ਕਹਾਣੀ – ‘ਕੱਲ੍ਹ ਵੀ ਆਉਣੈ’

0
2647
ਬਿੰਦਰ ਬਸਰਾ ਕਹਾਣੀਕਾਰ ਤੇ ਪੱਤਰਕਾਰ ਹਨ। ਉਹਨਾਂ ਦੀ ਕਹਾਣੀ ਕੱਲ੍ਹ ਵੀ ਆਉਣੈ 2019 ਦੀਆਂ ਬਿਹਤਰੀਨ ਕਹਾਣੀਆਂ ‘ਚੋਂ ਚੁਣ ਕੇ ਉਰਮਿਲਾ ਆਨੰਦ ਪੁਰਸਕਾਰ ਨਾਲ ਨਿਵਾਜ਼ੀ ਗਈ ਹੈ। ਲੇਖਕ ਨਾਲ 9876546675 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

ਸ਼ਿਲਪੀ ਦੇ ਬੁੱਲ੍ਹਾ ’ਤੇ ਨਹੀਂ, ਸੋਚਾਂ ’ਚ ਅੱਜ ਇਕੋ ਸ਼ਬਦ ਘੁੰਮ ਰਿਹਾ ਸੀ।
‘ਰੁਟੀਨ’
ਬਹੁਮੰਜ਼ਿਲੀ ਇਮਾਰਤ ’ਚ ਆਪਣੇ ਦਫ਼ਤਰ ਦੀਆਂ ਪੌੜੀਆਂ ਚੜ੍ਹਦਿਆਂ ਇਹ ਹੋਰ ਵੀ ਜ਼ੋਰ ਨਾਲ
ਗੂੰਜਿਆ। ਉਸ ਦਾ ਸਾਹ ਭਾਵੇਂ ਉਖੜਿਆ ਨਹੀਂ ਸੀ ਪਰ ਖਿੱਚਵਾਂ ਜਿਹਾ ਮਹਿਸੂਸ ਹੋਇਆ। ਪਤਾ
ਨਹੀਂ ਕਿਉਂ ਅੱਜ ਉਹਨੂੰ ਲਿਫਟ ਚੜ੍ਹਨਾ ਚੰਗਾ ਨਾ ਲੱਗਾ। ਉਸ ਦੇ ਪੈਰ ਪਹਿਲਾਂ ਪੌੜੀਆਂ ਦੀ ਗਿਣਤੀ
ਆਪੇ ਦੱਸ ਦਿੰਦੇ ਸਨ। ਫੇਰ ਉਹ ਲਿਫਟ ਰਾਹੀਂ ਚੜ੍ਹਨਾ ਚੰਗਾ ਸਮਝਣ ਲੱਗੀ। ਅੱਜ ਉਸ ਨੇ ਇਕਇਕ ਪੌਡਾ ਗਿਣ ਕੇ ਪੌੜੀਆਂ ਦਾ ਪੈਂਡਾ ਮੁਕਾਇਆ। ਪਤਾ ਨਹੀਂ ਇਹ ਸਭ ਉਸ ਤੋਂ ਆਪਣੇ ਆਪ ਹੋ
ਗਿਆ ਜਾਂ ਉਸ ਨੇ ਰੁਟੀਨ ਤੋੜਨ ਦਾ ਫ਼ੈਸਲਾ ਕਰ ਲਿਆ ਸੀ। ਲਿਫਟ ਛੱਡ ਕੇ ਪੌੜੀਆਂ ਰਾਹੀਂ
ਦਫ਼ਤਰ ਪਹੁੰਚਣਾ ਉਹਦਾ ਰੁਟੀਨ ਤੋਂ ਹਟ ਕੇ ਤੁਰਨ ਵੱਲ ਪਹਿਲਾ ਕਦਮ ਸੀ।
ਸ਼ਿਲਪੀ ਨੇ ਕਾਹਲੀ ਨਾਲ ਹਾਜ਼ਰੀ ਲਾਉਣ ਲਈ ਬਾਇਓਮਟਿ੍ਰਕ ਮਸ਼ੀਨ ’ਤੇ ਪੰਚਿੰਗ ਲਈ ਉਂਗਲੀ
ਦਬਾਈ। ਮਸ਼ੀਨ ਨੇ ‘ਨਾਟ ਮੈਚਡ’ ਦਾ ਸਿਗਨਲ ਦਿੱਤਾ। ਉਸ ਨੇ ਕਾਹਲੀ ਨਾਲ ਉਂਗਲ ਆਪਣੀ
ਜੀਨ ’ਤੇ ਰਗੜਨ ਬਾਰੇ ਸੋਚਿਆ। ਫੇਰ ਰੁਕ ਗਈ। ਸ਼ਾਇਦ ਇਹ ਸੋਚ ਕੇ ਕਿਤੇ ਮੈਲੀ ਨਾ ਹੋ ਜਾਵੇ।
ਉਸ ਨੇ ਪਰਸ ’ਚੋਂ ਰੁਮਾਲ ਕੱਢ ਉਂਗਲ ਪੂੰਝੀ। ਦੋਬਾਰਾ ਮਸ਼ੀਨ ’ਤੇ ਰੱਖੀ। ਰਿੰਗ ਵੱਜੀ ਤਾਂ ਉਸ
ਸਕਰੀਨ ’ਤੇ ਆਪਣਾ ਨਾਂ ਦੇਖ ਸ਼ੁਕਰ ਕੀਤਾ। ਉਹ ਸੋਚਣ ਲੱਗੀ ਉਂਗਲ ਨੂੰ ਥਿੰਦਾ ਕਿੱਥੋਂ ਲਗ
ਗਿਆ। ਉਹ ਯਾਦ ਕਰਨ ਲੱਗੀ। ਸਵੇਰੇ ਬੱਚਿਆਂ ਨੂੰ ਸਕੂਲ ਤੋਰਨ ਲਈ ਉਨ੍ਹਾਂ ਦੇ ਟਿਫਨ ਤਿਆਰ
ਕਰਨ ਪਿੱਛੋਂ ਉਸ ਨੇ ਦਫ਼ਤਰੋਂ ਲੇਟ ਹੋ ਰਹੇ ਪਤੀ ਨੂੰ ਕਾਹਲੀ ’ਚ ਨਾਸ਼ਤਾ ਕਰਾਇਆ। ਉਨ੍ਹਾਂ ਦਾ
ਟਿਫਨ ਪੈਕ ਕਰ ਉਸ ਚਾਹ ਦਾ ਕੱਪ ਅਜੇ ਚੁੱਕਿਆ ਹੀ ਸੀ ਕਿ ਕਮਰੇ ’ਚੋਂ ਸਹੁਰੇ ਦੀ ਆਵਾਜ਼ ਸੁਣਾਈ
ਦਿੱਤੀ।
‘ਖਾਣ ਨੂੰ ਕੁਝ ਮਿਲੇਗਾ, ਮੇਰਾ ਦਵਾਈ ਦਾ ਟਾਇਮ ਹੋ ਗਿਆ।’ ਉਸ ਖਿਝੀ ਨੇ ਕੱਪ ਉੱਥੇ ਰੱਖ ਦਿੱਤਾ।
ਸਹੁਰੇ ਨੂੰ ਖਾਣ ਲਈ ਕੁਝ ਦੇ ਕੇ ਵਿਹਲੀ ਹੋਈ ਤਾਂ ਉਸ ਦੀ ਚਾਹ ਪਾਣੀ ਬਣ ਚੁੱਕੀ ਸੀ। ਚਾਹ ਪੀਣ
ਦਾ ਖ਼ਿਆਲ ਛੱਡ ਉਹ ਸੱਸ-ਸਹੁਰੇ ਲਈ ਦੁਪਹਿਰ ਦਾ ਖਾਣਾ ਬਣਾਉਣ ਲੱਗ ਪਈ। ਉਸ ਨੂੰ ਇਸ ਕੰਮ
’ਚ ਕਾਫ਼ੀ ਸਮਾਂ ਲੱਗ ਗਿਆ। ਪਤਾ ਨਹੀਂ ਸਲੰਡਰ ਮੁੱਕਣ ਨੇੜੇ ਸੀ ਜਾਂ ਚੁੱਲ੍ਹੇ ਦੀ ਸਫ਼ਾਈ ਹੋਣ ਵਾਲੀ
ਸੀ।
ਉਸ ਸਾਹਮਣੇ ਕਲਾਕ ’ਤੇ ਨਜ਼ਰ ਮਾਰੀ ਸਵਾ ਨੌਂ ਹੋ ਗਏ ਸਨ। ਅੱਧਾ ਘੰਟਾ ਦਫ਼ਤਰ ਪਹੁੰਚਣ ਨੂੰ ਲੱਗ
ਜਾਣਾ ਸੀ। ਅਜੇ ਉਸ ਨੇ ਤਿਆਰ ਹੋਣਾ ਸੀ। ਸ਼ਿਲਪੀ ਨੇ ਕਾਹਲੀ-ਕਾਹਲੀ ਆਪਣਾ ਟਿਫਨ ਤਿਆਰ
ਕੀਤਾ। ਮੇਡ ਪਹੁੰਚ ਗਈ ਸੀ। ਉਸ ਨੂੰ ਛੇਤੀ-ਛੇਤੀ ਅੱਜ ਦੇ ਕੰਮ ਸਮਝਾ ਕੇ ਉਹ ਤਿਆਰ ਹੋਣ ਲਈ
ਅਲਮਾਰੀ ਅੱਗੇ ਜਾ ਖੜ੍ਹੀ। ਕੀ ਪਹਿਨੇ? ਦਿਨ ਤੇ ਰੰਗਾਂ ਦਾ ਤਾਲਮੇਲ ਬਿਠਾਉਣ ਲੱਗੀ। ਜੀਨ ਟੌਪ
ਪਾਏ। ਸਾੜ੍ਹੀ ਬੰਨ੍ਹੇ ਜਾਂ ਕਮੀਜ਼ ਸਲਵਾਰ ਪਾਏ। ਏਸੇ ਕਸ਼ਮਕਸ਼ ’ਚ ਉਹਦਾ ਹੱਥ ਜੀਨ ਟੌਪ ਵੱਲ
ਵਧਿਆ।
ਮੌਸਮ ਬਦਲ ਰਿਹਾ ਸੀ। ਹਲਕੀ ਜਿਹੀ ਠੰਢ ਸੀ। ਸਮੇਂ ਦੀ ਘਾਟ ਕਾਰਨ ਉਸ ਨੂੰ ਜੀਨ ਟੌਪ ਪਾਉਣਾ
ਹੀ ਸੌਖਾ ਲੱਗਾ। ਇਹਦੇ ’ਚ ਉਹ ਆਪਣੇ ਆਪ ਨੂੰ ਚੁਸਤ—ਫੁਰਤ ਮਹਿਸੂਸ ਕਰਦੀ। ਭਾਵੇਂ ਉਹ
ਜਾਣਦੀ ਸੀ ਕਿ ਟੌਪ ’ਚ ਉਸ ਦਾ ਵਧ ਰਿਹਾ ਪੇਟ ਥੋੜ੍ਹਾ ਅਜੀਬ ਲਗਦਾ ਫਿਰ ਵੀ ਉਹ ਇਸ ਨੂੰ ਪਸੰਦ
ਕਰਦੀ।
ਬਿੰਦੀ ਮੈਚ ਕਰ ਉਹ ਮੇਕਅਪ ਕਰਨ ਲੱਗੀ। ਉਸ ਨੂੰ ਖ਼ਿਆਲ ਆਇਆ ਜਿੱਦਣ ਏਹ ਡਰੈੱਸ ਪਾਈ
ਹੋਵੇ ਭੱਲਾ ਅਤੇ ਝਾਅ ਆਪੋ ਆਪਣੀਆਂ ਕੁਰਸੀਆਂ ਖਿੱਚ ਕੇ ਨੇੜੇ ਕਰ ਲੈਂਦੇ ਹਨ।
‘ਚਲੋ ਅੱਜ ਫੇਰ ਤਮਾਸ਼ਾ ਦੇਖਦੇ ਹਾਂ’ ਸੋਚ ਕੇ ਉਸ ਲਿਪਸਟਿਕ ਲਾਈ। ਥੋੜ੍ਹੀ ਗੂੜ੍ਹੀ ਲੱਗ ਗਈ ਸੀ।
ਉਸ ਨੂੰ ਹਲਕੀ ਕਰਨ ਲਈ ਕਾਹਲੀ ’ਚ ਨੈਪਕਿਨ ਨਾ ਮਿਲਿਆ। ਉਸ ਨੇ ਨਿੱਕੇ ਰੁਮਾਲ ਨੂੰ ਬੱਲ੍ਹਾਂ
ਵਿਚਾਲੇ ਘੁੱਟਿਆ।
ਸ਼ਿਲਪੀ ਨੂੰ ਚੇਤੇ ਆਇਆ ਅੱਜ ਤਾਂ ਨਾਸ਼ਤਾ ਵੀ ਨਹੀਂ ਕੀਤਾ। ਉਹ ਰਸੋਈ ਵੱਲ ਭੱਜੀ। ਠੰਢੇ ਹੋਏ
ਪਰੌਠੇ ਨੂੰ ਉਸ ਗੋਲ ਕੀਤਾ। ਮੋਟੀਆਂ-ਮੋਟੀਆਂ ਦੋ ਕੁ ਗਰਾਹੀਆਂ ਅੰਦਰ ਲੰਘਾਈਆਂ। ਮੇਡ ਲਈ
ਥਰਮਸ ’ਚ ਰੱਖੀ ਚਾਹ ’ਚੋਂ ਥੋੜ੍ਹੀ ਜਿਹੀ ਕੱਪ ’ਚ ਪਾ ਦੋ ਘੁੱਟ ਪੀ ਉਹ ਫੁਰਤੀ ਨਾਲ ਪਰਸ üੱਕ ਕਮਰੇ
’ਚੋਂ ਬਾਹਰ ਹੋਈ। ਬਾਹਰਲਾ ਗੇਟ ਖੋਲ੍ਹ ਕਾਰ ਬਾਹਰ ਕੱਢਦਿਆਂ ਉਸ ਨੂੰ ਖ਼ਿਆਲ ਆਇਆ ਕਿਤੇ
ਜਾਮ ਨਾ ਲੱਗਾ ਹੋਵੇ। ਹਰ ਦੂਜੇ ਚੌਥੇ ਦਿਨ ਉਹ ਜਾਮ ’ਚ ਫਸ ਜਾਂਦੀ ਏ। ਰਸਤੇ ’ਚ ਤਿੰਨ ਥਾਂ ਟ੍ਰੈਫ਼ਿਕ
ਲਾਈਟਾਂ ਅਤੇ ਪੰਜ ਫਲਾਈ ਓਵਰ ਪਾਰ ਕਰਦਿਆਂ ਕਿਤੇ ਨਾ ਕਿਤੇ ਜਾਮ ਨਾਲ ਵਾਹ ਪੈ ਹੀ ਜਾਂਦਾ।
ਅੱਗੇ ਆ ਰਹੀਆਂ ਗਰਮੀਆਂ ਦਾ ਖ਼ਿਆਲ ਆਉਂਦਿਆਂ ਹੀ ਉਸ ਨੂੰ ਪੁਲ਼ਾਂ ’ਤੇ ਲੱਗਣ ਵਾਲੀਆਂ
ਗੱਡੀਆਂ ਦੀਆਂ ਲੰਬੀਆਂ ਲਾਈਨਾਂ ਤੋਂ ਹੀ ਡਰ ਆਉਣ ਲੱਗਾ। ਇਨ੍ਹਾਂ ਗਿਣਤੀਆਂ ਮਿਣਤੀਆਂ ’ਚ
