ਫਿਰੋਜ਼ਪੁਰ | ਇਥੇ ਇੱਕ ਰਾਧਾ ਸੁਆਮੀ ਡੇਰੇ ਦੀਆਂ ਕੰਧਾਂ ਉੱਤੇ ਹਿੰਦੁਸਤਾਨ ਮੁਰਦਾਬਾਦ ਦੇ ਨਾਅਰੇ ਲਿਖੇ ਹੋਏ ਹਨ। ਇਸ ਦੀ ਇੱਕ ਵੀਡੀਓ ਵਿਦੇਸ਼ ਬੈਠੇ ਗੁਰਪਤਵੰਤ ਸਿੰਘ ਪੰਨੂ ਵੱਲੋਂ ਜਾਰੀ ਕੀਤੀ ਗਈ ਹੈ। ਇਸ ਦੇ ਨਾਲ ਹੀ ਡੇਰਾ ਮੁਖੀ ਗੁਰਿੰਦਰ ਸਿੰਘ ਢਿੱਲੋਂ ਨੂੰ ਕੇਂਦਰ ਦਾ ਸਮਰਥਨ ਨਾ ਕਰਨ ਦੀ ਧਮਕੀ ਦਿੱਤੀ ਗਈ ਹੈ। ਉਨ੍ਹਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮਿਲਣ ਤੋਂ ਵੀ ਰੋਕਿਆ ਗਿਆ।
ਧਿਆਨ ਯੋਗ ਹੈ ਕਿ ਅੱਤਵਾਦੀ ਪੰਨੂ ਪਿਛਲੇ ਕੁਝ ਸਮੇਂ ਤੋਂ ਕਾਫੀ ਸਰਗਰਮ ਹੋ ਗਿਆ ਹੈ। ਸੁਧੀਰ ਸੂਰੀ ਦੇ ਕਤਲ ਤੋਂ ਬਾਅਦ ਉਸ ਦਾ ਚੌਥਾ ਵੀਡੀਓ ਸਾਹਮਣੇ ਆਇਆ ਹੈ। ਇਸ ਵੀਡੀਓ ‘ਚ ਉਸ ਨੇ ਪੰਜਾਬ ਦੇ ਫ਼ਿਰੋਜ਼ਪੁਰ ਅਧੀਨ ਪੈਂਦੇ ਤਲਵੰਡੀ ਭਾਈ ਦੇ ਡੇਰੇ ਦੀਆਂ ਕੰਧਾਂ ‘ਤੇ ਲਿਖੇ ‘ਹਿੰਦੁਸਤਾਨ ਮੁਰਦਾਬਾਦ’ ਦੇ ਨਾਅਰੇ ਦੀ ਵੀਡੀਓ ਵਾਇਰਲ ਕੀਤੀ ਹੈ। ਇਸ ਦੇ ਨਾਲ ਹੀ ਉਸ ਨੇ ਡੇਰਾ ਮੁਖੀ ਗੁਰਿੰਦਰ ਢਿੱਲੋਂ ਅਤੇ ਡੇਰੇ ਦੇ ਸ਼ਰਧਾਲੂਆਂ ਨੂੰ ਖਾਲਿਸਤਾਨ ਅਤੇ ਪਾਕਿਸਤਾਨ ਜਾਂ ਭਾਰਤ ਵਿੱਚੋਂ ਕਿਸੇ ਇੱਕ ਨੂੰ ਚੁਣਨ ਦੀ ਧਮਕੀ ਵੀ ਦਿੱਤੀ ਹੈ।
ਡੇਰੇ ਸਬੰਧੀ ਅੱਤਵਾਦੀ ਪੰਨੂ ਦੀ ਇਹ ਦੂਜੀ ਵੀਡੀਓ ਹੈ। ਇਸ ਤੋਂ ਪਹਿਲਾਂ ਅੱਤਵਾਦੀ ਪੰਨੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਿਆਸ ਸਥਿਤ ਡੇਰਾ ਰਾਧਾ ਸੁਆਮੀ ਵਿਖੇ ਪਹੁੰਚਣ ਤੋਂ ਪਹਿਲਾਂ ਵੀਡੀਓ ਜਾਰੀ ਕੀਤੀ ਸੀ। ਜਿਸ ਵਿੱਚ ਪੰਨੂ ਨੇ ਡੇਰਾ ਮੁਖੀ ਨੂੰ ਪ੍ਰਧਾਨ ਮੰਤਰੀ ਨੂੰ ਨਾ ਮਿਲਣ ਦੀ ਸਲਾਹ ਦਿੱਤੀ ਸੀ। ਪੰਨੂ ਨੇ ਧਮਕੀ ਦਿੱਤੀ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਿਸਾਨ ਅੰਦੋਲਨ ਦੌਰਾਨ ਮਾਰੇ ਗਏ 1000 ਕਿਸਾਨਾਂ ਦੇ ਕਾਤਲ ਹਨ ਅਤੇ ਉਨ੍ਹਾਂ ਨੂੰ ਨਹੀਂ ਮਿਲਣਾ ਚਾਹੀਦਾ।