ਜਲੰਧਰ, 6 ਸਤੰਬਰ| ਭਜਨ ਗਾਇਕ ਮਾਸਟਰ ਸਲੀਮ ਮੰਗਲਵਾਰ ਨੂੰ ਮਾਂ ਚਿੰਤਪੂਰਨੀ ਦੇ ਦਰਬਾਰ ‘ਚ ਨਤਮਸਤਕ ਹੋਏ ਤੇ ਹਾਲ ਹੀ ਦੇ ਲਾਈਵ ਸ਼ੋਅ ਦੌਰਾਨ ਬੋਲੇ ਗਏ ਇਤਰਾਜ਼ਯੋਗ ਸ਼ਬਦਾਂ ਲਈ ਮਾਫ਼ੀ ਮੰਗੀ। ਸਲੀਮ ਨੇ ਕਿਹਾ ਕਿ ਉਨ੍ਹਾਂ ਲਈ ਮਾਂ ਚਿੰਤਪੂਰਨੀ ਤੋਂ ਵੱਡਾ ਕੋਈ ਨਹੀਂ ਹੈ। 20-25 ਸਾਲ ਪਹਿਲਾਂ ਜਦੋਂ ਉਨ੍ਹਾਂ ਨੇ ਮਾਂ ਦੀਆਂ ਭੇਟਾਂ ਗਾਉਣੀਆਂ ਸ਼ੁਰੂ ਕੀਤੀਆਂ ਸਨ, ਉਸ ਸਮੇਂ ਉਨ੍ਹਾਂ ਕਿਹਾ ਸੀ ਕਿ ਮਾਂ ਤੋਂ ਵੱਡਾ ਇਸ ਦੁਨੀਆਂ ਵਿਚ ਕੋਈ ਨਹੀਂ ਹੈ।
‘ਮਾਂ ਦੀ ਸ਼ਾਨ ਖਿਲਾਫ਼ ਕਦੀ ਕੁਝ ਨਹੀਂ ਬੋਲ ਸਕਦੇ’
ਉਨ੍ਹਾਂ ਦੇ ਪੂਰਵਜ ਵੀ ਮਾਤਾ ਚਿੰਤਪੂਰਨੀ ਦੇ ਦਰਬਾਰ ‘ਚ ਸੀਸ ਨਿਵਾਉਂਦੇ ਰਹੇ ਹਨ। ਅਜੋਕੇ ਸਮੇਂ ਕੁਝ ਗਲਤਫਹਿਮੀਆਂ ਹੋਈਆਂ ਹਨ ਤੇ ਇਕ-ਦੋ ਸ਼ਬਦਾਂ ਦੇ ਇੱਧਰ-ਉੱਧਰ ਹੋਣ ਨਾਲ ਗਲਤ ਅਰਥ ਕੱਢਿਆ ਜਾਣ ਲੱਗਾ। ਉਹ ਕਦੇ ਵੀ ਮਾਂ ਦੀ ਸ਼ਾਨ ਖਿਲਾਫ ਨਹੀਂ ਬੋਲ ਸਕਦੇ। ਜੇਕਰ ਉਨ੍ਹਾਂ ਦੇ ਸ਼ਬਦਾਂ ਨਾਲ ਕਿਸੇ ਨੂੰ ਠੇਸ ਪਹੁੰਚੀ ਹੈ ਤਾਂ ਉਹ ਮਾਫ਼ੀ ਮੰਗਦੇ ਹਨ। ਉਨ੍ਹਾਂ ਪੁਜਾਰੀ ਵਰਗ ਤੋਂ ਵੀ ਮਾਫ਼ੀ ਮੰਗੀ ਹੈ।
ਸ਼ਿਵ ਸੈਨਾ ਦੇ ਬੁਲਾਰੇ ਨੇ ਲਾਏ ਸੀ ਗੰਭੀਰ ਦੋਸ਼
ਸ਼ਿਵ ਸੈਨਾ ਦੇ ਬੁਲਾਰੇ ਚੰਦਰਕਾਂਤ ਚੱਢਾ ਨੇ ਮਾਤਾ ਚਿੰਤਪੁਰਨੀ ਦਰਬਾਰ ਦੇ ਪੁਜਾਰੀਆਂ ਦੇ ਨਾਂ ‘ਤੇ ਦਿੱਤੇ ਗਏ ਇਤਰਾਜ਼ਯੋਗ ਬਿਆਨ ਨੂੰ ਲੈ ਕੇ ਗਾਇਕ ਮਾਸਟਰ ਸਲੀਮ ਖਿਲਾਫ ਗੁੱਸਾ ਜ਼ਾਹਰ ਕੀਤਾ ਸੀ। ਚੱਢਾ ਨੇ ਕਿਹਾ ਕਿ ਗਾਇਕ ਮਾਸਟਰ ਸਲੀਮ ਤੇ ਉਨ੍ਹਾਂ ਵਰਗੇ ਹੋਰ ਕਲਾਕਾਰ ਲਗਾਤਾਰ ਸਨਾਤਨ ਧਰਮ ਪ੍ਰੇਮੀਆਂ ਦੀ ਆਸਥਾ ਨਾਲ ਖਿਲਵਾੜ ਕਰਦੇ ਹਨ। ਬਾਅਦ ‘ਚ ਇਕ ਕਮਰੇ ‘ਚ ਬੈਠ ਕੇ ਇਕ ਵੀਡੀਓ ਜਾਰੀ ਕਰ ਕੇ ਮਾਫ਼ੀ ਮੰਗਣ ਦਾ ਬਹਾਨਾ ਲਾਇਆ, ਜਿਸ ਦੇ ਪਿੱਛੇ ਸਨਾਤਨ ਦੀ ਬੇਅਦਬੀ ਦਾ ਵੱਡਾ ਏਜੰਡਾ ਹੋਣ ਦਾ ਸ਼ੱਕ ਹੈ।