ਪੇਂਟਿੰਗ ਬਣਾਉਣ ਲਈ ਵੀ ਪੜ੍ਹਨਾ ਬੇਹੱਦ ਜ਼ਰੂੁਰੀ…

0
16251

ਚਿੱਤਰਕਾਰ ਗੁਰਪ੍ਰੀਤ ਬਠਿੰਡਾ ਨੂੰ ਆਪਣਾ ਆਦਰਸ਼ ਮੰਨਦੀ ਹੈ ਸ਼ੀਤਲ ਜਰਿਆਲ

-ਪ੍ਰਿਅੰਕਾ

ਹੁਸ਼ਿਆਰਪੁਰ ਜ਼ਿਲ੍ਹੇ ਦੇ ਇੱਕ ਛੋਟੇ ਜਿਹੇ ਪਿੰਡ ਨੰਗਲ ਥੱਥਲ ਦੀ ਰਹਿਣ ਵਾਲੀ ਸ਼ੀਤਲ ਜਰਿਆਲ ਇੱਕ ਸੰਵੇਦਨਸ਼ੀਲ ਚਿੱਤਰਕਾਰ ਹੈ। ਆਪਣੇ ਅੰਦਰ ਦੇ ਵਿਚਾਰਾਂ ਨੂੰ ਚਿੱਤਰਾਂ ਰਾਹੀਂ ਵਿਅਕਤ ਕਰਨਾ ਉਸ ਨੂੰ ਬਾਖੂਬੀ ਆਉਂਦਾ ਹੈ। ਸ਼ੀਤਲ ਪੱਤਰਕਾਰੀ ਦੀ ਪੜ੍ਹਾਈ ਡੀਏਵੀ ਯੂਨੀਵਰਸਿਟੀ ਜਲੰਧਰ ਤੋਂ ਕਰ ਰਹੀ ਹੈ। ਪੜ੍ਹਾਈ ਦੇ ਨਾਲ-ਨਾਲ ਉਹ ਆਪਣੀ ਅੰਦਰ ਦੀ ਕਲਾ ਉਪਰ ਵੀ ਕੰਮ ਕਰ ਰਹੀ ਹੈ। ਉਹ ਆਪਣੀ ਕਲਾ ਦੇ ਨਾਲ ਸਮਾਜ ਨੂੰ ਸੇਧ ਦੇਣਾ ਚਾਹੁੰਦੀ ਹੈ। ਪੜ੍ਹੋ ਉਸ ਨਾਲ ਹੋਈ ਲੰਮੀ ਗੱਲਬਾਤ ਦੇ ਕੁਝ ਖ਼ਾਸ ਅੰਸ਼…

ਚਿੱਤਰਕਾਰ ਸ਼ੀਤਲ ਜਰਿਆਲ

ਪੇਂਟਿੰਗ ਕਰਨ ਸਮੇ ਤੁਹਾਡੇ ਮਨ ਵਿੱਚ ਵਿਸ਼ਾ ਕਿਸ ਤਰ੍ਹਾ ਆਉਂਦਾ ਹੈ?

ਚਾਹੇ ਅਸੀਂ ਕੁੱਝ ਲਿਖਣਾ ਹੋਵੇ ਚਾਹੇ ਪੇਂਟਿੰਗ ਕਰਨੀ ਹੋਵੇ ਪੜ੍ਹਨਾ ਜ਼ਰੂਰੀ ਹੈ। ਮੈਂ ਜਦੋਂ ਕੁੱਝ ਪੜ੍ਹਦੀ ਹਾਂ ਫਿਰ ਜੋ ਵੀ ਵਿਚਾਰ ਆਉਂਦੇ ਮੇਰੇ ਮਨ ਵਿੱਚ ਮੈਂ ਉਹਨੂੰ ਵਿਸ਼ਾ ਬਣਾ ਲੈਂਦੀ ਹਾਂ। ਮੈਂ ਕਈ ਪੇਂਟਿੰਗ ਨਾਵਲ ਪੜ੍ਹਨ ਤੋਂ ਬਾਅਦ ਬਣਾਈਆਂ ਹਨ। ਮੈਂ ਕਈ ਵਾਰ ਖਬਰਾਂ ਪੜ੍ਹ ਕੇ ਕਾਰਟੂਨ ਵੀ ਬਣਾਏ ਹਨ।

ਤੁਸੀਂ ਆਪਣੀ ਪ੍ਰੇਰਣਾ ਸ੍ਰੋਤ ਕਿਸ ਨੂੰ ਮੰਨਦੇ ਹੋ?