ਪਈ ਉਹ ਦਫ਼ਤਰ ਪਹੁੰਚੀ। ਇਸੇ ਭੱਜ ਦੌੜ ’ਚ ਉਹ ਹੱਥ ਧੋਣੇ ਭੁੱਲ ਗਈ ਜਿਸ ਦਾ ਪਤਾ ਉਸ ਨੂੰ
ਹਾਜ਼ਰੀ ਲਾਉਣ ਵੇਲੇ ਲੱਗਾ।
ਪਤਾ ਨਹੀਂ ਕੱਲ੍ਹ ਪੁਰਾਣਾ ਸੂਟ ਪਾਇਆਂ ਉਸ ਨੂੰ ਲੱਗਾ ਜਾਂ ਸ਼ੀਸ਼ੇ ਨੇ ਉਸ ਨੂੰ ਫਿੱਗਰ ਬਾਰੇ ਸੁਚੇਤ ਹੋਣ
ਲਈ ਇਸ਼ਾਰਾ ਕਰ ਦਿੱਤਾ। ਉਹ ਅੱਜ ਲਿਫ਼ਟ ਛੱਡ ਪੌੜੀਆਂ ਵੱਲ ਸਰਕ ਗਈ।
ਸ਼ਿਲਪੀ ਅੰਦਰ ਦਾਖ਼ਲ ਹੋਈ ਤਾਂ ਉਸ ਨੂੰ ਉਡੀਕ ਰਹੀਆਂ ਪੂਨਮ ਗੁਲਾਟੀ ਨੇ ਅੰਗੜਾਈ ਲਈ ਅਤੇ
ਰੀਮਾ ਸੂਰੀ ਨੇ ਲੰਬੀ ਉਬਾਸੀ ਮਾਰੀ। ‘ਅੱਜ ਤਾਂ ਸਵੇਰੇ ਈ ਨਸ਼ੇ ਟੁਟਗੇ’ ਆਖ ਰੀਮਾ ਨੇ ਪੀਅਨ ਨੂੰ
ਵਾਜ਼ ਮਾਰ ਤਿੰਨ ਕੱਪ ਚਾਹ ਦਾ ਆਰਡਰ ਦਿੱਤਾ। ਸ਼ਿਲਪੀ ਨੂੰ ਘਰੇ ਭਾਵੇਂ ਸਵੇਰੇ ਚੰਗੀ ਤਰ੍ਹਾਂ ਚਾਹ
ਪੀਣੀ ਨਸੀਬ ਨਹੀਂ ਸੀ ਹੋਈ ਫੇਰ ਵੀ ਉਸ ਨੇ ਨਾਂਹ ਕਰ ਦਿੱਤੀ। ਇਸ ਨਾਂਹ ਦੇ ਨਾਲ ਉਸ ਇਕ ਨਵਾਂ
ਐਲਾਨ ਵੀ ਕਰ ਦਿੱਤਾ,‘ਬਈ ਅੱਜ ਤੋਂ ਮੈਂ ਗਰੀਨ ਟੀ ਪੀਵਾਂਗੀ।’
‘ਅੱਜ ਰਾਹ ’ਚ ਕਿਹੜਾ ਬਾਬਾ ਰਾਮਦੇਵ ਟੱਕਰ ਗਿਆ।’ ਰੀਮਾ ਨੇ ਟਕੋਰ ਲਾਈ।
‘ਟੱਕਰਿਆ ਟੁਕਰਿਆ ਤਾਂ ਕੋਈ ਨ੍ਹੀਂ। ਬਸ ਅੰਤਰ ਆਤਮਾ ’ਚੋਂ ’ਵਾਜ਼ ਆਈ ਏ,‘ਰੁਟੀਨ ਬਦਲੋ।’
ਸ਼ਿਲਪੀ ਅੱਜ ਸਭ ਕੁਝ ਬਦਲਣ ਦੇ ਰੌਂਅ ’ਚ ਸੀ।
‘ਓਹ ਤਾਂ ਠੀਕ ਏ’ ਗੁਲਾਟੀ ਥੋੜ੍ਹਾ ਗੰਭੀਰ ਹੋ ਕੇ ਬੋਲੀ,‘ਰੁਟੀਨ ’ਚ ਤਾਂ ਫੇਰ ਬਹੁਤ ਕੁਝ ਆਉਂਦੈ ਕੀਕੀ ਬਦਲੇਂਗੀ?’ ਉਸ ਨੇ ਸ਼ਰਾਰਤ ਨਾਲ ਸ਼ਿਲਪੀ ਦੀ ਬਾਂਹ ਤੋਂ ਚੂੰਢੀ ਭਰੀ।
‘ਜ਼ਿੰਦਗੀ ਦੇ ਬੇਸਿਕ ਸਿਧਾਂਤ ਥੋੜ੍ਹੋਂ ਬਦਲੀਦੇ ਆ। ਰੁਟੀਨ ਦੀਆਂ ਮਾੜੀਆਂ ਆਦਤਾਂ ਛੱਡਣੀਆਂ
ਹੁੰਦੀਆਂ?’ ਅੱਜ ਉਹ ਹਰ ਮਸਲੇ ’ਤੇ ਗੰਭੀਰ ਹੋਈ ਫਿਰਦੀ ਸੀ।
‘ਮਸਲਨ?’ ਮੈਡਮ ਸੂਰੀ ਨੇ ਅੱਖਾਂ ਮਟਕਾਉਂਦਿਆਂ ਪੁੱਛਿਆ।
‘ਹਰ ਇਕ ਦੀ ਰੁਟੀਨ ਵੱਖੋ ਵੱਖਰੀ ਹੁੰਦੀ ਏ, ਤੁਸੀਂ ਆਪੋ ਆਪਣੀ ਦੇਖੋ। ਕੀ ਛੱਡਿਆ ਕੀ ਬਦਲਿਆ
ਜਾ ਸਕਦੈ।’ ਸ਼ਿਲਪੀ ਨੇ ਕੰਮ ਸ਼ੁਰੂ ਕਰਨ ਲਈ ਕੰਪਿਊਟਰ ਆਨ ਕੀਤਾ ਅਤੇ ਰੈਕ ’ਚੋਂ ਫਾਈਲ ਚੁੱਕਣ
ਲਈ ਉਠ ਗਈ।
ਪਤਾ ਨਹੀਂ ਸ਼ਿਲਪੀ ’ਤੇ ਕੱਲ੍ਹ ਮਿਲੀ ਆਪਣੀ ਪੱਤਰਕਾਰ ਦੋਸਤ ਨੀਲਮ ਨਾਰੰਗ ਦੀਆਂ ਗੱਲਾਂ ਦਾ
ਅਸਰ ਸੀ। ਖ਼ਬਰੈ ਸਵੇਰੇ ਢੰਗ ਨਾਲ ਨਾਸ਼ਤਾ ਨਾ ਕਰ ਸਕਣ ਦੀ ਖਿੱਝ। ਉਹ ਨੀਲਮ ਦੀਆਂ ਆਪਣੇ
ਬੌਸ ਬਾਰੇ ਕੀਤੀਆਂ ਗੱਲਾਂ ਨੂੰ ਉਧੇੜਣ ਲੱਗੀ,‘ਜਦੋਂ ਤੋਂ ਅਸ਼ੋਕ ਰਸਤੋਗੀ ਸਰ ਦੀ ਥਾਂ ਨਵੇਂ ਆਰ ਈ
ਮੋਹਿਤ ਸ਼ਰਮਾ ਨੇ ਕੁਰਸੀ ਸੰਭਾਲੀ ਏ ਕੰਮ ’ਚ ਹੁਣ ਮਨ ਹੀ ਨ੍ਹੀਂ ਲੱਗਦਾ। ਜ਼ਿੰਦਗੀ ਬੋਝ ਲੱਗਣ ਲੱਗ
ਪਈ ਏ। ਰਸਤੋਗੀ ਸਰ ਸਾਨੂੰ ਆਪਣੀ ਉਡਾਣ ਆਪ ਭਰਨ ਦਿੰਦੇ ਸਨ। ਉਹ ਅਕਸਰ
ਆਖਦੇ,‘ਪੱਤਰਕਾਰ ਦੇ ਕੰਨ ਤੇ ਅੱਖਾਂ ਸਦਾ ਖੁੱਲ੍ਹੇ ਰਹਿਣੇ ਚਾਹੀਦੇ ਨੇ। ਸਟੋਰੀਆਂ ਦਾ ਕੀ ਏ, ਉਹ ਤਾਂ
