-ਪ੍ਰੋ . ਬਲਵੀਰ ਕੌਰ ਰੀਹਲ
ਵਿਆਹ ਤੋਂ ਬਾਅਦ ਘਰ ਵਿਚ ਮੇਰੇ ਲਈ ਚਾਨਣ ਹੀ ਚਾਨਣ ਹੋ ਗਿਆ, ਸਾਰੀ ਦਿਹਾੜੀ ਮੇਰੀਆਂ ਨਜ਼ਰਾਂ ਪਤਨੀ ਦਾ ਪਿੱਛਾ ਕਰਦੀਆਂ ਰਹਿੰਦੀਆਂ। ਘਰਦਿਆਂ ਤੋਂ ਅੱਖ ਬਚਾ ਕੇ ਮੈਂ ਉਹਦੇ ਨਾਲ ਸ਼ਰਾਰਤਾਂ ਕਰਨ ਦਾ ਮੌਕਾ ਖੁੰਝਣ ਹੀ ਨਹੀਂ ਦਿੰਦਾ, ਕਈ ਵਾਰੀ ਮੇਰੀ ਪਤਨੀ ਮੇਰੀਆਂ ਊਲ ਜਲੂਲ ਹਰਕਤਾਂ ਤੋਂ ਤੰਗ ਆ ਜਾਂਦੀ ਹੈ। ਅਕਸਰ ਉਹਦੇ ਪੈਰਾਂ ਵਿਚ ਪਾਈਆਂ ਝਾਜਰਾਂ ਦਾ ਮੇਰੇ ਕੰਨ ਪਿੱਛਾ ਕਰਦੇ ਹਨ, ਉਹ ਘਰ ਵਿਚ ਕਿਹੜੇ ਪਾਸੇ ਆ ਜਾ ਰਹੀ ਹੈ, ਉਸਦੀਆਂ ਝਾਜਰਾਂ ਮੇਰੇ ਲਈ ਸੈਂਸਰ ਦਾ ਕੰਮ ਕਰਦੀਆਂ ਹਨ। ਮੈਨੂੰ ਬੈਡਰੂਮ ਵਿਚ ਉਡੀਕ ਹੁੰਦੀ ਆ, ਉਹ ਰਾਤ ਨੂੰ ਜਲਦੀ ਤੋਂ ਜਲਦੀ ਰਸੋਈ ਦਾ ਕੰਮ ਨਿਬੇੜ ਕੇ ਆ ਜਾਵੇ, ਪਰ ਰਸੋਈ ਉਹਦਾ ਅੱਧੀ ਰਾਤ ਤੱਕ ਲੜ ਫੜ੍ਹੀ ਰੱਖਦੀ ਹੈ। ਸਵੇਰ ਤੋਂ ਸ਼ਾਮ ਤੱਕ ਬਸ ਉਹਦੇ ਭਾਂਡੇ ਹੀ ਖੜਕਦੇ ਰਹਿੰਦੇ ਹਨ। ਸਾਰੇ ਟੱਬਰ ਲਈ ਕਦੇ ਕੁੱਝ ਬਣਾਉਂਦੀ ਹੈ, ਕਦੇ ਕੁੱਝ ਬਣਾਉਂਦੀ ਹੈ। ਕਈ ਵਾਰੀ ਤਾ ਮੇਰੇ ਸਬਰ ਦਾ ਬੰਨ ਟੁੱਟ ਜਾਂਦਾ ਹੈ, “ਤੁਸੀਂ ਗੁੱਸੇ ਨਾ ਹੋਵੋ ਮੰਮੀ ਲਈ ਦੁੱਧ ਗਰਮ ਕਰਨ ਲੱਗ ਪਈ ਸੀ, ਜਰ੍ਹਾ ਦੇਰ ਹੋ ਗਈ।” ਉਹ ਕੋਸਾ ਜਿਹਾ ਚੁੰਮਣ ਦੇ ਕੇ ਮੈਨੂੰ ਜਲਦੀ ਹੀ ਮਨਾ ਲੈਂਦੀ ਹੈ।
ਮੈਂ ਚਾਹੁੰਦਾ ਹਾਂ ਕਿ ਉਹ ਸਵੇਰ ਨੂੰ ਵੀ ਮੇਰੀ ਬਾਂਹ ਤੋਂ ਜਲਦੀ ਨਾ ਉੱਠੇ, ਮੇਰੇ ਕੋਲ ਹੀ ਲੰਮੀ ਪਈ ਰਹੇ, ਪਰ ਤੜਕੇ ਹੀ ਉਹਨੂੰ ਫਿਰ ਰਸੋਈ ਉਡੀਕ ਰਹੀ ਹੁੰਦੀ ਆ। ਕਦੇ-ਕਦੇ ਮੈਂ ਸੋਚਦਾ ਹਾਂ, ਉਹ ਇਕ ਟੀ.ਵੀ ਹੈ ਤੇ ਉਹਦਾ ਰਿਮੋਰਟ ਬਟਨ ਘਰ ਦੇ ਬਾਕੀ ਮੈਬਰਾਂ ਦੇ ਹੱਥ ਵਿਚ ਹੈ, ਜਿਹਦਾ ਜੀਅ ਜੋ ਚਾਹੁੰਦਾ ਹੈ ਜੋ ਖਾਣ-ਪੀਣ ਨੂੰ ਉਹਨੂੰ ਹੁਕਮ ਚਾੜ੍ਹ ਦਿੰਦਾ ਹੈ। ਉਹਦਾ ਰਿਮੋਰਟ ਸਿਸਟਮ ਝੱਟ ਫਰਮਾਇਸ਼ ਪੂਰੀ ਕਰਨ ਲਈ ਕੰਮ ਦਾ ਚੈਨਲ ਬਦਲ ਦਿੰਦਾ ਹੈ।
ਸ਼ੁਰੂ-ਸ਼ੁਰੂ ਵਿਚ ਜਦ ਸਾਡਾ ਵਿਆਹ ਹੋਇਆ, ਉਹਦੇ ਕੋਲੋਂ ਵੱਖੋਂ-ਵੱਖਰੀਆਂ ਮਹਿਕਾਂ ਆਉਦੀਆਂ ਸਨ ਤੇ ਹੁਣ ਉਹਦੇ ਕੱਪੜਿਆਂ ਤੋਂ ਵੀ ਰਸੋਈ ਵਿਚ ਬਣਾਏ ਪਕਵਾਨਾਂ ਦੀਆਂ ਸਮੈਲਾਂ ਆਉਂਦੀਆਂ ਰਹਿੰਦੀਆਂ ਹਨ।ਮੈਨੂੰ ਕਚਿਆਣ ਜਿਹੀ ਆਉਦੀ ਹੈ…ਸਾਡੇ ਵਿਆਹ ਨੂੰ ਕਈ ਵਰ੍ਹੇ ਬੀਤ ਗਏ ਹਨ..
