ਗੋਆ | ਸੋਨਾਲੀ ਫੋਗਾਟ ਦੀ ਮੌਤ ਮਾਮਲੇ ‘ਚ ਇਕ ਹੋਰ ਵੱਡਾ ਖੁਲਾਸਾ ਹੋਇਆ ਹੈ। ਪੋਸਟਮਾਰਟਮ ਰਿਪੋਰਟ ‘ਚ ਉਸ ਦੇ ਸਰੀਰ ‘ਤੇ 4-5 ਸੱਟਾਂ ਦੇ ਨਿਸ਼ਾਨ ਵੀ ਮਿਲੇ ਹਨ। ਰਿਪੋਰਟ ਵਿੱਚ ਜ਼ਹਿਰ ਦੇ ਕੇ ਮਾਰੇ ਜਾਣ ਦਾ ਖ਼ਦਸ਼ਾ ਵੀ ਪ੍ਰਗਟਾਇਆ ਗਿਆ ਹੈ। ਸੋਨਾਲੀ ਫੋਗਾਟ ਦਾ ਵਿਸਰਾ ਜਾਂਚ ਲਈ ਭੇਜਿਆ ਗਿਆ ਹੈ। ਨਮੂਨੇ ਦੀ ਜਾਂਚ ਤੋਂ ਬਾਅਦ ਇਹ ਜਾਣਕਾਰੀ ਮਿਲ ਸਕੇਗੀ ਕਿ ਸੋਨਾਲੀ ਨੂੰ ਜ਼ਹਿਰ ਜਾਂ ਕੈਮੀਕਲ ਦਿੱਤਾ ਗਿਆ ਸੀ ਜਾਂ ਨਹੀਂ।
ਇਸ ਮਾਮਲੇ ਵਿੱਚ ਪੁਲਿਸ ਨੇ ਸੁਖਵਿੰਦਰ ਅਤੇ ਸੁਧੀਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਗੋਆ ਪੁਲਿਸ ਨੇ 2 ਲੋਕਾਂ ਖਿਲਾਫ ਕਤਲ ਦਾ ਮਾਮਲਾ ਦਰਜ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਦੇਰ ਸ਼ਾਮ ਸੋਨਾਲੀ ਫੋਗਾਟ ਦੇ ਪੀ.ਏ. ਸੁਧੀਰ ਸਾਂਗਵਾਨ ਅਤੇ ਦੋਸਤ ਸੁਖਵਿੰਦਰ ਨੂੰ ਗੋਆ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ।
ਸੋਨਾਲੀ ਫੋਗਾਟ ਦੀ ਲਾਸ਼ ਨੂੰ ਤਾਬੂਤ ‘ਚ ਪਾ ਕੇ ਹਸਪਤਾਲ ਤੋਂ ਏਅਰਪੋਰਟ ਲਿਜਾਇਆ ਗਿਆ। ਪਰਿਵਾਰ ਨੇ ਕਿਹਾ ਕਿ ਉਹ ਆਈਪੀਸੀ ਦੀ ਧਾਰਾ 302 ਲਾਗੂ ਹੋਣ ਤੋਂ ਖੁਸ਼ ਹਨ ਕਿ ਉਨ੍ਹਾਂ ਦੀ ਭੈਣ ਨੂੰ ਇਨਸਾਫ ਮਿਲੇਗਾ। ਪਰ ਜਿਨ੍ਹਾਂ ਵਿਅਕਤੀਆਂ ਦੇ ਨਾਮ ਉਹ ਲੈ ਰਹੇ ਹਨ, ਜਿਨ੍ਹਾਂ ਵਿੱਚ ਸੁਧੀਰ ਸਾਂਗਵਾਨ ਅਤੇ ਸੁਖਵਿੰਦਰ ਸਿੰਘ ਸ਼ਾਮਲ ਹਨ, ਨੂੰ ਗ੍ਰਿਫ਼ਤਾਰ ਕਰਨਾ ਜ਼ਰੂਰੀ ਹੈ। ਸੋਨਾਲੀ ਦੀ ਭੈਣ ਨੇ ਕਿਹਾ ਸੀ ਕਿ ਉਸ ਦੀ ਭੈਣ ਨੂੰ ਦਿਲ ਦਾ ਦੌਰਾ ਨਹੀਂ ਪੈ ਸਕਦਾ, ਯਕੀਨਨ ਉਸ ਨਾਲ ਕੁਝ ਗਲਤ ਹੋਇਆ ਹੈ। ਉਸ ਨੇ ਦੱਸਿਆ ਸੀ ਕਿ ਸੋਨਾਲੀ ਦੀ ਇਕ ਰਾਤ ਪਹਿਲਾਂ ਪਰਿਵਾਰ ਨਾਲ ਗੱਲਬਾਤ ਹੋਈ ਸੀ, ਜਿਸ ਵਿਚ ਉਸ ਨੇ ਆਪਣੀ ਖਰਾਬ ਸਿਹਤ ਬਾਰੇ ਆਪਣੀ ਮਾਂ ਨੂੰ ਦੱਸਿਆ ਸੀ।
ਪਰਿਵਾਰਕ ਮੈਂਬਰਾਂ ਨੇ ਸੋਨਾਲੀ ਦੇ ਪੀਏ ਸੁਧੀਰ ਸਾਂਗਵਾਨ ‘ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਸ ਨੇ ਘਰ ਦੇ ਸਾਰੇ ਲੋਕਾਂ ਨੂੰ ਮੌਤ ਦੇ ਵੱਖ-ਵੱਖ ਕਾਰਨ ਦੱਸੇ ਹਨ ਅਤੇ ਉਸ ਨੇ ਸੋਨਾਲੀ ਨੂੰ ਆਪਣੇ ਪਰਿਵਾਰਕ ਮੈਂਬਰਾਂ ਨਾਲ ਗੱਲ ਨਹੀਂ ਕਰਨ ਦਿੱਤੀ। ਸੋਨਾਲੀ ਫੋਗਾਟ ਦੀ ਮੌਤ ਦੇ ਦੋ ਦਿਨ ਬਾਅਦ ਉਸ ਦੇ ਪਰਿਵਾਰ ਨੇ ਵੀਰਵਾਰ ਯਾਨੀ ਅੱਜ ਪੋਸਟਮਾਰਟਮ ਲਈ ਸਹਿਮਤੀ ਦਿੱਤੀ ਸੀ, ਇਸ ਸ਼ਰਤ ਨਾਲ ਕਿ ਪੂਰੀ ਪ੍ਰਕਿਰਿਆ ਦੀ ਵੀਡੀਓਗ੍ਰਾਫੀ ਕੀਤੀ ਜਾਵੇ।