ਥਾਂ-ਥਾਂ ਖਿਲਰੀਆਂ ਪਈਆਂ ਨੇ ਕੜੀਆਂ ਜੋੜੋ ਤੇ ਸਟੋਰੀ ਫਾਈਲ ਕਰ ਦਿਓ। ਹੁਣ ਤਾਂ ਬਦਲ ਰਹੀ
ਜ਼ਿੰਦਗੀ ਅਤੇ ਯੰਗਸਟਰ ਬਾਰੇ ਹੀ ਕਈ ਸਟੋਰੀਆਂ ਰੋਜ਼ ਨਿਕਲ ਸਕਦੀਆਂ ਨੇ। ਉਹ ਨਿੱਤ ਨਵੇਂ
ਆਈਡੀਏਜ਼ ਦੱਸਦੇ ਰਹਿੰਦੇ ਸਨ। ਮੋਕਲੇ ਆਸਮਾਨ ’ਚ ਉਡਾਣ ਭਰਦਿਆਂ ਕਦੇ ਕੋਈ ਸੰਕੋਚ ਨਹੀਂ
ਸੀ ਹੋਇਆ। ਹਰ ਕੰਮ ਹੱਸ ਕੇ ਕਰਨ ਨੂੰ ਮਨ ਕਰਦਾ ਸੀ। ਕਦੇ ਸਟੋਰੀ ਢਿੱਲੀ ਰਹਿ ਜਾਣੀ ਤਾਂ ਉਸ ਨੂੰ
ਚੁਸਤ ਕਰਨ ਦੇ ਗੁਰ ਦੱਸਦਿਆਂ ਕਦੇ ਉਹ ਨਿਰਉਤਸ਼ਾਹਤ ਨਹੀਂ ਸੀ ਕਰਦੇ। ਇਹ ਨਵੇਂ ਜਦੋਂ ਦੇ
ਆਏ ਨੇ ਇਨ੍ਹਾਂ ਦੀ ਹਰ ਗੱਲ ਨਾਂਹ ਤੋਂ ਸ਼ੁਰੂ ਹੁੰਦੀ। ਇਨਸਕਿਓਰ ਏਨੇ ਕੁ ਹਰ ਅੱਖਰ ਨੂੰ ਲੈਨਜ਼
ਲਾ-ਲਾ ਕੇ ਦੇਖਣਗੇ ਕਿਤੇ ਸਟੋਰੀ ਪਿੱਛੇ ਕੋਈ ਹੋਰ ਸਟੋਰੀ ਤਾਂ ਨ੍ਹੀਂ। ਜੇ ਹੋਰ ਕੁਸ਼ ਨਾ ਲੱਭੇ ਤਾਂ ਐਵੇਂ
ਕਹਿ ਦੇਣਗੇ ਇਹਦਾ ਐਂਗਲ ਚੇਂਜ ਕਰੋ।’
‘ਸਾਡੇ ਨਾਲ ਆਈ ਇਕ ਨਵੀਂ ਕੁੜੀ ਨੇ ਇਸ ਐਂਗਲ ਚੇਂਜ ਕਰਨ ਵਾਲੀ ਗੱਲ ’ਤੇ ਖ਼ੂਬ ਮਜ਼ਾਕ
ਉਡਾਇਆ। ਕਹਿੰਦੀ,‘ਅੱਜ ਐਂਗਲ ਚੇਂਜ ਕਰਨ ਦੀ ਰਟ ਲਾਈ ਰੱਖਦੇ ਨੇ, ਕੱਲ੍ਹ ਨੂੰ ਕਿਤੇ ਯੋਗਾ
ਮਾਸਟਰ ਵਾਂਗ ਇਹ ਨਾ ਕਹਿਣਾ ਸ਼ੁਰੂ ਕਰ ਦੇਣ ਆਸਣ ਬਦਲੋ। ਉਸ ਨੇ ‘ਆਸਣ’ ਇੰਨਾ ਘਰੋੜ ਕੇ
ਕਿਹਾ ਕਿ ਉਸ ਦਾ ਆਪਣਾ ਹਾਸਾ ਨਿਕਲ ਗਿਆ।’
ਸ਼ਿਲਪੀ ਸੋਚਣ ਲੱਗੀ ਮੇਰੇ ਦਫ਼ਤਰ ’ਚ ਅਜਿਹਾ ਕੁਝ ਨਹੀਂ ਫੇਰ ਪਤਾ ਨਹੀਂ ਜ਼ਿੰਦਗੀ ਦਾ ਮਜ਼ਾ ਕਿਉਂ
ਨ੍ਹੀਂ ਆ ਰਿਹਾ?’ ਉਹ ਮੁੜ ਨੀਲਮ ਦੀਆਂ ਗੱਲਾਂ ਮਨ ’ਚ ਦੁਹਰਾਉਣ ਲੱਗੀ :
‘ਨੀਲਮ ਅਗਲੇ ਪਲ ਹੀ ਫੇਰ ਗੰਭੀਰ ਹੋ ਗਈ,‘ਨਿੱਤ ਦੀ ਇਸ ਟੋਕਾਟਾਕੀ ਕਰਕੇ ਪੱਤਰਕਾਰੀ ਤਾਂ ਕੀ
ਜ਼ਿੰਦਗੀ ਵੀ ਬੋਝ ਲੱਗਣ ਲੱਗ ਪਈ ਏ।’
ਨੀਲਮ ਦੀ ਇਸ ਗੱਲ ਨੇ ਸ਼ਿਲਪੀ ਨੂੰ ਜ਼ਿਆਦਾ ਬੇਚੈਨ ਕਰ ਦਿੱਤਾ।
‘ਓਹ ਕਿਉਂ?’
‘ਅੱਜ ਕੱਲ੍ਹ ਇਕ ਨਵਾਂ ਕਾਲਮ ‘ਟੂਡੇ ਲਾਈਵ’ ਸ਼ੁਰੂ ਕੀਤਾ। ਉਸ ਲਈ ਨਿੱਤ ਨਵੇਂ ਵਿਸ਼ੇ ਤੇ ਨਵੇਂ
ਐਂਗਲ ਤੋਂ ਸਟੋਰੀ ਦੀ ਮੰਗ। ਉਤੋਂ ਬੌਸ ਵਲੋਂ ਹਰ ਚੀਜ਼ ਲਾਈਵ ਨਜ਼ਰ ਆਉਣੀ ਚਾਹੀਦੀ ਏ, ਦੀ
ਰੱਟ। ਹੁਣ ਤਾਂ ਇਹ ਸਟੋਰੀਆਂ ਕਰਦਿਆਂ ਲੱਗਣ ਲੱਗ ਪਿਆ ਅਸੀਂ ਜਿੱਦਾਂ ਦੁਨੀਆ ’ਤੇ ਆਏ ਈ
ਨਹੀਂ। ਕੱਲ੍ਹ ਰਾਤ ਸਟੋਰੀ ਨੂੰ ਅੰਤਿਮ ਛੋਹਾਂ ਦਿੰਦਿਆਂ ਦਸ ਵੱਜ ਗਏ। ਘਰ ਜਾ ਰਸੋਈ ’ਚ ਵੜਨ ਦੀ
ਹਿੰਮਤ ਨਾ ਰਹੀ। ਸੋਚਾਂ ਲੋਕਾਂ ਨੂੰ ‘ਸਪਾਈਸ ਐਂਡ ਟੂਰ’ ਨਾਂ ਹੇਠ ਤਰ੍ਹਾਂ-ਤਰ੍ਹਾਂ ਦੇ ਖਾਣ ਪੀਣ ਅਤੇ
ਘੁੰਮਣ ਫਿਰਨ ਦੇ ਟਿਕਾਣੇ ਦੱਸੀਦੇ ਆ ਆਪ ਕਦੇ ਨਹੀਂ ਚਖਿਆ ਇਨ੍ਹਾਂ ਦਾ ਸਵਾਦ? ਮਾਣੇ ਕਦੇ
ਇਨ੍ਹਾਂ ਥਾਵਾਂ ਦੇ ਨਜ਼ਾਰੇ?’