ਮੇਰੇ ਲਈ ਹਰ ਉਹ ਇਨਸਾਨ ਪ੍ਰੇਰਨਾ ਸ੍ਰੋਤ ਹੈ ਜਿਹੜਾ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਮੁਸ਼ੱਕਤ ਕਰਦਾ ਹੈ। ਮੇਰੀ ਲਈ ਘਰ ਵਿਚੋਂ ਸਭ ਤੋਂ ਵੱਡੀ ਪ੍ਰੇਰਨਾ ਮੇਰੇ ਪਾਪਾ ਹਨ, ਜਿਹਨਾਂ ਨੇ ਮੈਨੂੰ ਜੀਵਨ ਜਾਚ ਸਿਖਾਈ ਹੈ ਤੇ ਆਰਟ ਦੀ ਦੁਨੀਆਂ ਵਿਚ ਚਿੱਤਰਕਾਰ ਗੁਰਪ੍ਰੀਤ ਬਠਿੰਡਾ ਤੇ ਕਾਰਟੂਨਿਸਟ ਸਤੀਸ਼ ਅਚਾਰੀਆ ਨੂੰ ਆਪਣਾ ਆਦਰਸ਼ ਮੰਨਦੀ ਹਾਂ।

ਤੁਸੀਂ ਆਰਟਿਸਟ, ਭੈਣ, ਧੀ ‘ਚੋਂ ਕਿਹੜੇ ਕਿਰਦਾਰ ਵਿਚ ਹੋਣਾ ਸਭ ਤੋ ਵੱਧ ਪਸੰਦ ਕਰਦੇ ਹੋ?

ਅਸੀਂ ਬਹੁਤ ਸਾਰੇ ਕਿਰਦਾਰ ਨਿਭਾਉਂਦੇ ਹਾਂ। ਇਹਨਾਂ ਕਿਰਦਾਰਾਂ ਕਰਕੇ ਹੀ ਅਸੀਂ ਕਿਸੇ ਲਈ ਚੰਗੇ ਤੇ ਕਿਸੇ ਲਈ ਬੁਰੇ ਹਾਂ। ਇਸ ਲਈ ਅਸੀਂ ਚੰਗੇ ਹਾਂ ਜਾ ਬੁਰੇ ਇਸ ਗੱਲ ਦੀ ਫ਼ਿਕਰ ਛੱਡ ਕੇ ਸਾਨੂੰ ਰੋਜ਼ ਨਵੇਂ ਉਤਸ਼ਾਹ ਨਾਲ ਜ਼ਿੰਦਗੀ ਜਿਉਣੀ ਚਾਹੀਦੀ ਹੈ। ਮੈਨੂੰ ਪਿਤਾ ਦੀ ਧੀ ਹੋਣ ਦਾ ਕਿਰਦਾਰ ਵੱਧ ਪਸੰਦ ਹੈ।

ਜਦੋਂ ਦੁਨੀਆਂ ਸਹਿਮ ਦੇ ਮਾਹੌਲ ‘ਚ ਸੀ ਤੁਸੀਂ ਉਸ ਵੇਲੇ ਕੀ ਚਿਤਰ ਰਹੇ ਸੀ?

ਲਾਕਡਾਊਨ ਵਿੱਚ ਕਾਫੀ ਸਮਾਂ ਮਿਲਿਆ ਮੈਂ ਬਹੁਤ ਸਾਰੇ ਚਿੱਤਰਕਾਰ ਦੇ ਚਿੱਤਰ ਦੇਖੇ ਕਿ ਉਹਨਾਂ ਨੂੰ ਕਿਸ ਢੰਗ ਨਾਲ ਉਲੀਕਿਆ ਗਿਆ ਹੈ। ਮੈਂ ਆਪ ਵੀ ਕਾਫੀ ਚਿੱਤਰ ਬਣਾਏ ਨੇ। ਮੈਂ ਇਸ ਸਮੇਂ ਦੀ ਪੂਰੀ ਵਰਤੋ ਆਪਣੀ ਕਲਾ ਨੂੰ ਨਿਖਾਰਨ ਲਈ ਕੀਤੀ ਹੈ।

ਤੁਹਾਡਾ ਆਪਣੇ ਭਵਿੱਖ ਨੂੰ ਲੈ ਕੇ ਕੀ ਸੁਪਨਾ ਹੈ?

