ਹਰਿਆਣਾ| ਬੀਜੇਪੀ ਨੇਤਾ ਅਤੇ ਸੋਸ਼ਲ ਮੀਡੀਆ ਫੇਮ ਸੋਨਾਲੀ ਫੋਗਾਟ ਦੀ ਮੌਤ ਨੂੰ ਲੈ ਕੇ ਰੋਜ਼ਾਨਾ ਨਵੇਂ-ਨਵੇਂ ਖੁਲਾਸੇ ਹੋ ਰਹੇ ਹਨ ਅਤੇ ਇਕ ਤੋਂ ਬਾਅਦ ਇਕ ਗ੍ਰਿਫਤਾਰੀਆਂ ਦਾ ਸਿਲਸਿਲਾ ਵੀ ਤੇਜ਼ੀ ਨਾਲ ਚੱਲ ਰਿਹਾ ਹੈ। ਇਸ ਦੌਰਾਨ ਗੋਆ ਦੇ ਸੀ.ਐੱਮ. ਪ੍ਰਮੋਦ ਸਾਵੰਤ ਨੇ ਕਿਹਾ ਹੈ ਕਿ ਇਹ ਮਾਮਲਾ ਸੀਬੀਆਈ ਨੂੰ ਸੌਂਪਿਆ ਜਾਵੇਗਾ।
ਉਨ੍ਹਾਂ ਨੇ ਇੱਕ ਬਿਆਨ ਵਿੱਚ ਕਿਹਾ, “ਹਰਿਆਣਾ ਦੇ ਮੁੱਖ ਮੰਤਰੀ ਨੇ ਮੇਰੇ ਨਾਲ ਗੱਲ ਕੀਤੀ ਅਤੇ ਮਾਮਲੇ ਦੀ ਪੂਰੀ ਜਾਂਚ ਦੀ ਅਪੀਲ ਕੀਤੀ। ਸੋਨਾਲੀ ਦੇ ਪਰਿਵਾਰਕ ਮੈਂਬਰਾਂ ਨੂੰ ਮਿਲਣ ਤੋਂ ਬਾਅਦ ਉਹ ਚਾਹੁੰਦੇ ਹਨ ਕਿ ਸੀਬੀਆਈ ਇਸ ਮਾਮਲੇ ਨੂੰ ਆਪਣੇ ਹੱਥਾਂ ਵਿੱਚ ਲਵੇ। ਮੈਨੂੰ ਇਸ ਨਾਲ ਕੋਈ ਸਮੱਸਿਆ ਨਹੀਂ ਹੈ। ਸਾਰੀਆਂ ਫਾਰਮੈਲਿਟੀਆਂ ਤੋਂ ਬਾਅਦ ਜੇ ਅੱਜ ਲੋੜ ਪਈ ਤਾਂ ਅਸੀਂ ਇਹ ਕੇਸ ਸੀਬੀਆਈ ਨੂੰ ਸੌਂਪ ਦਿੱਤਾ ਜਾਏਗਾ।
ਜ਼ਿਕਰਯੋਗ ਹੈ ਕਿ ਹਰਿਆਣਾ ਸਰਕਾਰ ਨੇ ਗੋਆ ਸਰਕਾਰ ਨੂੰ ਫੋਗਾਟ ਦੀ ਮੌਤ ਦੀ ਸੀਬੀਆਈ ਜਾਂਚ ਕਰਵਾਉਣ ਦੀ ਸਿਫ਼ਾਰਿਸ਼ ਕੀਤੀ ਸੀ। ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਸ਼ਨੀਵਾਰ ਨੂੰ ਫੋਗਟ ਦੇ ਪਰਿਵਾਰਕ ਮੈਂਬਰਾਂ ਨੂੰ ਭਰੋਸਾ ਦਿੱਤਾ ਸੀ ਕਿ ਫੋਗਾਟ ਨੂੰ ਇਨਸਾਫ ਮਿਲੇਗਾ। ਫੋਗਾਟ ਦੇ ਪਰਿਵਾਰਕ ਮੈਂਬਰਾਂ ਨੇ ਸ਼ਨੀਵਾਰ ਸ਼ਾਮ ਖੱਟਰ ਨੂੰ ਉਨ੍ਹਾਂ ਦੀ ਰਿਹਾਇਸ਼ ‘ਤੇ ਮਿਲ ਕੇ ਉਨ੍ਹਾਂ ਦੀ ਮੌਤ ਦੀ ਸੀਬੀਆਈ ਜਾਂਚ ਦੀ ਬੇਨਤੀ ਕੀਤੀ ਸੀ।
ਗੋਆ ਪੁਲਿਸ ਨੇ ਸੋਨਾਲੀ ਫੋਗਾਟ ਕਤਲ ਕੇਸ ਵਿੱਚ 4 ਗ੍ਰਿਫਤਾਰੀਆਂ ਤੋਂ ਬਾਅਦ ਇੱਕ ਹੋਰ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਫੜਿਆ ਗਿਆ ਮੁਲਜ਼ਮ ਤਸਕਰ ਹੈ, ਜੋ ਕਿਸੇ ਹੋਰ ਸਮੱਗਲਰ ਨੂੰ ਨਸ਼ਾ ਸਪਲਾਈ ਕਰਦਾ ਸੀ। ਇਕ ਪੁਲਿਸ ਅਧਿਕਾਰੀ ਨੇ ਐਤਵਾਰ ਨੂੰ ਦੱਸਿਆ ਕਿ ਸੋਨਾਲੀ ਫੋਗਾਟ ਕਤਲ ਮਾਮਲੇ ‘ਚ ਇਕ ਹੋਰ ਸਮੱਗਲਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਨਾਲ ਹੁਣ ਤੱਕ ਇਸ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਲੋਕਾਂ ਦੀ ਕੁੱਲ ਗਿਣਤੀ ਪੰਜ ਹੋ ਗਈ ਹੈ।
ਅਧਿਕਾਰੀ ਨੇ ਦੱਸਿਆ ਕਿ ਸ਼ਨੀਵਾਰ ਰਾਤ ਨੂੰ ਉੱਤਰੀ ਗੋਆ ਜ਼ਿਲੇ ਦੀ ਅੰਜੁਨਾ ਪੁਲਿਸ ਨੇ ਡਰੱਗ ਸਮੱਗਲਰ ਰਾਮਾ ਉਰਫ ਰਾਮਦਾਸ ਮਾਂਦਰੇਕਰ ਨੂੰ ਕਥਿਤ ਤੌਰ ‘ਤੇ ਇਕ ਹੋਰ ਸਮੱਗਲਰ ਦੱਤਪ੍ਰਸਾਦ ਗਾਓਂਕਰ ਨੂੰ ਨਸ਼ੇ ਦੀ ਸਪਲਾਈ ਕਰਨ ਦੇ ਦੋਸ਼ ‘ਚ ਗ੍ਰਿਫਤਾਰ ਕੀਤਾ ਹੈ।