ਸ਼ਿਲਪੀ ਨੂੰ ਲੱਗਾ ਨੀਲਮ ਨਾਰੰਗ ਦੇ ਇਹ ਸਵਾਲ ਸਿਰਫ਼ ਆਪਣੇ ਲਈ ਹੀ ਨਹੀਂ, ਉਸ ਲਈ ਵੀ
ਸਨ। ਉਨ੍ਹਾਂ ਦਾ ਅਸਰ ਉਸ ’ਤੇ ਵੀ ਡੂੰਘਾ ਹੋਇਆ। ਉਹ ਆਪਣੇ ਬਾਰੇ ਸੋਚਣ ਲੱਗੀ। ਅਸੀਂ ਵੀ ਕਿੱਥੇ
ਨਿਕਲ ਸਕੇ ਹਾਂ ਘੁੰਮਣ ਫਿਰਨ ਲਈ। ਹੁਣ ਤਾਂ ਬੱਚੇ ਵੀ ਕਹਿਣੋਂ ਹਟ ਗਏ ਨੇ। ਪਹਿਲਾਂ-ਪਹਿਲ ਉਹ
ਹਰ ਹਫ਼ਤੇ ਘੁੰਮਣ ਫਿਰਨ ਲਈ ਜ਼ਿੱਦ ਕਰਦੇ ਸਨ। ਮੰਗ ਨਾ ਮੰਨੀ ਗਈ ਤਾਂ ਚੁੱਪ ਕਰ ਗਏ। ਹੁਣ
ਛੁੱਟੀ ਵਾਲੇ ਦਿਨ ਕੁਝ ਕਹਿੰਦੇ-ਕਹਿੰਦੇ ਰੁਕ ਜਾਂਦੇ ਨੇ। ਫਿਰ ਕਹਿੰਦੇ ਨੇ,‘ਕਹਿਣ ਦਾ ਕੀ ਫ਼ਾਇਦਾ
ਮੰਮਾ ਨੇ ਲਿਜਾਣਾ ਤਾਂ ਕਿਤੇ ਹੁੰਦਾ ਨ੍ਹੀਂ। ਛੋਟਾ ਤਾਂ ਇਕ ਦਿਨ ਪੁੱਛਣ ਲੱਗ ਪਿਆ ਮੰਮਾ ਤੁਸੀਂ ਆਪੇ
ਹੀ ਦੱਸੋ ਸਾਨੂੰ ਨਾਨਕਿਆਂ ਤੋਂ ਬਿਨਾਂ ਕਦੇ ਕਿਤੇ ਲੈ ਕੀ ਵੀ ਗਏ ਓ?’
ਉਹ ਵੀ ਆਪਣੀ ਥਾਂ ਸਹੀ ਨੇ। ਮੇਰੀਆਂ ਵੀ ਮਜਬੂਰੀਆਂ ਨੇ।
‘ਪਤੀ ਦੀ ਸਰਕਾਰੀ ਨੌਕਰੀ ਹੋਣ ਕਾਰਨ ਉਨ੍ਹਾਂ ਦੀ ਬਦਲੀ ਦੂਰ ਸ਼ਹਿਰ ਦੀ। ਪੰਦਰੀਂ ਦਿਨੀਂ ਜਾਂ
ਮਹੀਨੇ ਬਾਅਦ ਕਦੇ ਚੱਕਰ ਮਾਰਦੇ ਨੇ। ਘਰ ਦੇ ਸੌ ਕੰਮ ਨਿਕਲ ਆਉਂਦੇ ਨੇ। ਕਈ ਵਾਰ ਸੱਸ-ਸਹੁਰੇ
ਨੂੰ ਮੈਡੀਕਲ ਚੈਕਅਪ ਲਈ ਲੈ ਕੇ ਜਾਣਾ ਪੈਂਦਾ।
ਪਿਛਲੀ ਵਾਰ ਬੱਚਿਆਂ ਨੂੰ ਸਕੂਲੋਂ ਛੁੱਟੀਆਂ ਹੋਣ ’ਤੇ ਹਫ਼ਤੇ ਲਈ ਘੁੰਮਣ ਦਾ ਪ੍ਰੋਗਰਾਮ ਬਣਾਇਆ
ਸੀ। ਸੱਸ-ਸਹੁਰੇ ਕੋਲ ਰਹਿਣ ਲਈ ਨਨਾਣ ਨੂੰ ਵੀ ਮਨਾ ਲਿਆ ਸੀ। ਪਰ ਐਨ ਜਾਣ ਮੌਕੇ ਪਾਪਾ ਦੀ
ਸਿਹਤ ਅਚਾਨਕ ਵਿਗੜ ਗਈ। ਸਾਰਾ ਪ੍ਰੋਗਰਾਮ ਧਰਿਆ ਧਰਾਇਆ ਰਹਿ ਗਿਆ। ਰੇਲਵੇ ਸੀਟਾਂ ਦੀ
ਰਿਜ਼ਰਵੇਸ਼ਨ ਰੱਦ ਕਰਾਉਣੀ ਪਈ। ਉਲਟਾ ਪੰਦਰਾਂ ਦਿਨ ਜਿਹੜੇ ਹਸਪਤਾਲ ’ਚ ਧੱਕੇ ਖਾਣੇ ਪਏ ਉਹ
ਵਾਧੂ। ਹੁਣ ਜੇ ਪਤੀ ਤੇ ਬੱਚਿਆਂ ਨੂੰ ਛੁੱਟੀ ਮਿਲਦੀ ਏ ਤਾਂ ਮੇਰੇ ਕੋਲ ਕੰਮ ਦਾ ਬੋਝ ਹੁੰਦਾ। ਆਪਸੀ
ਤਾਲਮੇਲ ਹੀ ਨਹੀਂ ਬੈਠਦਾ।’
ਸ਼ਿਲਪੀ ਵਿਆਹ ਪਿੱਛੋਂ ਲਾਏ ਟੂਰ ਯਾਦ ਕਰਨ ਲੱਗੀ,‘ਹੁਣ ਤਾਂ ਭੁੱਲਦਾ ਜਾਂਦਾ ਕਦੋਂ ਕਿਸ ਹੋਟਲ ’ਚ
ਕਿੱਦਾਂ ਰਾਤ ਬਿਤਾਈ ਸੀ।’ ਸੋਚ ਕੇ ਉਸ ਨੂੰ ਕੋਈ ਸਰੂਰ ਜਿਹਾ ਤਾਂ ਕੀ ਆਉਣਾ ਸੀ, ਉਹ ਨਿਰਾਸ਼ ਹੋ
ਗਈ। ਹੁਣ ਤਾਂ ਉਸ ਨੇ ਟੂਰ ਬਾਰੇ ਸੋਚਣਾ ਹੀ ਛੱਡ ਦਿੱਤਾ ਸੀ। ਕੱਲ੍ਹ ਨੀਲਮ ਨੇ ਫੇਰ ਉਹਦੇ ਅੰਦਰ
ਸੁੱਤੀ ਚਿਣਗ ਜਗਾ ਦਿੱਤੀ ਸੀ। ਉਹ ਆਪਣੇ ਕੰਮ ਨੂੰ ਤਰਤੀਬ ਦੇਣ ਲੱਗੀ। ਉਸ ਤੈਅ ਕਰ ਲਿਆ
ਐਤਕੀਂ ਬੱਚਿਆਂ ਦੀਆਂ ਛੁੱਟੀਆਂ ਸਮੇਂ ਉਹ ਬਾਹਰ ਘੁੰਮਣ ਬਾਰੇ ਕਿਸੇ ਬਹਾਨੇ ਨੂੰ ਅੜਿੱਕਾ ਨਹੀਂ
ਬਣਨ ਦੇਵੇਗੀ। ਉਹ ਗੋਆ ਜਾ ਕੇ ਯਾਦਾਂ ਤਾਜ਼ੀਆਂ ਕਰਨ ਦਾ ਸੋਚਣ ਲੱਗੀ। ਉਹ ਮਨ ਹੀ ਮਨ
ਸਾਰੀ ਯੋਜਨਾ ਬਣਾਉਂਦੀ ਰਹੀ। ਖ਼ਰਚ ਦਾ ਹਿਸਾਬ ਕਿਤਾਬ ਕਰਦੀ ਰਹੀ। ਉਸ ਨੇ ਕਈ ਫ਼ਾਲਤੂ
