ਗਾਇਕ ਹਨੀ ਸਿੰਘ ‘ਤੇ ਪਤਨੀ ਨੇ ਘਰੇਲੂ ਹਿੰਸਾ ਦਾ ਦਰਜ ਕਰਵਾਇਆ ਕੇਸ, 10 ਕਰੋੜ ਮੰਗਿਆ ਮੁਆਵਜ਼ਾ

0
4923

ਨਵੀਂ ਦਿੱਲੀ | ਪੰਜਾਬੀ ਗਾਇਕ ਹਨੀ ਸਿੰਘ ਦੀ ਪਤਨੀ ਨੇ ਉਨ੍ਹਾਂ ਖਿਲਾਫ਼ ਘਰੇਲੂ ਹਿੰਸਾ ਦੇ ਆਰੋਪ ਤਹਿਤ ਕੇਸ ਦਰਜ ਕਰਵਾਇਆ ਹੈ ਅਤੇ ਔਰਤ ਸੁਰੱਖਿਆ ਐਕਟ ਤਹਿਤ 10 ਕਰੋੜ ਰੁਪਏ ਦਾ ਮੁਆਵਜ਼ਾ ਮੰਗਿਆ ਹੈ।

ਖ਼ਬਰ ਏਜੰਸੀ ਏਐੱਨਆਈ ਮੁਤਾਬਕ ਦਿੱਲੀ ਦੀ ਤੀਸ ਹਜ਼ਾਰੀ ਕੋਰਟ ਨੇ ਹਨੀ ਸਿੰਘ ਨੂੰ ਨੋਟਿਸ ਜਾਰੀ ਕਰਕੇ ਜਵਾਬ ਤਲਬ ਕੀਤਾ ਹੈ।

ਹਨੀ ਸਿੰਘ ਦੀ 38 ਸਾਲਾ ਪਤਨੀ ਸ਼ਾਲਿਨੀ ਤਲਵਾੜ ਨੇ ਆਰੋਪ ਲਾਇਆ ਹੈ ਕਿ ਪਿਛਲੇ ਕੁਝ ਸਾਲਾਂ ਤੋਂ ਉਸ ਨੂੰ ਕਈ ਵਾਰ ਕੁੱਟਿਆ ਗਿਆ ਅਤੇ ਉਹ ਡਰ ਵਿੱਚ ਜੀਅ ਰਹੀ ਸੀ। ਸ਼ਾਲਿਨੀ ਨੇ ਅਦਾਲਤ ‘ਚ ਕੇਸ ਦਾਇਰ ਕਰਕੇ ਆਪਣੇ ਪਤੀ ‘ਤੇ ਸਰੀਰਕ ਅਤੇ ਮਾਨਸਿਕ ਹਿੰਸਾ ਦਾ ਦੋਸ਼ ਲਾਇਆ ਹੈ। ