ਨਵੀਂ ਦਿੱਲੀ | ਕਾਂਗਰਸ ਨੇਤਾ ਸੋਨੀਆ ਗਾਂਧੀ ਨੇ 25 ਫਰਵਰੀ ਨੂੰ ਰਾਜਨੀਤੀ ਤੋਂ ਸੰਨਿਆਸ ਲੈਣ ਦੇ ਸੰਕੇਤ ਦਿੱਤੇ ਹਨ। ਰਾਏਪੁਰ ‘ਚ ਪਾਰਟੀ ਦੇ ਪਲੇਨਰੀ ਸੈਸ਼ਨ ‘ਚ ਬੋਲਦਿਆਂ ਸੋਨੀਆ ਗਾਂਧੀ ਨੇ ਕਿਹਾ ਕਿ ਉਨ੍ਹਾਂ ਦੀ ਸਿਆਸੀ ਪਾਰੀ ਭਾਰਤ ਜੋੜੋ ਯਾਤਰਾ ਨਾਲ ਖਤਮ ਹੋ ਸਕਦੀ ਹੈ।
ਰਾਏਪੁਰ ‘ਚ ਪਾਰਟੀ ਪ੍ਰਤੀਨਿਧੀਆਂ ਨੂੰ ਸੰਬੋਧਨ ਕਰਦਿਆਂ ਸੋਨੀਆ ਗਾਂਧੀ ਨੇ ਕਿਹਾ ਕਿ 2004 ਅਤੇ 2009 ‘ਚ ਸਾਡੀਆਂ ਜਿੱਤਾਂ ਦੇ ਨਾਲ-ਨਾਲ ਡਾ. ਮਨਮੋਹਨ ਸਿੰਘ ਦੀ ਯੋਗ ਅਗਵਾਈ ਨੇ ਮੈਨੂੰ ਨਿੱਜੀ ਤੌਰ ‘ਤੇ ਸੰਤੁਸ਼ਟੀ ਦਿੱਤੀ ਪਰ ਜੋ ਗੱਲ ਮੈਨੂੰ ਸਭ ਤੋਂ ਵੱਧ ਖੁਸ਼ ਕਰਦੀ ਹੈ ਉਹ ਭਾਰਤ ਜੋੜੋ ਯਾਤਰਾ ਹੈ, ਜਿਸ ਨਾਲ ਮੇਰੀ ਪਾਰੀ ਖਤਮ ਹੋ ਸਕਦੀ ਹੈ।
ਇਹ ਯਾਤਰਾ ਕਾਂਗਰਸ ਲਈ ਅਹਿਮ ਮੋੜ ਬਣ ਕੇ ਆਈ ਹੈ। ਇਸ ਨੇ ਸਾਬਤ ਕਰ ਦਿੱਤਾ ਹੈ ਕਿ ਭਾਰਤ ਦੇ ਲੋਕ ਸਦਭਾਵਨਾ, ਸਹਿਣਸ਼ੀਲਤਾ ਅਤੇ ਸਮਾਨਤਾ ਚਾਹੁੰਦੇ ਹਨ। ਸੋਨੀਆ ਗਾਂਧੀ ਨੇ 2004 ਤੋਂ 2014 ਤੱਕ ਦੇ ਕਾਂਗਰਸ ਸ਼ਾਸਨ ਦਾ ਜ਼ਿਕਰ ਕਰਦਿਆਂ ਕਿਹਾ ਕਿ ਕਾਂਗਰਸ ਨੇ ਮਨਮੋਹਨ ਸਿੰਘ ਦੀ ਅਗਵਾਈ ਹੇਠ ਬਹੁਤ ਵਧੀਆ ਸਰਕਾਰ ਦਿੱਤੀ ਹੈ। ਕਾਂਗਰਸ ਨੇ ਦੇਸ਼ ਵਿੱਚ ਲੋਕਤੰਤਰ ਨੂੰ ਮਜ਼ਬੂਤ ਕੀਤਾ।
ਸੋਨੀਆ ਗਾਂਧੀ ਨੇ ਇਹ ਵੀ ਕਿਹਾ ਕਿ ਰਾਹੁਲ ਗਾਂਧੀ ਦੀ ਅਗਵਾਈ ‘ਚ ਪਾਰਟੀ ਦੀ ਯਾਤਰਾ ਸਫਲ ਰਹੀ। ਉਨ੍ਹਾਂ ਕਿਹਾ ਕਿ ਮਜ਼ਬੂਤ ਵਰਕਰ ਹੀ ਪਾਰਟੀ ਦੀ ਤਾਕਤ ਹਨ। ਕਾਂਗਰਸ ਸਿਰਫ਼ ਇੱਕ ਸਿਆਸੀ ਪਾਰਟੀ ਨਹੀਂ ਹੈ, ਇਹ ਇੱਕ ਲੋਕਤੰਤਰ ਹੈ।




