ਮੈਂ ਭਵਿੱਖ ਬਾਰੇ ਜ਼ਿਆਦਾ ਨਹੀਂ ਸੋਚਦੀ। ਮੈਂ ਬਸ ਭਵਿੱਖ ਨੂੰ ਲੈ ਕੇ ਆਸ਼ਾਵਾਦੀ ਹਾਂ ਕਿ ਅਗਰ ਮੈਂ ਮਿਹਨਤ ਕਰਾਂਗੀ ਤਾਂ ਜ਼ਰੂਰ ਕੁੱਝ ਵਧੀਆ ਅਤੇ ਵੱਖਰਾ ਕਰਾਂਗੀ।

ਰੋਜ਼ਾਨਾ ਜ਼ਿੰਦਗੀ ਵਿਚ ਉਹ ਕੰਮ ਜੋ ਤੁਹਾਨੂੰ ਸਕੂਨ ਦਿੰਦਾ ਹੈ?

ਮੈਨੂੰ ਸਭ ਤੋਂ ਵੱਧ ਸਕੂਨ ਰੋਜ਼ ਕੁੱਝ ਨਵਾਂ ਸਿੱਖਣ ਵਿੱਚ ਮਿਲਦਾ ਹੈ। ਮੈਂ ਜੋ ਵੀ ਸਿੱਖਦੀ ਹਾ ਉਸਨੂੰ ਚਿੱਤਰ ਦੇ ਰੂਪ ਵਿੱਚ ਕਾਗਜ਼ ਉੱਪਰ ਚਿਤਰ ਦਿੰਦੀ ਹਾਂ। ਜੇਕਰ ਮੌਸਮ ਸੋਹਣਾ ਹੋਵੇ ਤਾਂ ਮੈਨੂੰ ਫੋਟੋਗ੍ਰਾਫੀ ਕਰਨਾ ਬਹੁਤ ਪਸੰਦ ਹੈ।

ਤੁਹਾਡੇ ਪਰਿਵਾਰ ਵਲੋਂ ਤੁਹਾਨੂੰ ਕਿੰਨਾ ਕੁ ਸਹਿਯੋਗ ਮਿਲਦਾ ਹੈ?

ਜ਼ਿੰਦਗੀ ਵਿਚ ਪਰਿਵਾਰ ਬਹੁਤ ਅਹਿਮ ਰੋਲ ਅਦਾ ਕਰਦਾ ਹੈ। ਮੈਂ ਬਹੁਤ ਖੁਸ਼ਕਿਸਮਤ ਹਾਂ ਕਿ ਮੇਰੇ ਪਰਿਵਾਰ ਦਾ ਮੈਨੂੰ ਕਾਫੀ ਸਹਿਯੋਗ ਹੈ। ਉਹ ਮੇਰੀ ਹਰ ਤਰੀਕੇ ਦੀ ਮਦਦ ਕਰਦੇ ਹਨ। ਮੈਂਨੂੰ ਉਹਨਾਂ ਕੋਲੋਂ ਬਹੁਤ ਉਤਸ਼ਾਹ ਮਿਲਦਾ ਹੈ।

ਤੁਸੀਂ ਕਿਸ ਵਿਚਾਰ ਉਪਰ ਆਪਣੀ ਜ਼ਿੰਦਗੀ ਜੀਅ ਰਹੇ ਹੋ?

ਮੈਨੂੰ ਇਕ ਗਾਣਾ ਬਹੁਤ ਪਸੰਦ ਹੈ “ਜੀਉ ਤੋਂ ਹਰ ਪਲ ਐਸੇ ਜੀਉ ਜੈਸੇ ਕਿ ਆਖਰੀ ਹੋ” ਮੈਂ ਇਸਨੂੰ ਵਿਚਾਰ ਉਪਰ ਹੀ ਆਪਣੀ ਜ਼ਿੰਦਗੀ ਜਿਊਂਦੀ ਹਾਂ। ਮੈਂ ਜੋ‌ ਵੀ ਕਰਨਾ ਚਾਹੁੰਦੀ ਹਾਂ ਉਹ ਅੱਜ ਹੀ ਕਰਦੀਂ ਹਾਂ। ਮੈਂ ਆਪਣਾ ਕੋਈ ਵੀ ਕੰਮ ਕੱਲ੍ਹ ਉਪਰ ਨਹੀਂ ਛੱਡਦੀ।