ਜਲੰਧਰ | ਹੁਣ ਤੁਹਾਡੇ ਘਰ ਪਾਵਰਕਾਮ ਦਾ ਮੀਟਰ ਰੀਡਰ ਰੀਡਿੰਗ ਨੋਟ ਕਰਨ ਨਹੀਂ ਆਏਗਾ, ਬਲਕਿ ਬਿੱਲ ਈਮੇਲ ਜਾਂ ਰਜਿਸਟਰਡ ਮੋਬਾਈਲ ਨੰਬਰ ਉੱਤੇ ਮੈਸੇਜ ਰਾਹੀਂ ਮਿਲੇਗਾ।
ਸ਼ਹਿਰ ‘ਚ ਅਜਿਹੇ 10 ਹਜ਼ਾਰ ਸਮਾਰਟ ਮੀਟਰ ਲਗਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ ਜੋ ਕਿ ਘਰ, ਦੁਕਾਨ ਤੇ ਦਫ਼ਤਰਾਂ ‘ਚ ਬਿਜਲੀ ਚੋਰੀ ਰੋਕਣ ਲਈ ਲਗਾਏ ਜਾਣਗੇ। ਇਨ੍ਹਾਂ ‘ਚ ਰੇਡੀਓ ਫ੍ਰੀਕੁਐਂਸੀ ਉਪਕਰਨ ਲੱਗੇ ਹੋਣਗੇ, ਜੋ ਰੀਡਿੰਗ ਦਾ ਡਾਟਾ ਪਾਵਰਕਾਮ ਦਾ ਕੰਟਰੋਲ ਰੂਮ ‘ਚ ਦੇਣਗੇ।
ਹਾਲਾਂਕਿ ਮੋਬਾਈਲ ਦੀ ਤਰ੍ਹਾਂ ਰਿਚਾਰਜ ਦੀ ਆਪਸ਼ਨ ਵੀ ਰਹੇਗੀ। ਪਾਵਰਕਾਮ ਨੂੰ ਫਾਇਦਾ ਹੋਵੇਗਾ ਕਿ ਬਿਜਲੀ ਚੋਰੀ ‘ਤੇ ਰੋਕ ਲੱਗੇਗੀ, ਜਦਕਿ ਖਪਤਕਾਰ ਖਪਤ ਦੇ ਹਿਸਾਬ ਨਾਲ ਰਿਚਾਰਜ ਕਰਵਾ ਸਕੇਗਾ ਅਤੇ ਪੋਸਟਪੇਡ ਦੀ ਸੁਵਿਧਾ ‘ਚ ਬਿੱਲ ਸਮਾਰਟ ਫੋਨ ਅਤੇ ਈਮੇਲ ਉੱਤੇ ਆ ਜਾਏਗਾ।
ਇਸ ਦੇ ਨਾਲ ਐਵਰਜ ਬਿੱਲ ਦੀ ਪ੍ਰੇਸ਼ਾਨੀ ਤੋਂ ਲੋਕਾਂ ਨੂੰ ਰਾਹਤ ਮਿਲੇਗੀ। ਪਾਵਰਕਾਮ ਫਿਲਹਾਲ ਬਿਜਲੀ ਚੋਰੀ ਕਰਨ ਵਾਲੀਆਂ ਸੰਸਥਾਵਾਂ ਵਿੱਚ ਸਮਾਰਟ ਮੀਟਰ ਲਗਾ ਰਿਹਾ ਹੈ ਪਰ ਇਸ ਨੂੰ ਹਰੇਕ ਘਰ ‘ਚ ਲਗਵਾਉਣ ਦਾ ਪ੍ਰਸਤਾਵ ਪਾਸ ਹੋ ਚੁੱਕਾ ਹੈ।
ਰਿਚਾਰਜ ਖਤਮ ਹੋਣ ਤੋਂ 48 ਘੰਟੇ ਪਹਿਲਾਂ ਆਏਗਾ ਮੈਸੇਜ
ਸਮਾਰਟ ਮੀਟਰ ਦਾ ਰਿਚਾਰਜ ਖਤਮ ਹੋਣ ਵਾਲਾ ਹੋਏਗਾ ਤਾਂ ਪਾਵਰਕਾਮ ਵੱਲੋਂ ਖਪਤਕਾਰ ਨੂੰ 48 ਘੰਟੇ ਪਹਿਲਾਂ ਮੈਸੇਜ ਮਿਲੇਗਾ। ਪੂਰੇ ਸਿਸਟਮ ਨੂੰ ਪਟਿਆਲਾ ਤੋਂ ਹੀ ਹੈਂਡਲ ਕੀਤਾ ਜਾਵੇਗਾ। ਰਿਚਾਰਜ ਨਾ ਕਰਵਾਉਣ ‘ਤੇ ਬਿਜਲੀ ਸਪਲਾਈ ਆਟੋਮੈਟਿਕ ਬੰਦ ਹੋ ਜਾਏਗੀ।