ਹੁਣ ਮੈਂ ਰਾਤ ਨੂੰ ਘੇਸਲ ਵੱਟ ਕੇ ਸੌਅ ਜਾਂਦਾ ਹਾਂ, ਬੱਚੇ ਉਹਨੂੰ ਰਾਤ ਨੂੰ ਵਾਰ-ਵਾਰ ਜਗਾਉਂਦੇ ਹਨ। ਮੈਨੂੰ ਲੱਗਦਾ ਹੈ ਮੇਰੀ ਨੀਂਦ ਭੰਗ ਹੋ ਗਈ। ਕਿਸੇ-ਕਿਸੇ ਰਾਤ ਮੇਰੀ ਨੀਂਦ ਟੁੱਟ ਜਾਂਦੀ ਹੈ, ਮੈਨੂੰ ਬਹੁਤ ਗੁੱਸਾ ਚੜ੍ਹਦਾ ਹੈ, ਮੈਂ ਸਿਰਾਣਾ ਚੁੱਕ ਕੇ ਵਿਹੜੇ ਵਿਚ ਜਾ ਕੇ ਲੰਮਾ ਪੈ ਜਾਂਦਾ ਹਾਂ।
ਹੁਣ ਉਹਦੇ ਪੈਰਾਂ ਵਿਚ ਝਾਜਰਾਂ ਨਹੀਂ ਹਨ, ਨਾ ਹੀ ਮੇਰੇ ਕੰਨ ਉਹਦੇ ਪੈਰਾਂ ਦਾ ਹੀ ਪਿੱਛਾ ਕਰਦੇ ਹਨ। ਵਿਆਹ ਤੋਂ ਬਾਅਦ ਕਦੇ-ਕਦੇ ਅਸੀਂ ਸਾਰੀ ਰਾਤ ਕੋਠੇ ਦੀ ਛੱਤ ਉੱਤੇ ਦੋਵੇਂ ਮੰਜਾ ਡਾਹ ਕੇ ਪੈ ਜਾਂਦੇ, ਤਾਰਿਆਂ ਦੀਆਂ ਗੱਲਾਂ ਕਰਦੇ, ਅਕਾਸ਼ ਨਾਲ ਜੁੜੀਆਂ ਮਿੱਥਾਂ ਸਾਡੀਆਂ ਗੱਲਾਂ ਦਾ ਵਿਸ਼ਾ ਹੁੰਦੀਆਂ । ਪਤਾ ਹੀ ਨਾ ਲੱਗਦਾ ਕਦ ਤੜਕਾ ਹੋ ਗਿਆ ਤੇ ਹੁਣ ਰਾਤ ਨੂੰ ਖੂਬਸੂਰਤ ਤਾਰੇ ਵੀ ਮੈਨੂੰ ਘਸਮੈਲੇ ਜਿਹੇ ਲੱਗਦੇ ਹਨ। ਟੀ.ਵੀ ਦਾ ਉੱਚਾ ਸ਼ੋਰ ਮੇਰੇ ਕੰਨ ਬਰਦਾਸ਼ਤ ਨਹੀਂ ਕਰਦੇ।
ਮੈਂ ਇਕ ਛੋਟਾ ਜਿਹਾ ਲੇਖਕ ਹਾਂ, ਕਦੇ-ਕਦੇ ਕੋਈ ਇਕ ਅੱਧ ਕਹਾਣੀ ਲਿਖ ਲੈਂਦਾ ਹਾਂ। ਦਿਲ ਦਾ ਗੁੱਭ-ਗੁਭਾਟ ਕੱਢ ਲੈਂਦਾ ਹਾਂ। ਮੈਂ ਆਹ ਜਦੋਂ ਦਾ ਆਈਫੋਨ ਖਰੀਦਿਆ ਹੈ, ਸੋਚਦਾ ਹਾਂ, ਇਹਦੇ ਨਾਲ ਮੇਰੀ ਦੁਨੀਆਂ ਹੀ ਬਦਲ ਗਈ ਆ। ਰਾਤ ਨੂੰ ਪਤਾ ਨਹੀਂ ਪਤਨੀ ਕਦੋਂ ਕਮਰੇ ਵਿਚ ਆਉਂਦੀ ਹੈ ਤੇ ਕਦੋਂ ਨਹੀਂ, ਮੈਂ ਹੁਣ ਉਹਦੀ ਬਹੁਤੀ ਪ੍ਰਵਾਹ ਨਹੀਂ ਕਰਦਾ । ਕਿਸੇ-ਕਿਸੇ ਦਿਨ ਤਾਂ ਵੱਖਰੇ ਕਮਰੇ ਵਿਚ ਹੀ ਜਾ ਕੇ ਸੌਅ ਜਾਂਦਾ ਹਾਂ।
