ਮੁੰਬਈ। ਟਿਕ-ਟਾਕ ਸਟਾਰ ਤੇ ਭਾਜਪਾ ਆਗੂ ਸੋਨਾਲੀ ਫੋਗਾਟ ਦੇ ਕਤਲ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆਈ ਹੈ। ਦਰਅਸਲ, ਸੋਨਾਲੀ ਦੇ ਕਤਲ ਨੂੰ ਲੈ ਕੇ ਉਸ ਦੇ ਪਰਿਵਾਰ ਕੋਲ ਦੋ ਗੁੰਮਨਾਮ ਚਿੱਠੀਆਂ ਪਹੁੰਚੀਆਂ ਹਨ, ਜਿਸ ‘ਚ ਸੋਨਾਲੀ ਦੇ ਕਤਲ ਦੀ ਪੂਰੀ ਸਾਜ਼ਿਸ਼ ਦਾ ਪਰਦਾਫਾਸ਼ ਹੋਇਆ ਹੈ। ਖ਼ਬਰਾਂ ‘ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਸੋਨਾਲੀ ਦਾ ਕਤਲ ਆਪਣੇ ਸਿਆਸੀ ਕਰੀਅਰ ਨੂੰ ਬਚਾਉਣ ਲਈ ਪੀਏ ਸੁਧੀਰ ਸਾਂਗਵਾਨ ਨੂੰ 10 ਕਰੋੜ ਦੇ ਕੇ ਕਰਵਾਇਆ ਗਿਆ ਸੀ। ਗੁੰਮਨਾਮ ਪੱਤਰ ਭੇਜਣ ਵਾਲੇ ਨੇ ਦਾਅਵਾ ਕੀਤਾ ਕਿ ਸੋਨਾਲੀ ਦਾ ਪੀਏ ਸੁਧੀਰ ਸਿਰਫ਼ ਇਕ ਮੋਹਰਾ ਸੀ।
ਉਹ ਪੈਸੇ ਦੇ ਲਾਲਚ ‘ਚ ਫਸ ਗਿਆ ਸੀ। ਸੋਨਾਲੀ ਫੋਗਾਟ ਦੇ ਜੀਜਾ ਅਮਨ ਪੂਨੀਆ ਦਾ ਕਹਿਣਾ ਹੈ ਕਿ ਅਸੀਂ ਸੀ. ਬੀ. ਆਈ. ਨੂੰ ਪਹਿਲੇ ਪੱਤਰ ਦੀ ਜਾਣਕਾਰੀ ਦਿੱਤੀ ਸੀ। ਉਨ੍ਹਾਂ ਕਿਹਾ ਕਿ ਇਸ ਨੂੰ ਆਪਣੇ ਕੋਲ ਰੱਖੋ, ਅਸੀਂ ਆਵਾਂਗੇ ਤਾਂ ਤੁਹਾਡੇ ਕੋਲੋ ਲੈ ਲਵਾਂਗੇ। ਇਸੇ ਤਰ੍ਹਾਂ ਦਾ ਇਕ ਹੋਰ ਪੱਤਰ ਵੀਰਵਾਰ ਨੂੰ ਵੀ ਆਇਆ। ਇਹ ਗੁੰਮਨਾਮ ਪੱਤਰ ਸੋਨਾਲੀ ਫੋਗਾਟ ਦੇ ਪਰਿਵਾਰ ਤੇ ਪੁਲਿਸ ਨੂੰ ਭੇਜੇ ਗਏ ਹਨ।
ਇਨ੍ਹਾਂ ‘ਚ ਹਿਸਾਰ, ਫਤਿਹਾਬਾਦ ਤੇ ਟੋਹਾਣਾ ਦੇ ਆਗੂਆਂ ਦੇ ਨਾਂ ਲਿਖੇ ਹੋਏ ਹਨ। ਇਹ ਆਗੂ ਇੱਕੋ ਪਾਰਟੀ ਨਾਲ ਸਬੰਧਤ ਹਨ। ਚਿੱਠੀਆਂ ‘ਚ ਕਿਹਾ ਗਿਆ ਹੈ ਕਿ ਸੋਨਾਲੀ ਨੂੰ ਉਸ ਦੇ ਸਿਆਸੀ ਕਰੀਅਰ ਤੋਂ ਬਚਾਉਣ ਲਈ ਪੂਰੀ ਤਰ੍ਹਾਂ ਕਤਲ ਦੀ ਸਾਜ਼ਿਸ਼ ਰਚੀ ਗਈ ਸੀ। ਪੱਤਰ ਭੇਜਣ ਵਾਲੇ ਵਿਅਕਤੀ ਦਾ ਦਾਅਵਾ ਹੈ ਕਿ ਉਹ ਸਿਰਫ਼ ਸੋਨਾਲੀ ਦੇ ਪਰਿਵਾਰ ਲਈ ਇਨਸਾਫ਼ ਚਾਹੁੰਦਾ ਹੈ। ਉਹ ਸੋਨਾਲੀ ਦੀ ਬੇਟੀ ਯਸ਼ੋਧਰਾ ਲਈ ਬਹੁਤ ਦੁਖੀ ਹੈ। ਅੱਗੇ ਲਿਖਿਆ ਗਿਆ ਕਿ ਇਕ ਨੇਤਾ ਨੇ ਸ਼ਰਾਬ ਦੇ ਨਸ਼ੇ ‘ਚ ਇਹ ਸਭ ਮੈਨੂੰ ਦੱਸਿਆ ਹੈ। ਮੈਂ ਤੁਹਾਡਾ ਸ਼ੁੱਭਚਿੰਤਕ ਹਾਂ, ਡਰ ਕਾਰਨ ਮੈਂ ਆਪਣਾ ਨਾਂ ਨਹੀਂ ਦੱਸ ਰਿਹਾ ਹਾਂ। ਇਸ ਚਿੱਠੀ ਦੀ ਇਕ-ਇਕ ਕਾਪੀ ਏ. ਐੱਸ. ਪੀ. ਹਿਸਾਰ, ਡੀ. ਜੀ. ਪੀ. ਹਰਿਆਣਾ, ਡੀ. ਜੀ .ਪੀ. ਗੋਆ ਨੂੰ ਵੀ ਭੇਜਣ ਦਾ ਦਾਅਵਾ ਕੀਤਾ ਗਿਆ ਹੈ।