ਖ਼ਰਚਿਆਂ ’ਚ ਕਟੌਤੀ ਕਰਨ ਲਈ ਸਖ਼ਤੀ ਨਾਲ ਅਮਲ ਕਰਨ ਦਾ ਫ਼ੈਸਲਾ ਕਰ ਲਿਆ।
ਸਾਰੀ ਯੋਜਨਾ ਬਣਾਉਣ ਪਿੱਛੋਂ ਗੱਲ ਸੱਸ-ਸਹੁਰੇ ’ਤੇ ਆ ਕੇ ਅਟਕ ਗਈ। ਉਹ ਪੰਦਰਾਂ ਦਿਨ ਲਈ
ਉਨ੍ਹਾਂ ਨੂੰ ਕਿਸ ਦੇ ਸਹਾਰੇ ਛੱਡ ਕੇ ਜਾਣ। ਹੁਣ ਤਾਂ ਨਨਾਣ ਵੀ ਧੀ ਕੋਲ ਕੈਨੇਡਾ ਜਾ ਬੈਠੀ ਏ। ਉਹ
ਜੇਠ-ਜਠਾਣੀ ਬਾਰੇ ਸੋਚਣ ਲੱਗੀ। ਉਨ੍ਹਾਂ ਦੇ ਆਉਣ ਦੀ ਕਨਸੋਅ। ਉਹ ਅਮਰੀਕਾ ਤੋਂ ਦੋ ਤਿੰਨੀਂ
ਸਾਲੀਂ ਦਸ-ਪੰਦਰਾਂ ਦਿਨਾਂ ਲਈ ਆਉਂਦੇ ਨੇ। ਉਨ੍ਹਾਂ ਪੰਦਰਾਂ ਦਿਨਾਂ ’ਚੋਂ ਵੀ ਹਫ਼ਤਾ ਉਨ੍ਹਾਂ ਦਾ
ਰਿਸ਼ਤੇਦਾਰਾਂ ਨੂੰ ਮਿਲਣ ਗਿਲਣ ਤੇ ਹੋਰ ਫੇਰੇ ਤੋਰੇ ’ਚ ਨਿਕਲ ਜਾਂਦਾ।
ਸ਼ਿਲਪੀ ਸੋਚਦੀ,‘ਉਹ ਵੀ ਕਿਹੜਾ ਆ ਕੇ ਕੋਈ ਦੁਖਦੀ-ਸੁਖਦੀ ਕਰਦੇ ਆ। ‘ਡਲਿਵਰੀ ਮੈਨ’ ਵਾਂਗ
ਆਉਂਦੇ ਨੇ, ਸਾਰਿਆਂ ਨੂੰ ਕੱਪੜੇ ਤੇ ਹੋਰ ਨਿੱਕਾ ਮੋਟਾ ਸਾਮਾਨ ਥਮਾ ਕੇ ਫ਼ਰਜ਼ ਤੋਂ ਸੁਰਖ਼ਰੂ ਹੋ ਜਾਂਦੇ ਨੇ।
ਫੇਰ ਵੀ ਹਰ ਗੱਲ ’ਚ ਉਨ੍ਹਾਂ ਦਾ ਨਾਂ ਸਭ ਤੋਂ ਮੋਹਰੇ ਵੱਜਦਾ।’ ਆਪਣੀ ਖਿੱਝ ਉਤਾਰਨ ਲਈ ਸ਼ਿਲਪੀ
ਨੇ ਮਨ ਹੀ ਮਨ ਕਿਹਾ,‘ਜਿੱਦਾਂ ਅਸੀਂ ਕੱਪੜਿਆਂ ਤੋਂ ਬਿਨਾਂ ਹੀ ਤੁਰੇ ਫਿਰਦੇ ਆਂ।’
ਸੋਚ ’ਚ ਘਿਰੀ ਸ਼ਿਲਪੀ ਦੇ ਮੂੰਹੋਂ ਇਹ ਨਿਕਲਦਿਆਂ ਮਸਾਂ ਰੁਕਿਆ,‘ਦੇਖਣ ਤਾਂ ਚਾਰ ਦਿਨ ਬੁੱਢੀ ਜੋੜੀ
ਨੂੰ ਸਾਂਭ ਕੇ। ਪਤਾ ਨਾ ਲੱਗ ਜਾਵੇ ਤਾਂ, ਕੀ ਹੁੰਦੀ ਏ ਸੇਵਾ।’ ਸੱਸ ਸਹੁਰਾ ਉਸ ਨੂੰ ਆਪਣੇ ਟੂਰ ਲਈ
ਵੱਡਾ ਅੜਿੱਕਾ ਜਾਪਣ ਲੱਗੇ।
ਲੰਚ ਬਰੇਕ ’ਤੇ ਅਖ਼ਬਾਰ ਦੇਖਦਿਆਂ ਸ਼ਿਲਪੀ ਦੀ ਨਜ਼ਰ ‘ਓਲਡਏਜ਼ ਹੋਮ’ ਦੇ ਇਸ਼ਤਿਹਾਰ ’ਤੇ ਪਈ।
ਫਾਈਵ ਸਟਾਰ ਹੋਟਲ ਵਾਲੀਆਂ ਸਹੂਲਤਾਂ ਪ੍ਰਦਾਨ ਕਰਨ ਵਾਲਾ ਇਹ ਟਿਕਾਣਾ ਉਸ ਨੂੰ ਅਜੋਕੀ
ਦੌੜ-ਭੱਜ ਵਾਲੀ ਜ਼ਿੰਦਗੀ ਲਈ ਸਹੀ ਜਾਪਿਆ। ਸ਼ਿਲਪੀ ਨੂੰ ਸੱਸ ਸਹੁਰੇ ਦਾ ਖ਼ਿਆਲ ਆਇਆ। ਉਹ
ਇਸੇ ਵਿਸ਼ੇ ’ਤੇ ਸੋਚਣ ਲੱਗੀ।
ਸ਼ਿਲਪੀ ਨੂੰ ਆਪਣੇ ਆਪ ’ਚ ਗੁਆਚੀ ਨੂੰ ਗੁਲਾਟੀ ਨੇ ਹੁੰਝ ਮਾਰੀ,‘ਕੀ ਖੋਹ ਗਿਆ ਤੇਰਾ?’
‘ਏਸ ਇਸ਼ਤਿਹਾਰ ਬਾਰੇ ਸੋਚਦੀ ਆਂ।’ ਉਸ ਨੇ ਅਖ਼ਬਾਰ ਉਹਦੇ ਅੱਗੇ ਕਰ ਦਿੱਤਾ। ਰੀਮਾ ਸੂਰੀ ਵੀ ਉਸ
ਨੂੰ ਧਿਆਨ ਨਾਲ ਪੜ੍ਹਨ ਲੱਗੀ। ਇਸ਼ਤਿਹਾਰ ਨੂੰ ਚੰਗੀ ਤਰ੍ਹਾਂ ਪੜ੍ਹ ਉਹ ਚੁੱਪ ਬੈਠੀਆਂ ਕੁਝ ਸੋਚਦੀਆਂ
ਰਹੀਆਂ। ਸ਼ਿਲਪੀ ਨੂੰ ਇਹ ਇਸ਼ਤਿਹਾਰ ਚੰਗਾ ਲੱਗਾ ਉਸ ਕਿਹਾ,‘ਬਜ਼ੁਰਗਾਂ ਨੂੰ ਬੱਚਿਆਂ ਦਾ ਰਾਹ ਨਹੀਂ
ਰੋਕਣਾ ਚਾਹੀਦਾ। ਇਕ ਖ਼ਾਸ ਉਮਰ ’ਤੇ ਆਪਣੀ ਇੱਛਾ ਨਾਲ ਹੀ ਅਜਿਹੇ ਆਸ਼ਰਮਾਂ ’ਚ ਚਲੇ ਜਾਣਾ
ਚਾਹੀਦਾ।
‘ਏਨਾ ਰੈਂਟ ਕੌਣ ਭਰੂ ਮੈਡਮ? ਉਹ ਦੋਵੇਂ ਇਕੱਠੀਆਂ ਬੋਲੀਆਂ।
‘ਏਹਦਾ ਵੀ ਹੱਲ ਸੋਚ ਲਿਆ ਮੈਂ।’ ਸ਼ਿਲਪੀ ਪੂਰੇ ਆਤਮ ਵਿਸ਼ਵਾਸ ’ਚ ਸੀ।
‘ਸਾਨੂੰ ਵੀ ਪਤਾ ਲੱਗੇ, ਕੀ ਵੱਖਰਾ ਸੋਚਿਐ?