ਮੈਂ ਫੇਸਬੁੱਕ ਚਲਾਉਣੀ ਸਿੱਖ ਲਈ ਹੈ। ਮੇਰੇ ਫੇਸਬੁੱਕ ਅਕਾਊਂਟ ਤੇ ਮੇਰੇ ਨਵੇਂ-ਨਵੇਂ ਦੋਸਤ ਤੇ ਸਹੇਲੀਆਂ ਬਣ ਰਹੀਆਂ ਹਨ। ਮੇਰੇ ਦੋਸਤਾਂ ਦਾ ਘੇਰਾ ਵਿਸ਼ਾਲ ਹੁੰਦਾ ਜਾ ਰਿਹਾ ਹੈ। ਕਿਸੇ-ਕਿਸੇ ਦਿਨ ਮੇਰੀ ਘਰਵਾਲੀ ਮੇਰਾ ਫੋਨ ਚੁੱਕ ਕੇ ਵੇਖਦੀ ਹੈ, ਮੈਂ ਆਖ ਦਿੰਦਾ ਹਾਂ, “ਮੈਂ ਜਰ੍ਹਾਂ ਇਹਦੇ ‘ਤੇ ਆਫਿਸ ਦਾ ਕੰਮ ਕਰਨਾ ਹੈ, ਤੂੰ ਆਪਣਾ ਹੀ ਫੋਨ ਵਰਤ।”
ਉਹ ਖਿਝ ਕੇ ਫੋਨ ਰੱਖ ਦਿੰਦੀ ਹੈ, ਲੱਗਦਾ ਹੈ ਫੋਨ ਰੱਖਿਆ ਨਹੀਂ, ਮੇਰੇ ਸਿਰ ਵਿਚ ਵਗਾਹ ਕੇ ਮਾਰਿਆ ਹੈ। ਮੈਨੂੰ ਸੋਹਣੀਆਂ-ਸੋਹਣੀਆਂ ਕੁੜੀਆਂ ਦੇ ਮੈਸਿਜ ਆਉਂਦੇ ਹਨ , ਮੈਂ ਪਤਨੀ ਤੋਂ ਅੱਖ ਬਚਾ ਕੇ ਮੈਸਿਜ਼ ਡਿਲੀਟ ਕਰ ਦਿੰਦਾ ਹਾਂ।
ਸੋਹਣੀਆਂ ਸੁਨੱਖੀਆਂ ਸਹੇਲੀਆਂ ਨਾਲ ਗੱਲਾਂ ਕਰ ਕੇ ਪਤਨੀ ਦੇ ਰਸੋਈ ਵਿਚੋਂ ਵਾਪਸ ਆਉਣ ਤੱਕ ਮੇਰੇ ਮਨ ਨੂੰ ਸੰਤੁਸ਼ਟੀ ਜਿਹੀ ਹੋ ਜਾਂਦੀ ਹੈ। ਉਹ ਸਾਰੇ ਦਿਨ ਦੀ ਥੱਕੀ ਟੁੱਟੀ ਆਉਂਦੀ ਹੈ, ਮੈਂ ਪਾਸਾ ਵੱਟ ਕੇ ਲੰਮਾ ਪੈ ਜਾਂਦਾ ਹਾਂ। ਉਹ ਇਕ ਦੋ ਵਾਰ ਮੇਰੇ ਵੱਲ ਵੇਖਦੀ ਹੈ, ਮੈਂ ਸੌਣ ਦਾ ਨਾਟਕ ਕਰਦਾ ਹਾਂ।ਮੇਰੇ ਵਲੋਂ ਜਦੋਂ ਕੋਈ ਰਿਸਪਾਸ ਨਹੀਂ ਮਿਲਦਾ ਤਾਂ ਉਹ ਲੰਮੀ ਪੈ ਜਾਂਦੀ ਹੈ, ਉਹਨੂੰ ਲੰਮਿਆਂ ਪੈਂਦੇ ਸਾਰ ਹੀ ਨੀਂਦ ਆ ਜਾਂਦੀ ਹੈ।
