ਅੰਮ੍ਰਿਤਸਰ ’ਚ ਅਨੋਖੀ ਚੋਰੀ : ਮਾਮੇ ਨੇ ਭਣੇਵਿਆਂ ’ਤੇ ਮਾਂ ਦੀਆਂ ਅਸਥੀਆਂ ਚੋਰੀ ਕਰਨ ਦੇ ਲਗਾਏ ਇਲਜ਼ਾਮ

0
260

ਅੰਮ੍ਰਿਤਸਰ/ਚੇਤਨਪੁਰਾ, 11 ਦਸੰਬਰ | ਪਿੰਡ ਕੰਦੋਵਾਲੀ ਵਿਖੇ ਇਕ ਅਨੋਖੀ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿਚ ਇਕ ਵਿਅਕਤੀ ਵੱਲੋਂ ਆਪਣੇ ਭਣੇਵਿਆਂ ’ਤੇ ਮਾਤਾ ਦੇ ਫੁੱਲ (ਅਸਥੀਆਂ) ਚੋਰੀ ਕਰਨ ਦੇ ਇਲਜ਼ਾਮ ਲਗਾਏ ਹਨ। ਤਰਲੋਚਨ ਸਿੰਘ ਵਾਸੀ ਕੰਦੋਵਾਲੀ ਨੇ ਦੱਸਿਆ ਕਿ ਮੇਰੀ ਭੈਣ ਜਸਬੀਰ ਕੌਰ ਪਿੰਡ ਰਮਾਣੇਚੱਕ ਵਿਆਹੀ ਹੋਈ ਸੀ ਤੇ ਉਸ ਦੀ ਆਪਣੇ ਪੁੱਤਰ ਧਰਮ ਸਿੰਘ ਸਾਬਕਾ ਸਰਪੰਚ, ਪਲਵਿੰਦਰ ਸਿੰਘ ਫੌਜੀ ਰਮਾਣੇਚੱਕ ਨਾਲ ਅਣਬਣ ਰਹਿੰਦੀ ਸੀ, ਜਿਸ ਕਰਕੇ ਮੇਰੀ ਭੈਣ ਕਰੀਬ 6 ਸਾਲ ਤੋਂ ਮੇਰੇ ਕੋਲ ਕੰਦੋਵਾਲੀ ਵਿਖੇ ਰਹਿ ਰਹੀ ਸੀ।

ਉਨ੍ਹਾਂ ਦੱਸਿਆ ਕਿ 4 ਦਿਨ ਪਹਿਲਾਂ ਜਸਬੀਰ ਕੌਰ ਦੀ ਮੌਤ ਹੋ ਗਈ ਸੀ ਪਰ ਭੈਣ ਜਸਬੀਰ ਦੇ ਬੇਟੇ ਧਰਮ ਸਿੰਘ ਅਤੇ ਪਲਵਿੰਦਰ ਸਿੰਘ ਨੇ ਆਪਣੀ ਮਾਤਾ ਦੀ ਮ੍ਰਿਤਕ ਦੇਹ ਲਿਜਾਣ ਦੀ ਜ਼ਿੱਦ ਕੀਤੀ ਪਰ ਅਸੀਂ ਮ੍ਰਿਤਕ ਦੇਹ ਨਹੀਂ ਲਿਜਾਣ ਦਿੱਤੀ ਤੇ ਉਸ ਦਾ ਸਸਕਾਰ ਕੰਦੋਵਾਲੀ ਵਿਖੇ ਕਰ ਦਿੱਤਾ। ਭੈਣ ਨੇ ਮਰਨ ਤੋਂ ਪਹਿਲਾਂ ਕਿਹਾ ਸੀ ਕਿ ਮੇਰੀ ਮੌਤ ਤੋਂ ਬਾਅਦ ਮੇਰਾ ਸਸਕਾਰ ਵਗੈਰਾ ਸਭ ਤੂਂ ਹੀ ਕਰਨਾ ਹੈ।

ਉਨ੍ਹਾਂ ਦੱਸਿਆ ਕਿ ਜਦੋਂ ਅਸੀਂ ਚੌਥੇ ਦੀ ਰਸਮ ਕਰਨ ਲਈ ਸ਼ਮਸ਼ਾਨਘਾਟ ਵਿਖੇ ਪਹੁੰਚੇ ਤਾਂ ਉਥੇ ਭੈਣ ਜਸਬੀਰ ਕੌਰ ਦੇ ਫੁੱਲ (ਅਸਥੀਆਂ) ਨਹੀਂ ਸਨ। ਉਨ੍ਹਾਂ ਇਲਜ਼ਾਮ ਲਗਾਉਂਦਿਆਂ ਦੱਸਿਆ ਕਿ ਮ੍ਰਿਤਕ ਜਸਬੀਰ ਕੌਰ ਦੇ ਫੁੱਲ ਰਾਤ ਹੀ ਉਸ ਦੇ ਉਕਤ ਪੁੱਤਰ ਚੋਰੀ ਕਰਕੇ ਲੈ ਗਏ ਹਨ, ਜਿਸ ਸਬੰਧੀ ਲਿਖਤੀ ਦਰਖ਼ਾਸਤ ਅਸੀਂ ਥਾਣਾ ਝੰਡੇਰ ਵਿਖੇ ਦੇ ਦਿੱਤੀ ਹੈ।