ਪੋਸਟਪੇਡ ਵਿੱਚ ਵੀ ਇਹੋ ਜਿਹੀ ਸੁਵਿਧਾ ਦਿੱਤੀ ਗਈ ਹੈ। ਸਮੇਂ ‘ਤੇ ਬਿੱਲ ਜਮ੍ਹਾ ਨਾ ਕਰਵਾਉਣ ‘ਤੇ ਜੁਰਮਾਨਾ ਠੋਕਿਆ ਜਾਵੇਗਾ ਤੇ ਸਪਲਾਈ ਬੰਦ ਹੋ ਜਾਏਗੀ।
ਵੱਧ ਲੋਡ ਇਸਤੇਮਾਲ ਕਰਨ ‘ਤੇ ਲੱਗੇਗਾ ਜੁਰਮਾਨਾ
ਖਪਤਕਾਰ ਜੇਕਰ ਨਿਰਾਧਰਤ ਤੋਂ ਵੱਧ ਲੋਡ ਦਾ ਇਸਤੇਮਾਲ ਕਰਦਾ ਹੈ ਤਾਂ ਇਸ ਦੀ ਜਾਣਕਾਰੀ ਪਾਵਰਕਾਮ ਨੂੰ ਮਿਲ ਜਾਏਗੀ। ਲੋਡ ਨਾ ਵਧਾਉਣ ‘ਤੇ ਜੁਰਮਾਨੇ ਦੇ ਨਾਲ ਬਿੱਲ ਜਮ੍ਹਾ ਕਰਵਾਉਣਾ ਪਵੇਗਾ। ਪੂਰੀ ਪ੍ਰਕਿਰਿਆ ਆਪਣੇ-ਆਪ ਬਿੱਲ ‘ਚ ਐਡਜਸਟ ਹੋ ਕੇ ਆਏਗੀ।
ਸਮਾਰਟ ਮੀਟਰ ਦੇ ਫਾਇਦੇ
- ਘਰ, ਆਫਿਸ ਵਿੱਚ ਬਿਜਲੀ ਖਪਤ ਦੀ ਪਲ-ਪਲ ਜਾਣਕਾਰੀ ਮਿਲੇਗੀ।
- ਬਿਜਲੀ ਬਿੱਲ ਅਤੇ ਮੀਟਰ ਰੀਡਿੰਗ ਤੋਂ ਛੁਟਕਾਰਾ, ਖਪਤਕਾਰ ਖੁਦ ਬਿੱਲ ਰਿਚਾਰਜ ਕਰ ਸਕੇਗਾ।
- ਲੋਅ ਵੋਲਟੇਜ ਦੀ ਸਮੱਸਿਆ ਤੋਂ ਛੁਟਕਾਰਾ ਮਿਲੇਗਾ, ਲਗਾਤਾਰ ਬਿਜਲੀ ਸਪਲਾਈ ਵੀ ਯਕੀਨੀ ਬਣੇਗੀ।
- ਫਾਲਟ ਅਤੇ ਸ਼ਾਟਸਰਕਟ ਹੋਣ ‘ਤੇ ਘਰ ਦੀ ਸਪਲਾਈ ਖੁਦ ਹੀ ਬੰਦ ਹੋ ਜਾਏਗੀ।
- ਪਾਵਰਕਾਮ ਦੇ ਮੁਲਾਜ਼ਮਾਂ ਦੇ ਵੇਤਨ ਦਾ ਖਰਚ ਬਚੇਗਾ, ਬਿਜਲੀ ਚੋਰੀ ‘ਤੇ ਨਕੇਲ ਕੱਸੇਗੀ।
ਖਰਾਬ ਹੋਣ ‘ਤੇ ਘਰ ਆ ਕੇ ਠੀਕ ਕੀਤਾ ਜਾਏਗਾ ਮੀਟਰ
ਪਾਵਰਕਾਮ ਦੇ ਮੁਤਾਬਕ ਸਮਾਰਟ ਮੀਟਰ ‘ਚ ਤਕਨੀਕੀ ਖਰਾਬੀ ਆਉਣ ‘ਤੇ 5 ਸਾਲ ਤੱਕ ਮੁਫ਼ਤ ਰਿਪੇਅਰ ਕੀਤੀ ਜਾਵੇਗੀ। ਸਮੱਸਿਆ ਆਉਣ ‘ਤੇ ਹੀ ਕਰਮਚਾਰੀ ਖਪਤਕਾਰ ਦੇ ਘਰ ਪਹੁੰਚੇਗਾ ਅਤੇ ਮੀਟਰ ਠੀਕ ਕੀਤਾ ਜਾਏਗਾ। ਇਸ ਤੋਂ ਇਲਾਵਾ ਮੀਟਰ ਖਰਾਬ ਹੋਣ ‘ਤੇ ਕੰਟਰੋਲ ਰੂਮ ‘ਚ ਜਾਣਕਾਰੀ ਪਹੁੰਚ ਜਾਏਗੀ।