ਮੈਂ ਪਾਸਾ ਵੱਟ ਕੇ
ਵੇਖਦਾ ਹਾਂ, ਉਹਦੇ ਸੌਣ ਮਗਰੋਂ
ਮੈਂ ਫਿਰ ਫੋਨ ਚੁੱਕ ਲੈਂਦਾ ਹਾਂ।ਮੈਂਨੂੰ ਰਾਤ ਦੇ ਕਦੇ-ਕਦੇ ਤਾਂ ਦੋ ਹੀ ਵੱਜ ਜਾਂਦੇ ਹਨ।ਸਵੇਰੇ
ਮੇਰੀ ਜਾਗ ਨਹੀਂ ਖੁੱਲਦੀ , ਮੇਰੀ ਪਤਨੀ ਤੜਕੇ
ਉੱਠ ਕੇ ਫਿਰ ਮੇਰੇ ਦਫ਼ਤਰ ਜਾਣ ਦੀ ਤਿਆਰੀ ਕਰਨ ਲੱਗ ਪੈਂਦੀ ਹੈ।
ਸਮਾਂ ਬੀਤ ਰਿਹਾ ਹੈ,
ਸਮੇਂ ਦੇ ਬੀਤਣ ਨਾਲ
ਬੱਚੀਆਂ ਕੁੱਝ ਵੱਡੀਆਂ ਹੋ ਗਈਆਂ ਹਨ, ਮੇਰੇ ਤੇ ਮੇਰੀ ਪਤਨੀ ਵਿਚ ਇਕ ਛੱਤ ਹੇਠ ਰਹਿ ਕੇ
ਦੂਰੀਆਂ ਬਹੁਤ ਵੱਧ ਰਹੀਆਂ ਹਨ। ਮੇਰੀ ਪਤਨੀ ਨੇ ਵੀ ਹੁਣ ਇਕ ਛੋਟੀ ਜਿਹੀ ਪਾਰਟ ਟਾਈਮ ਨੌਕਰੀ
ਜੁਆਇੰਨ ਕਰ ਲਈ ਹੈ।
ਅਸੀਂ ਦੋਵੇਂ ਕਮਰੇ ਵਿਚ ਹੋਈਏ ਇਕ ਸੰਨਾਟਾ ਜਿਹਾ ਪੱਸਰਿਆ ਰਹਿੰਦਾ ਹੈ, ਪਰ ਹਾਂ ਹੁਣ ਕਮਰੇ ਵਿਚ ਇਕ ਵੱਖਰੀ ਤਰ੍ਹਾਂ ਦੀ ਮਹਿਕ ਫੈਲੀ-ਫੈਲੀ ਮਹਿਸੂਸ ਹੁੰਦੀ ਹੈ।ਮੇਰੀ ਪਤਨੀ ਨੇ ਹੁਣ ਘਰ ਦੇ ਕੰਮਾਂ ਲਈ ਹੱਥ ਵਟਾਉਣ ਵਾਸਤੇ ਇਕ ਮੇਡ ਰੱਖ ਲਈ ਹੈ, ਉਹ ਆਪਣੇ ਦਿਲ ਦੀਆਂ ਗੱਲਾਂ ਉਹਦੇ ਨਾਲ ਹੱਸ-ਹੱਸ ਕੇ ਸਾਝੀਆਂ ਕਰਦੀ ਹੈ।ਇਹ ਹਾਸਾ ਮੈਨੂੰ ਚੰਗਾ ਨਹੀਂ ਲੱਗਦਾ, ਇਹ ਹਾਸਾ ਮੈਨੂੰ ਅੰਦਰੋਂ-ਅੰਦਰੀਂ ਵੱਢ-ਵੱਢ ਕੇ ਖਾ ਰਿਹਾ ਹੈ।ਮੈਂ ਹੁਣ ਚਾਹੁੰਦਾ ਹਾਂ ਕਿ ਉਹ ਮੇਰੇ ਨਾਲ ਕੋਈ ਗਲਬਾਤ ਕਰੇ ਪਰ…
