ਸ੍ਰੀ ਮੁਕਤਸਰ ਸਾਹਿਬ : ਸ਼ੇਰ ਸਿੰਘ ਚੌਂਕ ‘ਚ ਦਰਮਿਆਨੀ ਰਾਤ ਵੱਡੀ ਚੋਰੀ: ਮੁੰਹ ਬੰਨ੍ਹੇ ਚੋਰ 20 ਮੋਬਾਇਲ ਤੇ 2 ਲੱਖ ਰੁਪਏ ਕੈਸ਼ ਲੈ ਭੱਜੇ

0
131

ਸ੍ਰੀ ਮੁਕਤਸਰ ਸਾਹਿਬ, 15 ਨਵੰਬਰ (ਤਰਸੇਮ ਢੁੱਡੀ) | ਸ੍ਰੀ ਮੁਕਤਸਰ ਸਾਹਿਬ ਦੇ ਭੀੜ-ਭਾੜ ਵਾਲੇ ਸ਼ੇਰ ਸਿੰਘ ਚੌਂਕ ‘ਚ ਸਥਿਤ ਬਾਲਾ ਜੀ ਮੋਬਾਈਲ ਸ਼ਾਪ ‘ਚ ਦਰਮਿਆਨੀ ਰਾਤ ਚੋਰਾਂ ਵੱਲੋਂ ਵੱਡੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਚੋਰ ਕਟਰ ਦੀ ਮਦਦ ਨਾਲ ਸ਼ਟਰ ਦਾ ਤਾਲਾ ਤੋੜ ਕੇ ਆਸਾਨੀ ਨਾਲ ਦੁਕਾਨ ਅੰਦਰ ਦਾਖਲ ਹੋਏ ਅਤੇ ਕੁਝ ਹੀ ਮਿੰਟਾਂ ਵਿੱਚ 20 ਦੇ ਕਰੀਬ ਨਵੇਂ ਤੇ ਪੁਰਾਣੇ ਮਹਿੰਗੇ ਮੋਬਾਇਲ ਚੋਰੀ ਕਰ ਗਏ। ਇਸਦੇ ਨਾਲ ਹੀ ਕਾਊਂਟਰ ਵਿੱਚ ਰੱਖੇ ਲਗਭਗ 2 ਲੱਖ ਰੁਪਏ ਵੀ ਗਾਇਬ ਮਿਲੇ, ਜੋ ਦੁਕਾਨਦਾਰ ਨੇ ਅਗਲੇ ਦਿਨ ਮਾਲ ਖਰੀਦਣ ਲਈ ਸੰਭਾਲ ਕੇ ਰੱਖੇ ਸਨ।

ਦੁਕਾਨਦਾਰ ਦੇ ਮੁਤਾਬਕ, ਕੁੱਲ ਕਰੀਬ 5 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਵਾਰਦਾਤ ਦੀ ਪੂਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ, ਜਿਸ ਵਿੱਚ ਇੱਕ ਨੌਜਵਾਨ ਦਾ ਮੂੰਹ ਬੰਨਿਆ ਹੋਇਆ ਸਾਫ਼ ਦਿਖਾਈ ਦਿੰਦਾ ਹੈ। ਫੁਟੇਜ ਵਿੱਚ ਚੋਰ ਕੈਮਰੇ ਦੀ ਦਿਸ਼ਾ ਮੋੜਦਾ ਹੋਇਆ ਅਤੇ ਬਾਹਰ ਖੜ੍ਹੇ ਆਪਣੇ ਸਾਥੀ ਨਾਲ ਗੱਲਬਾਤ ਕਰਦਾ ਵੀ ਦਿਖਿਆ, ਜਿਸ ਨਾਲ ਇਹ ਸਪਸ਼ਟ ਹੁੰਦਾ ਹੈ ਕਿ ਚੋਰੀ ਪੂਰੀ ਯੋਜਨਾ ਨਾਲ ਕੀਤੀ ਗਈ।

ਦੁਕਾਨਦਾਰ ਨੇ ਰਾਤ ਦੇ ਸਮੇਂ ਪੀਸੀਆਰ ਗਸ਼ਤ ਨਾ ਹੋਣ ‘ਤੇ ਨਾਰਾਜ਼ਗੀ ਜ਼ਾਹਰ ਕਰਦੇ ਹੋਏ ਪੁਲਿਸ ਤੋਂ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ। ਉਹਨਾਂ ਨੇ ਕਿਹਾ ਕਿ ਰਾਤ ਵਿੱਚ ਚੋਰੀਆਂ ਵਧਦੀਆਂ ਜਾ ਰਹੀਆਂ ਹਨ, ਜਿਨ੍ਹਾਂ ਕਾਰਨ ਲੋਕ ਖੌਫ਼ਜ਼ਦਾ ਹਨ। ਪੁਲਿਸ ਨੇ ਵਾਰਦਾਤ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।