‘ਘਰ ਕਿਰਾਏ ’ਤੇ ਦੇ ਕੇ ਉਨ੍ਹਾਂ ਪੈਸਿਆਂ ਨਾਲ ਸਭ ਇੰਤਜ਼ਾਮ ਹੋ ਸਕਦਾ।’ ਉਹ ਆਪਣੇ ਕਹੇ ਨੂੰ ਤਰਕ
ਨਾਲ ਮਨਾਉਣ ’ਤੇ ਉਤਾਰੂ ਸੀ।
‘ਮੈਡਮ ਇਹ ਤਾਂ ਉਨ੍ਹਾਂ ਕੇਸਾਂ ’ਚ ਹੀ ਹੋ ਸਕਦੈ ਜਿਨ੍ਹਾਂ ਦੇ ਬੱਚੇ ਵਿਦੇਸ਼ਾਂ ’ਚ ਨੇ। ਗੱਲ ਤਾਂ ਮਿਡਲ
ਕਲਾਸ ਦੀ ਏ। ਜਿਹੜੇ ਸਾਰੀ ਉਮਰ ’ਚ ਮਸਾਂ ਘਰ ਈ ਬਣਾਉਂਦੇ ਨੇ।’ ਰੀਮਾ ਸੂਰੀ ਨੇ ਉਹ ਨੂੰ ਘੇਰਨਾ
ਚਾਹਿਆ।
‘ਜਿਹੜੇ ਕਰ ਸਕਦੇ ਨੇ ਉਹ ਕਰਨ, ਬਾਕੀ ਮੁਫ਼ਤ ਵਾਲੇ ਬਿਰਧ ਆਸ਼ਰਮਾਂ ’ਚ ਚਲੇ ਜਾਣ। ਹੁਣ ਤਾਂ
ਦਾਨੀ ਸੱਜਣ ਹਰ ਸ਼ਹਿਰ ’ਚ ਖੋਲ੍ਹੀ ਜਾਂਦੇ ਨੇ ਅਜਿਹੇ ਆਸ਼ਰਮ। ਉੱਥੇ ਉਨ੍ਹਾਂ ਨੂੰ ਸਮੇਂ ਸਿਰ ਹਰ ਸਹੂਲਤ
ਮਿਲੇਗੀ ਨਾਲ ਹਮਉਮਰ ਲੋਕਾਂ ਦਾ ਸਾਥ।’ ਸ਼ਿਲਪੀ ਮਾਤ ਨਹੀਂ ਸੀ ਖਾਣਾ ਚਾਹੁੰਦੀ।
‘ਸਹੂਲਤਾਂ ਭਾਵੇਂ ਸਭ ਮਿਲ ਜਾਣ ਪਰ ਬੱਚਿਆਂ ਦੀ ਛੋਹ ਤੇ ਘਰ ਦਾ ਮੋਹ ਉੱਥੇ ਨਸੀਬ ਨਹੀਂ ਹੋਵੇਗਾ।’
ਰੀਮਾ ਨੇ ਆਪਣਾ ਫ਼ਿਕਰ ਜ਼ਾਹਰ ਕੀਤਾ।
‘ਅੰਗਰੇਜ਼ ਤਾਂ ਏਦਾਂ ਨਹੀਂ ਸੋਚਦੇ ਜਿੱਦਾਂ ਤੁਸੀਂ ਸੋਚਦੀਆਂ ਓ। ਉਨ੍ਹਾਂ ਦੇ ਬੱਚੇ ਕਿਤੇ ਫਿਰਦੇ ਨੇ ਮਾਂ
ਪਿਉ ਕਿਸੇ ਦੂਜੇ ਸ਼ਹਿਰ ਰਹਿੰਦੇ ਨੇ। ਅਸੀਂ ਐਵੇਂ ਮੋਹ-ਮਮਤਾ ਚੁੱਕੀ ਫਿਰਦੇ ਰਹਿੰਦੇ ਆਂ।’ ਸ਼ਿਲਪੀ ਨੂੰ
ਅੱਜ ਯੂਰਪੀ ਰੰਗ ਚੜਿ੍ਹਆ ਪਿਆ ਸੀ।
‘ਭੈਣ ਜੀ ਉੱਥੇ ਸਮਾਜਕ-ਆਰਥਿਕ ਸੁਰੱਖਿਆ। ਇਕ ਸਿਸਟਮ ਜੋ ਸਾਡੇ ਏਥੇ ਨਹੀਂ।’
ਪੂਨਮ ਅਤੇ ਰੀਮਾ ’ਤੇ ਭਾਵੇਂ ਸ਼ਿਲਪੀ ਦੀਆਂ ਗੱਲਾਂ ਦਾ ਅਸਰ ਨਹੀਂ ਸੀ ਹੋ ਰਿਹਾ ਫਿਰ ਵੀ ਉਹ ਬਿਰਧ
ਆਸ਼ਰਮਾਂ ਦੀ ਲੋੜ ਦੇ ਹੋਰ ਪਹਿਲੂਆਂ ਬਾਰੇ ਸੋਚਣ ਲੱਗੀ,‘ਸਮੇਂ ਨਾਲ ਚੱਲਣ ਲਈ ਬੱਚਿਆਂ ਨੂੰ ਨੌਕਰੀ
ਖ਼ਾਤਰ ਘਰੋਂ ਬਾਹਰ ਜਾਂ ਵਿਦੇਸ਼ ਤਾਂ ਜਾਣਾ ਹੀ ਪੈਣਾ। ਉਹ ਬਜ਼ੁਰਗਾਂ ਨੂੰ ਨਾਲ ਵੀ ਨਹੀਂ ਲਿਜਾ
ਸਕਦੇ। ਜੇ ਲਿਜਾਂਦੇ ਨੇ ਤਾਂ ਉਹ ਉੱਥੇ ਅਡਜਸਟ ਨਹੀਂ ਹੁੰਦੇ।’ ਅਜਿਹੇ ਆਸ਼ਰਮ ਹੀ ਸ਼ਿਲਪੀ ਨੂੰ ਇਸ
ਮੁਸ਼ਕਲ ਦਾ ਸਹੀ ਤੋੜ ਜਾਪੇ।
ਬਹਿਸ ਕਰਦੀਆਂ-ਕਰਦੀਆਂ ਉਹ ਤਿੰਨੋਂ ਆਪੋ ਆਪਣੀਆਂ ਸੀਟਾਂ ’ਤੇ ਆ ਬੈਠੀਆਂ। ਸ਼ਿਲਪੀ ਨੂੰ
ਫਾਈਲਾਂ ’ਚ ਖੁੱਭੀ ਨੂੰ ਵੀ ਨੀਲਮ ਨਾਰੰਗ ਦੀਆਂ ਗੱਲਾਂ ਯਾਦ ਆ ਰਹੀਆਂ ਸਨ। ‘ਬੰਦਾ ਸਾਰੀ ਉਮਰ
ਦੂਜਿਆਂ ਲਈ ਜਿਉਂਦਾ। ਖ਼ਾਸ ਤੌਰ ’ਤੇ ਔਰਤਾਂ। ਅੱਧੋਂ ਵੱਧ ਉਮਰ ਘਰ ਬਣਾਉਂਦਿਆਂ ਲੰਘ ਜਾਂਦੀ
ਏ। ਫੇਰ ਬੱਚੇ ਜੁਆਨ ਹੋ ਜਾਂਦੇ ਨੇ। ਉਨ੍ਹਾਂ ਦੀ ਪੜ੍ਹਾਈ ਪਿੱਛੋਂ ਅਡਜਸਟ ਕਰਨ ਦੀ ਚਿੰਤਾ। ਫੇਰ
ਵਿਆਹ ਸ਼ਾਦੀਆਂ। ਪੋਤੇ ਪੋਤੀਆਂ, ਦੋਹਤੇ ਦੋਹਤੀਆਂ ਲਈ ਕਿਰਸ ਕਰਦਾ-ਕਰਦਾ ਬੁੱਢਾ ਹੋ ਜਾਂਦਾ
ਬੰਦਾ। ਆਪਣੇ ਲਈ ਕਦੋਂ ਜੀਆ ਉਹ?’
