ਚੰਡੀਗੜ੍ਹ | ਪੰਜਾਬ ਵਿਚ ਬਾਲੀਵੁੱਡ ਸਿਤਾਰੇ ਸੋਨੂ ਸੂਦ ਮੁਸੀਬਤ ਵਿੱਚ ਫਸ ਗਏ ਹਨ। ਚੋਣ ਕਮਿਸ਼ਨ ਨੇ ਕੱਲ੍ਹ (20 ਫਰਵਰੀ) ਉਨ੍ਹਾਂ ਦੀ ਗੱਡੀ ਜ਼ਬਤ ਕਰ ਲਈ ਸੀ, ਜਿਸ ਤੋਂ ਬਾਅਦ ਉਸ ਦੇ ਖਿਲਾਫ ਥਾਣਾ ਸਦਰ ਮੋਗਾ ਵਿਖੇ ਜ਼ਿਲ੍ਹਾ ਮੈਜਿਸਟ੍ਰੇਟ ਦੇ ਹੁਕਮਾਂ ਦੀ ਉਲੰਘਣਾ ਕਰਨ ਦੇ ਦੋਸ਼ ‘ਚ 188 ਆਈਪੀਸੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਸ਼ੁਰੂਆਤੀ ਜਾਂਚ ‘ਚ ਪਤਾ ਲੱਗਾ ਹੈ ਕਿ ਕਾਰ ‘ਚ ਉਸ ਦੇ ਨਾਲ ਮੁੰਬਈ ਦੇ ਕੁਝ ਲੋਕ ਵੀ ਘੁੰਮ ਰਹੇ ਸਨ। ਚੋਣ ਨਿਯਮਾਂ ਅਨੁਸਾਰ ਪੋਲਿੰਗ ਸ਼ੁਰੂ ਹੋਣ ਤੋਂ 48 ਘੰਟੇ ਪਹਿਲਾਂ ਬਾਹਰੀ ਲੋਕ ਰਾਜ ਵਿਚ ਨਹੀਂ ਰਹਿ ਸਕਦੇ। ਇਸ ਦੇ ਨਾਲ ਹੀ ਚੋਣ ਕਮਿਸ਼ਨ ਦੀ ਕਾਰਵਾਈ ਤੋਂ ਬਾਅਦ ਸੋਨੂੰ ਸੂਦ ਐਤਵਾਰ ਸ਼ਾਮ ਨੂੰ ਹੀ ਦੱਖਣੀ ਅਫਰੀਕਾ ਲਈ ਰਵਾਨਾ ਹੋ ਗਏ।
ਦੱਸਿਆ ਜਾ ਰਿਹਾ ਹੈ ਕਿ ਉੱਥੇ ਉਨ੍ਹਾਂ ਦੀਆਂ ਕੁਝ ਫਿਲਮਾਂ ਦੀ ਸ਼ੂਟਿੰਗ ਹੋ ਰਹੀ ਹੈ। ਪੁਲਿਸ ਨੂੰ ਸੋਨੂੰ ਸੂਦ ਵੱਲੋਂ ਵਰਤੀ ਜਾ ਰਹੀ ਐਂਡੇਵਰ ਦਾ ਰਿਕਾਰਡ ਵੀ ਮਿਲਿਆ ਹੈ। ਇਸ ‘ਚ ਪਤਾ ਲੱਗਾ ਕਿ ਇਹ ਕਾਰ ਸੋਨੂੰ ਸੂਦ ਜਾਂ ਉਸ ਦੇ ਕਿਸੇ ਪਰਿਵਾਰਕ ਮੈਂਬਰ ਦੇ ਨਾਂ ‘ਤੇ ਨਹੀਂ ਹੈ। ਇਹ ਕਾਰ ਹਰਵਿੰਦਰ ਸਿੰਘ ਵਾਸੀ ਦੱਤ ਰੋਡ ਮੋਗਾ ਦੇ ਨਾਂ ‘ਤੇ ਹੈ। ਇਹ ਵੀ ਚਰਚਾ ਹੈ ਕਿ ਸੋਨੂੰ ਸੂਦ ਮੋਗਾ ਆ ਕੇ ਇਸ ਕਾਰ ਦੀ ਵਰਤੋਂ ਕਰਦਾ ਸੀ। ਇਹ ਕਾਰ ਅਕਸਰ ਉਸ ਦੇ ਘਰ ਵੀ ਖੜ੍ਹੀ ਹੁੰਦੀ ਸੀ। ਪੁਲਿਸ ਇਸ ਕੋਣ ਤੋਂ ਵੀ ਜਾਂਚ ਕਰ ਰਹੀ ਹੈ ਕਿ ਸੋਨੂੰ ਕਿਸੇ ਹੋਰ ਦੇ ਨਾਮ ‘ਤੇ ਰਜਿਸਟਰਡ ਕਾਰ ਕਿਉਂ ਵਰਤ ਰਿਹਾ ਸੀ।