ਜਲੰਧਰ ‘ਚ ਅੱਜ ਤੋਂ ਨਾਇਟ ਕਰਫਿਊ ਦੌਰਾਨ ਹੋਵੇਗੀ ਪੂਰੀ ਸਖਤੀ, ਕਮਿਸ਼ਨਰ ਨੇ ਦਿੱਤੇ ਕਾਰਵਾਈ ਦੇ ਹੁਕਮ

0
931

ਜਲੰਧਰ | ਪੰਜਾਬ ਸਰਕਾਰ ਦੇ ਹੁਕਮਾਂ ਮੁਤਾਬਿਕ ਅੱਜ ਤੋਂ ਨਾਇਟ ਕਰਫਿਊ ਮੁੜ ਲਾਗੂ ਹੋ ਜਾਵੇਗਾ। ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ ਕਰਫਿਊ ਰਹੇਗਾ।

ਨਾਇਟ ਕਰਫਿਊ ਦੌਰਾਨ ਜਲੰਧਰ ਵਿੱਚ ਪੂਰੀ ਸਖਤੀ ਕੀਤੀ ਜਾਵੇਗੀ। ਪੁਲਿਸ ਕਮਿਸ਼ਨਰ ਗੁਰਪ੍ਰੀਤ ਭੁੱਲਰ ਨੇ ਫੀਲਡ ਅਫਸਰਾਂ ਨੂੰ ਕਰਫਿਊ ਦੀ ਉਲੰਘਣਾ ਕਰਨ ਵਾਲਿਆਂ ‘ਤੇ ਸਖਤ ਤੋਂ ਸਖਤ ਕਾਰਵਾਈ ਦੇ ਹੁਕਮ ਦੇ ਦਿੱਤੇ ਹਨ।

ਪੁਲਿਸ ਕਮਿਸ਼ਨਰ ਨੇ ਡੀਸੀਪੀ ਗੁਰਮੀਤ ਸਿੰਘ, ਨਰੇਸ਼ ਡੋਗਰਾ ਅਤੇ ਅਰੁਣ ਸੈਣੀ ਦੇ ਨਾਲ ਪੁਲਿਸ ਦੇ ਸਮੁੱਚੇ ਵਧੀਕ ਡਿਪਟੀ ਕਮਿਸ਼ਨਰਾਂ (ਏਡੀਸੀਪੀਜ਼), ਸਹਾਇਕ ਪੁਲਿਸ ਕਮਿਸ਼ਨਰਾਂ (ਏਸੀਪੀਜ਼) ਅਤੇ ਐਸਐਚਓਜ਼ ਨਾਲ ਮੰਗਲਵਾਰ ਨੂੰ ਪੁਲਿਸ ਲਾਈਨਜ਼ ਵਿੱਚ ਮੀਟਿੰਗ ਕੀਤੀ। ਇਸ ਤੋਂ ਬਾਅਦ ਸਾਰਿਆਂ ਨੂੰ ਹੁਕਮ ਦਿੱਤੇ ਗਏ ਹਨ।

ਭੁੱਲਰ ਨੇ ਫੀਲਡ ਅਧਿਕਾਰੀਆਂ ਨੂੰ ਸਖਤ ਹਦਾਇਤਾਂ ਜਾਰੀ ਕੀਤੀਆਂ ਕਿ ਰਾਤ ਨੂੰ 10 ਵਜੇ ਤੋਂ ਸਵੇਰੇ 5 ਵਜੇ ਤੱਕ ਸੜਕਾਂ ‘ਤੇ ਵਿਅਕਤੀਆਂ ਦੀ ਕੋਈ ਗਤੀਵਿਧੀ ਅਤੇ ਗੈਰ ਜ਼ਰੂਰੀ ਕੰਮ ਨਾ ਹੋਣ ਨੂੰ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਸਾਰੇ ਹੋਟਲ, ਰੈਸਟੋਰੈਂਟ, ਮੈਰਿਜ ਪੈਲੇਸ ਅਤੇ ਹੋਰ ਪ੍ਰਾਹੁਣਚਾਰੀ ਇਕਾਈਆਂ ਰਾਤ ਨੂੰ 9.30 ਵਜੇ ਤੱਕ ਬੰਦ ਹੋਣੇ ਚਾਹੀਦੇ ਹਨ।

ਉਨ੍ਹਾਂ ਅਧਿਕਾਰੀਆਂ/ਕਰਮਚਾਰੀਆਂ ਨੂੰ ਲੋਕਾਂ ਵੱਲੋਂ ਬਾਹਰ ਨਿਕਲਣ ‘ਤੇ ਕੋਵਿਡ ਪ੍ਰੋਟੋਕਾਲਜ਼, ਜਿਸ ਵਿੱਚ ਮਾਸਕ ਪਹਿਨਣਾ ਅਤੇ ਸਰੀਰਕ ਦੂਰੀ ਅਤੇ ਹੋਰ ਸ਼ਾਮਲ ਹੈ ਦੀ ਪਾਲਣਾ ਯਕੀਨੀ ਬਣਾਉਣ ਲਈ ਕਿਹਾ।

ਉਨ੍ਹਾਂ ਕਿਹਾ ਕਿ ਰਾਤ ਦੇ ਕਰਫਿਊ/ਕੋਵਿਡ ਪ੍ਰੋਟੋਕੋਲ ਦੀ ਉਲੰਘਣਾ ਕਰਨ ਵਾਲਿਆਂ ਨਾਲ ਸਖਤੀ ਨਾਲ ਨਜਿੱਠਿਆ ਜਾਵੇਗਾ। ਉਨ੍ਹਾਂ ਫੀਲਡ ਅਫਸਰਾਂ ਨੂੰ 24 ਘੰਟੇ ਚੌਕਸੀ ਵਧਾਉਣ ਅਤੇ ਆਪਣੇ ਅਧਿਕਾਰ ਖੇਤਰਾਂ ਵਿੱਚ ਯੋਜਨਾਬੱਧ ਢੰਗ ਨਾਲ ਦੌਰੇ ਕਰਨ ਦੀਆਂ ਹਦਾਇਤਾਂ ਦਿੱਤੀਆਂ । ਉਨ੍ਹਾਂ ਅਪਰਾਧੀਆਂ/ਆਦਤਨ ਅਪਰਾਧੀਆਂ ਦੀਆਂ ਗਤੀਵਿਧੀਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਨੱਥ ਪਾਉਣ ਅਤੇ ਉਨ੍ਹਾਂ ਖਿਲਾਫ਼ ਸਖਤ ਕਾਰਵਾਈ ਕਰਨ ਲਈ ਹਰ ਸੰਭਵ ਕਦਮ ਚੁੱਕਣ ਦੇ ਹੁਕਮ ਦਿੱਤੇ ।

ਉਨ੍ਹਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਊਣਤਾਈ ਲਈ ਸਬੰਧਤ ਖੇਤਰ ਦਾ ਅਧਿਕਾਰੀ ਜਵਾਬਦੇਹ ਹੋਵੇਗਾ।