ਸ਼ਿਲਪੀ ਨੂੰ ਬੁਢਾਪਾ ਛਾਲਾਂ ਮਾਰਦਾ ਆਉਂਦਾ ਦਿਖਾਈ ਦਿੱਤਾ। ਉਹ ਸੋਚਣ ਲੱਗੀ ਜਦ ਗੋਡੇ ਸਰੀਰ
ਦਾ ਭਾਰ üੱਕਣੋਂ ਆਕੀ ਹੋ ਗਏ ਫੇਰ ਕੀ ਘੁੰਮਣਾ ਫਿਰਨਾ ਹੋਊ। ਮੂੰਹ ’ਚ ਦੰਦ ਨਾ ਰਹੇ ਤਾਂ ਪਾਨ
ਸੁਪਾਰੀਆਂ ਨੂੰ ਕੀ ਕਰਨਾ। ਉਸ ਮਨ ਬਣਾ ਲਿਆ ਉਹ ਅੱਜ ਤੋਂ ਹੀ ਇਸ ਪਾਸੇ ਧਿਆਨ ਦੇਵੇਗੀ।
ਉਹ ਘਰੋਂ ਦਫ਼ਤਰ, ਦਫ਼ਤਰੋਂ ਘਰ ਲਈ ਨਹੀਂ ਬਣੀ। ਉਸ ਦੀ ਵੀ ਕੋਈ ਹੋਂਦ। ਉਹਦੇ ਵੀ ਕੋਈ ਸ਼ੌਕ
ਨੇ। ਕੁਝ ਰੀਝਾਂ ਨੇ ਖਾਣ ਹੰਢਾਉਣ ਦੀਆਂ। ਬਸ ਉਹ ਰੁਟੀਨ ਦੀ ਜ਼ਿੰਦਗੀ ਨਹੀਂ ਜੀਵੇਗੀ।
ਅੱਜ ਮਨ ਨਾਲ ਕੀਤੇ ਫ਼ੈਸਲੇ ਚੁੱਕੀ ਉਹ ਪੰਜ ਵਜੇ ਦਫ਼ਤਰੋਂ ਬਾਹਰ ਹੋਈ। ਪੂਨਮ ਤੇ ਰੀਮਾ ਲਿਫਟ
ਰੋਕੀ ਉਸ ਨੂੰ ਉਡੀਕ ਰਹੀਆਂ ਸਨ। ਪਰ ਉਹ ਪੌੜੀਆਂ ਵੱਲ ਵਧ ਗਈ। ਉਸ ਦਾ ਆਤਮ ਵਿਸ਼ਵਾਸ
ਅੱਜ ਉਛਾਲੇ ਮਾਰ ਰਿਹਾ ਸੀ। ਪੌਡੇ ਉਸ ਦੇ ਪੈਰਾਂ ਹੇਠ ਲਿਫਦੇ ਜਾ ਰਹੇ ਸਨ। ਉਸ ਨੂੰ ਖ਼ਿਆਲ
ਆਇਆ ਕੱਲ੍ਹ ਭਰਾ ਭਰਜਾਈ ਬੱਚਿਆਂ ਨਾਲ ਆ ਰਹੇ ਹਨ। ਬਾਜ਼ਾਰੋਂ ਜਾਂਦੀ ਸਬਜ਼ੀ ਤੇ ਹੋਰ ਜ਼ਰੂਰੀ
ਸਾਮਾਨ ਲੈ ਜਾਵੇ। ਪਰ ਉਸ ਨੇ ਤੁਰੰਤ ਏਹ ਖ਼ਿਆਲ ਤਿਆਗ ਦਿੱਤਾ। ਉਹ ਅੱਜ ਰੁਟੀਨ ਵਾਲਾ ਕੋਈ
ਕੰਮ ਨਹੀਂ ਕਰੇਗੀ। ਕੱਲ੍ਹ ਖਾਣਾ ਵੀ ਬਾਜ਼ਾਰੋਂ ਮੰਗਵਾਏਗੀ। ਭਰਾ ਭਰਜਾਈ ਕਿਹੜਾ ਰੋਜ਼ ਤੁਰੇ ਰਹਿੰਦੇ
ਆ। ਸਾਲ ਡੇਢ ਸਾਲ ਬਾਅਦ ਮਸੀਂ ਕਿਤੇ ਮਹੂਰਤ ਖੁੱਲ੍ਹਾ ਆਉਣ ਦਾ। ਛੋਟਾ ਦਿਪੇਸ਼ ਤਾਂ ਪਹਿਲੀ
ਵਾਰ ਆ ਰਿਹਾ ਭੂਆ ਦੇ ਘਰ।
ਸ਼ਿਲਪੀ ਨੇ ਅਜੇ ਕਾਰ ਦੀ ਬਾਰੀ ਖੋਲ੍ਹਣ ਲਈ ਚਾਬੀ ਕੱਢੀ ਹੀ ਸੀ ਕਿ ਮੋਬਾਈਲ ਦੀ ਰਿੰਗ ਵੱਜ ਪਈ।
ਉਸ ਹੱਥ ਰੋਕ ਫੋਨ ਦੇਖਿਆ। ਸਕਰੀਨ ’ਤੇ ਭਾਬੀ ਦਾ ਨਾਂ ਉਭਰਿਆ।
‘ਹਾਂ ਜੀ ਭਾਬੀ ਕੈਸੇ ਹੋ? ਸੁਬ੍ਹਾ ਕਬ ਆ ਰਹੋ ਹੋ।’ ਸ਼ਿਲਪੀ ਨੇ ਬਹੁਤ ਪਿਆਰ ਤੇ ਉਤਸ਼ਾਹ ਨਾਲ
ਪੁੱਛਿਆ।’
ਹਾਲ ਚਾਲ ਦੱਸਣ ਤੋਂ ਬਾਅਦ ਭਾਬੀ ਨੇ ਕਿਹਾ,‘ਸੌਰੀ ਦੀਦੀ ਹਮ ਕਲ੍ਹ ਨਹੀਂ ਆ ਪਾਏਂਗੇ। ਮਾਤਾ ਜੀ
ਕੀ ਤਬੀਅਤ ਅਚਾਨਕ ਖਰਾਬ ਹੋ ਗਈ। ਉਨ੍ਹੇ ਏਸ ਹਾਲਤ ਮੇਂ ਛੋਡ ਕਰ ਮੈਂ ਨਹੀਂ ਆ ਸਕੂੰਗੀ।’ ਮਾਂ
ਦੀ ਡਿੱਗੀ ਸਿਹਤ ਤੇ ਭਾਬੀ ਦੀ ਫ਼ਿਕਰਮੰਦੀ ਸੁਣ ਕੇ ਉਸ ਦਾ ਸਾਰੇ ਦਿਨ ਦਾ ਜੋਸ਼ ਮਿੱਟੀ ਹੋ ਗਿਆ।
ਉਸ ਦੀ ਅਤੇ ਭਾਬੀ ਦੀ ਸੋਚ ਇਕ ਦੂਜੇ ਨਾਲ ਉਲਝ ਗਈਆਂ। ਸ਼ਿਲਪੀ ਨੇ ਕਾਰ ਸਟਾਰਟ ਕੀਤੀ।
ਮਨ ਹੀ ਮਨ ਕਿਹਾ,‘ਚਲ ਮਨਾਂ ਕੱਲ੍ਹ ਵੀ ਆਉਣੈ।’