ਡਰੈਸਿੰਗ ਟੇਬਲ ਦੀ ਲੁੱਕ ਹੁਣ ਬਦਲ ਗਈ ਹੈ, ਨਵੇਂ-ਨਵੇਂ ਬ੍ਰਾਂਡਾਂ ਦੇ ਪ੍ਰਫਿਊਮਜ਼ ਤੇ ਮੇਕਅੱਪ ਦਾ ਸਮਾਨ ਵੱਡੀ ਗਿਣਤੀ ਵਿਚ ਟੇਬਲ ਉੱਤੇ ਪਿਆ ਹੈ। ਪਤਨੀ ਮੇਰੀ ਹੁਣ ਘਰੋਂ ਬਾਹਰ ਜਾਣ ਸਮੇਂ ਮੈਨੂੰ ਦੱਸਦੀ ਵੀ ਨਹੀਂ, ਕਦੋਂ ਆਵੇਗੀ, ਕਿੱਥੇ ਜਾ ਰਹੀ ਹੈ?
ਉਹ ਰਾਤ ਨੂੰ ਰਸੋਈ ਦਾ ਕੰਮ ਫਟਾਫਟ ਨਿਬੇੜ ਲੈਂਦੀ ਹੈ, ਬਾਕੀ ਕੰਮ ਮੇਡ ਕਰ ਜਾਂਦੀ ਹੈ। ਉਹਦੇ ਹੱਥਾਂ ਵਿਚ ਐਪਲ ਦਾ ਆਈਫੋਨ ਹੈ, ਮੇਰੇ ਘਰ ਹੁੰਦਿਆ ਉਹ ਫੋਨ ਨੂੰ ਕਦੇ ਇਕੱਲਾ ਨਹੀਂ ਛੱਡਦੀ। ਬਾਥਰੂਮ ਵਿਚ ਵੀ ਨਾਲ ਹੀ ਲੈ ਕੇ ਜਾਵੇਗੀ।ਉਹ ਮੈਸਿਜ਼ ਕਰਦੀ-ਕਰਦੀ ਇਕੱਲੀ ਹੀ ਕਦੇ-ਕਦੇ ਉੱਚੀ-ਉੱਚੀ ਹੱਸਣ ਲੱਗ ਪਵੇਗੀ।ਮੈਂ ਪਾਸਾ ਵੱਟ ਕੇ ਸੌਣ ਦਾ ਨਾਟਕ ਕਰਦਾ ਹਾਂ, ਉਹਦਾ ਹਾਸਾ ਮੈਨੂੰ ਸੌਣ ਨਹੀਂ ਦਿੰਦਾ।ਉਹ ਫੋਨ ਤੇ ਲੱਗੀ ਰਹਿੰਦੀ ਹੈ ਤੇ ਮੈਂ …. ਉਹ ਸੌਣ ਵੇਲੇ ਫੌਨ ਆਪਣੇ ਤੇ ਪਾਸਵਰਡ ਲਾ ਕੇ ਘੂਕ ਸੌਅ ਜਾਵੇਗੀ। ਉਹਦੇ ਸੌਣ ਤੋਂ ਬਾਅਦ ਮੈਂ ਸਾਰੀ ਰਾਤ ਉਸਲਵੱਟੇ ਮਾਰਦਾ ਰਹਿੰਦਾ ਹਾਂ ਤੇ ਟੇਬਲ ਤੇ ਪਿਆ ਉਹਦਾ ਆਈਫੇਨ ਮੇਰੀਆ ਅੱਖਾਂ ਨੂੰ…
(ਲੇਖਿਕਾ ਨਾਲ ਇਸ 9464330803 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।)