌਤਾ

0
1844

ਜਗਰਾਓਂ (ਲੁਧਿਆਣਾ) | ਸਬਜ਼ੀ ਮੰਡੀ ਰੋਡ ‘ਤੇ ਪ੍ਰਾਈਵੇਟ ਸਕੂਲ ਦੇ ਬਾਹਰ ਕੁਝ ਨੌਜਵਾਨਾਂ ਨੇ ਤਲਵਾਰਾਂ ਅਤੇ ਗੰਡਾਸਿਆਂ ਨਾਲ ਸਕੂਲੀ ਵਿਦਿਆਰਥੀ ‘ਤੇ ਹਮਲਾ ਕਰ ਦਿੱਤਾ। ਆਰੋਪੀਆਂ ਨੇ ਉਸ ਦੇ ਹੱਥ ਦੀ ਉਂਗਲੀ ਕੱਟ ਦਿੱਤੀ। ਜ਼ਖਮੀ ਵਿਦਿਆਰਥੀ ਨੂੰ ਤੁਰੰਤ ਉਸ ਦੇ ਦੋਸਤਾਂ ਨੇ ਸਰਕਾਰੀ ਹਸਪਤਾਲ ਦਾਖਲ ਕਰਵਾਇਆ।

ਡਾਕਟਰਾਂ ਨੇ ਵਿਦਿਆਰਥੀ ਦੀ ਉਂਗਲੀ ਨੂੰ ਟਾਂਕੇ ਲਗਾ ਕੇ ਜੋੜ ਦਿੱਤਾ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਮੌਕੇ ਤੋਂ ਉਹ ਕਾਰ ਵੀ ਕਬਜ਼ੇ ‘ਚ ਲੈ ਲਈ ਹੈ, ਜਿਸ ਵਿੱਚ ਨੌਜਵਾਨ ਆਏ ਸਨ। 2 ਦਿਨ ਪਹਿਲਾਂ ਇਕ ਪੱਖ ਦੇ ਲੋਕਾਂ ਨੇ ਦੂਸਰੇ ਪੱਖ ਦੇ ਲੋਕਾਂ ‘ਤੇ ਸਕੂਲ ਗੇਟ ਅੱਗੇ ਹੀ ਹਮਲਾ ਕਰ ਦਿੱਤਾ। ਇਸ ਦੌਰਾਨ ਹਮਲਾਵਰਾਂ ਦੇ ਹੱਥਾਂ ‘ਚ ਤਲਵਾਰਾਂ ਅਤੇ ਗੰਡਾਸੇ ਵੇਖ ਕੇ ਹਫੜਾ-ਦਫੜੀ ਮਚ ਗਈ। ਇਸ ਦੌਰਾਨ ਪ੍ਰਿੰਸੀਪਲ ਨੇ ਇਨ੍ਹਾਂ ਦਾ ਸਮਝੌਤਾ ਕਰਵਾ ਦਿੱਤਾ ਸੀ।

ਸਕੂਲੀ ਬੱਚੇ ਹਥਿਆਰਬੰਦ ਨੌਜਵਾਨਾਂ ਨੂੰ ਵੇਖ ਕੇ ਜਾਨ ਬਚਾਉਣ ਲਈ ਇਧਰ-ਉਧਰ ਭੱਜਣ ਲੱਗ ਪਏ। ਇਸ ਦੌਰਾਨ ਹਮਲੇ ‘ਚ ਇਕ ਵਿਦਿਆਰਥੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ।

ਦੋਸਤ ਬਚਾਉਣ ਆਇਆ ਤਾਂ ਉਸ ‘ਤੇ ਵੀ ਕਰ ਦਿੱਤਾ ਹਮਲਾ

ਜਦੋਂ ਜ਼ਖਮੀ ਵਿਦਿਆਰਥੀ ਦਾ ਦੋਸਤ ਉਸ ਨੂੰ ਛੁਡਾਉਣ ਆਇਆ ਤਾਂ ਹਮਲਾਵਾਰਾਂ ਨੇ ਹਮਲਾ ਕਰ ਕੇ ਉਸ ਨੂੰ ਵੀ ਜ਼ਖਮੀ ਕਰ ਦਿੱਤਾ। ਪੁਲਿਸ ਨੇ ਜਾਂਚ ਸ਼ੁਰੂ ਕਰਦੇ ਹੋਏ ਹਸਪਤਾਲ ‘ਚ ਦਾਖਲ ਨੌਜਵਾਨ ਦੇ ਬਿਆਨ ‘ਤੇ ਕਾਰਵਾਈ ਸ਼ੁਰੂ ਕਰ ਦਿੱਤੀ।

ਥਾਣਾ ਸਿਟੀ ਦੇ ਇੰਚਾਰਜ ਨਿਧਾਨ ਸਿੰਘ ਨੇ ਦੱਸਿਆ ਕਿ ਪੁਲਿਸ ਸੀਸੀਟੀਵੀ ਕੈਮਰੇ ਜਾਂਚ ਰਹੀ ਹੈ, ਜਲਦੀ ਹੀ ਸਾਰੇ ਆਰੋਪੀਆਂ ਨੂੰ ਪਛਾਣ ਕੇ ਕਾਰਵਾਈ ਕੀਤੀ ਜਾਵੇਗੀ।

(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)