ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ ‘ਚ ਖਿਡਾਰੀ ਦੀ ਮੌਤ, ਅਚਾਨਕ ਪਿਆ ਦਿਲ ਦਾ ਦੌਰਾ

0
232

ਲੁਧਿਆਣਾ/ਜਲੰਧਰ, 6 ਨਵੰਬਰ | ਪੰਜਾਬ ਦੇ ਇੱਕ ਅਥਲੀਟ ਦੀ ਗੁਰੂ ਨਾਨਕ ਸਟੇਡੀਅਮ ਵਿਚ ਮੌਤ ਹੋ ਗਈ, ਜਿਸ ਦੀ ਵੀਡੀਓ ਵੀ ਸਾਹਮਣੇ ਆਈ ਹੈ। ਜਲੰਧਰ ਤੋਂ 54 ਸਾਲਾ ਵੈਟਰਨ ਐਥਲੀਟ ਵਰਿੰਦਰ ਸਿੰਘ ਖੇਡਾਂ ਵਤਨ ਪੰਜਾਬ ਦੀਆ ਸੀਜ਼ਨ-3 ਵਿਚ ਹਿੱਸਾ ਲੈਣ ਲਈ ਆਇਆ ਸੀ। ਅਥਲੀਟ ਵਰਿੰਦਰ ਆਪਣੇ ਦੋਸਤ ਨਾਲ ਫੋਨ ‘ਤੇ ਗੱਲ ਕਰ ਰਿਹਾ ਸੀ। ਫੋਨ ਜੇਬ ਵਿਚ ਰੱਖਦਿਆਂ ਹੀ ਉਸ ਨੂੰ ਅਚਾਨਕ ਦਿਲ ਦਾ ਦੌਰਾ ਪੈ ਗਿਆ। ਉਹ ਡਿੱਗ ਪਿਆ। ਜਦੋਂ ਤੱਕ ਆਸਪਾਸ ਦੇ ਖਿਡਾਰੀ ਉਸ ਨੂੰ ਸੰਭਾਲ ਸਕੇ, ਉਦੋਂ ਤੱਕ ਉਹ ਮਰ ਚੁੱਕਾ ਸੀ।

ਇਹ ਮੁਕਾਬਲੇ ਸੋਮਵਾਰ ਨੂੰ ਲੁਧਿਆਣਾ ਸਮੇਤ ਪੰਜਾਬ ਦੇ ਪੰਜ ਜ਼ਿਲ੍ਹਿਆਂ ਵਿਚ ਸ਼ੁਰੂ ਹੋਏ ਅਤੇ ਇਸ ਵਿਚ ਅਥਲੈਟਿਕਸ, ਬੇਸਬਾਲ, ਕਿੱਕਬਾਕਸਿੰਗ ਅਤੇ ਲਾਅਨ ਟੈਨਿਸ ਵਰਗੇ ਮੁਕਾਬਲੇ ਸ਼ਾਮਲ ਹਨ। ਜਿਸ ਵਿਚ ਨੌਜਵਾਨ ਅਤੇ ਤਜ਼ਰਬੇਕਾਰ ਦੋਵੇਂ ਖਿਡਾਰੀ ਭਾਗ ਲੈ ਰਹੇ ਹਨ ਅਤੇ ਇਹ 9 ਨਵੰਬਰ ਤੱਕ ਜਾਰੀ ਰਹੇਗਾ। ਇਹ ਸਮਾਗਮ ਗੁਰੂ ਨਾਨਕ ਸਟੇਡੀਅਮ, ਮਲਟੀਪਰਪਜ਼ ਹਾਲ, ਸਰਕਾਰੀ ਗਰਲਜ਼ ਸਕੂਲ ਗਿੱਲ ਅਤੇ ਜੱਸੋਵਾਲ ਸਥਿਤ ਹਾਰਵੈਸਟ ਲਾਅਨ ਟੈਨਿਸ ਅਕੈਡਮੀ ਵਿਖੇ ਕਰਵਾਏ ਜਾ ਰਹੇ ਹਨ।

ਵਰਿੰਦਰ ਲੰਬੀ ਛਾਲ ਦਾ ਖਿਡਾਰੀ ਸੀ

ਜਲੰਧਰ ਤੋਂ ਲੁਧਿਆਣਾ ਆਏ ਵਰਿੰਦਰ ਨੇ ਲੰਬੀ ਛਾਲ ਮੁਕਾਬਲੇ ਵਿਚ ਭਾਗ ਲਿਆ। ਕੋਚ ਬਿਕਰਮਜੀਤ ਸਿੰਘ ਅਨੁਸਾਰ ਜਦੋਂ ਵਰਿੰਦਰ ਸਿੰਘ ਨੂੰ ਦਿਲ ਦਾ ਦੌਰਾ ਪਿਆ ਤਾਂ ਉਹ ਮੈਦਾਨ ‘ਤੇ ਮੌਜੂਦ ਸਨ। ਵਰਿੰਦਰ ਨੇ 3 ਵਜੇ ਤੱਕ ਆਪਣੀ ਖੇਡ ਪੂਰੀ ਕਰ ਲਈ ਸੀ ਪਰ ਦੂਜੇ ਐਥਲੀਟਾਂ ਨੂੰ ਦੇਖ ਰਿਹਾ ਸੀ। ਸ਼ਾਮ 5:30 ਵਜੇ ਅਚਾਨਕ ਅਟੈਕ ਹੋਣ ਕਾਰਨ ਜ਼ਮੀਨ ‘ਤੇ ਡਿੱਗ ਗਿਆ।

ਅਥਲੀਟ ਕੋਚ ਸੰਜੀਵ ਸ਼ਰਮਾ ਨੇ ਦੱਸਿਆ ਕਿ ਉਹ ਉਸ ਸਮੇਂ ਮੈਦਾਨ ‘ਤੇ ਮੌਜੂਦ ਸਨ। ਜਦੋਂ ਵਰਿੰਦਰ ਦੂਜੇ ਭਾਗੀਦਾਰਾਂ ਨੂੰ ਦੇਖ ਰਿਹਾ ਸੀ ਤਾਂ ਉਸ ‘ਤੇ ਅਟੈਕ ਹੋਇਆ ਅਤੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਨੇੜੇ ਹੀ ਇਕ ਮੈਡੀਕਲ ਟੀਮ ਮੌਜੂਦ ਸੀ, ਜੋ ਉਸ ਨੂੰ ਤੁਰੰਤ ਹਸਪਤਾਲ ਲੈ ਗਈ ਪਰ ਉੱਥੇ ਪਹੁੰਚਣ ‘ਤੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।