ਖੇਡ ਮੰਤਰੀ ਮੀਤ ਹੇਅਰ ਵੱਲੋਂ ਪੰਜਾਬ ਸਪੋਰਟਸ ਯੂਨੀਵਰਸਿਟੀ ਦਾ ਨਵੇਂ ਸਾਲ ਦਾ ਕੈਲੰਡਰ ਜਾਰੀ

0
1467
ਚੰਡੀਗੜ੍ਹ, 31 ਦਸੰਬਰ | ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਨਵੇਂ ਸਾਲ ਦੀ ਪੂਰਵ ਸੰਧਿਆ ਉੱਤੇ ਪੰਜਾਬ ਦੀਆਂ ਖੇਡ ਪ੍ਰਾਪਤੀਆਂ ਨੂੰ ਦਰਸਾਉਂਦਾ ਨਵੇਂ ਸਾਲ ਦਾ ਕੈਲੰਡਰ ਜਾਰੀ ਕੀਤਾ। ਇਹ ਕੈਲੰਡਰ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ਵੱਲੋਂ ਤਿਆਰ ਕੀਤਾ ਗਿਆ, ਜਿਸ ਵਿਚ ਪੰਜਾਬ ਦੇ ਸਮੂਹ ਐਵਾਰਡ ਜੇਤੂ ਖਿਡਾਰੀ ਤੇ ਖਿਡਾਰਨਾਂ ਨੂੰ ਸ਼ਾਮਲ ਕੀਤਾ ਗਿਆ ਹੈ। 2 ਕੈਲੰਡਰ ਤਿਆਰ ਕੀਤੇ ਗਏ ਹਨ, ਇਕ ਦੀਵਾਰ ਵਾਲਾ ਅਤੇ ਦੂਜਾ ਟੇਬਲ ਕੈਲੰਡਰ। ਖੇਡ ਮੰਤਰੀ ਵੱਲੋਂ ਵਿਸ਼ੇਸ਼ ਮੁੱਖ ਸਕੱਤਰ ਸਰਵਜੀਤ ਸਿੰਘ ਤੇ ਪੰਜਾਬ ਸਪੋਰਟਸ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਲੈਫਟੀਨੈਂਟ ਜਨਰਲ (ਰਿਟਾ.) ਜੇ.ਐਸ. ਚੀਮਾ ਦੀ ਹਾਜ਼ਰੀ ਵਿਚ ਇਹ ਜਾਰੀ ਕੀਤੇ ਗਏ।
ਖੇਡ ਮੰਤਰੀ ਨੇ ਨਵੇਂ ਸਾਲ ਦੀ ਸਮੂਹ ਪੰਜਾਬੀਆਂ ਅਤੇ ਖੇਡ ਜਗਤ ਨੂੰ ਵਧਾਈ ਦਿੰਦਿਆਂ ਕਿਹਾ ਕਿ ਪੰਜਾਬ ਦਾ ਅਮੀਰ ਖੇਡ ਵਿਰਸਾ ਹੈ ਅਤੇ ਪੰਜਾਬੀ ਖਿਡਾਰੀਆਂ ਨੇ ਦੁਨੀਆ ਵਿਚ ਆਪਣੀ ਖੇਡ ਦਾ ਲੋਹਾ ਮਨਵਾਇਆ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਸਰਕਾਰ ਖੇਡਾਂ ਵਿਚ ਸੂਬੇ ਦੀ ਗੁਆਚੀ ਸ਼ਾਨ ਬਹਾਲ ਕਰਨ ਲਈ ਨਿਰੰਤਰ ਉਪਰਾਲੇ ਕਰ ਰਹੀ ਹੈ। ਨਵੀਂ ਖੇਡ ਨੀਤੀ ਦੇ ਪਹਿਲੇ ਹੀ ਸਾਲ ਸਾਰਥਕ ਨਤੀਜੇ ਸਾਹਮਣੇ ਆਏ ਅਤੇ ਪੰਜਾਬ ਦੇ ਖਿਡਾਰੀਆਂ ਨੇ ਏਸ਼ੀਅਨ ਗੇਮਜ਼ ਵਿਚ 72 ਸਾਲ ਦੇ ਰਿਕਾਰਡ ਤੋੜਦਿਆਂ 8 ਸੋਨ ਤਮਗ਼ਿਆਂ ਸਣੇ ਕੁੱਲ 20 ਤਮਗ਼ੇ ਜਿੱਤੇ।
ਖੇਡ ਮੰਤਰੀ ਨੇ ਦੱਸਿਆ ਕਿ ਪੰਜਾਬ ਦੇ ਖਿਡਾਰੀਆਂ ਨੇ ਹੁਣ ਤੱਕ ਚਾਰ ਪਦਮ ਭੂਸ਼ਣ, 24 ਪਦਮਸ਼੍ਰੀ, ਚਾਰ ਖੇਲ ਰਤਨ ਪੁਰਸਕਾਰ, 129 ਅਰਜੁਨਾ ਐਵਾਰਡ, 15 ਦਰੋਣਾਚਾਰੀਆ ਐਵਾਰਡ, 21 ਧਿਆਨ ਚੰਦ ਐਵਾਰਡ ਅਤੇ ਪੰਜ ਤੇਨਜ਼ਿੰਗ ਨਾਰਗੇ ਪੁਰਸਕਾਰ ਜਿੱਤੇ ਹਨ। ਸਮੂਹ 202 ਐਵਾਰਡ ਜੇਤੂ ਕੈਲੰਡਰ ਵਿਚ ਸ਼ਾਮਲ ਕੀਤੇ ਗਏ ਹਨ।
ਲੈਫਟੀਨੈਂਟ ਜਨਰਲ (ਰਿਟਾ.) ਜੇ.ਐਸ. ਚੀਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੈਲੰਡਰ ਦਾ ਵਿਲੱਖਣ ਪਹਿਲੂ ਇਹ ਹੈ। ਇਸ ਵਿਚ ਕੌਮਾਂਤਰੀ ਔਰਤ ਦਿਵਸ ਵਾਲੇ ਮਾਰਚ ਮਹੀਨੇ ਦੀਆਂ ਸਾਰੀਆਂ ਐਵਾਰਡ ਜੇਤੂ ਮਹਿਲਾ ਖਿਡਾਰਨਾਂ, ਵਿਸ਼ਵ ਐਥਲੈਟਿਕਸ ਦਿਵਸ ਵਾਲੇ ਮਈ ਮਹੀਨੇ ਸਾਰੇ ਐਥਲੈਟਿਕਸ ਦੇ ਐਵਾਰਡ ਜੇਤੂ ਸ਼ਾਮਲ ਹਨ। ਇਕ ਪਰਿਵਾਰ ਵਿਚ ਕਈ ਐਵਾਰਡ ਜੇਤੂ ਖਿਡਾਰੀ ਵੀ ਹਨ ਜਿਵੇਂ ਪਿਤਾ-ਪੁੱਤਰ, ਦੋ ਭਰਾ, ਪਤੀ-ਪਤਨੀ, ਚਾਚਾ-ਭਤੀਜਾ ਆਦਿ ਹਨ। ਇਨ੍ਹਾਂ ਸਭ ਨੂੰ ਕੈਲੰਡਰ ਵਿਚ ਵਿਸ਼ੇਸ਼ ਸਥਾਨ ਦਿੱਤਾ ਗਿਆ ਹੈ।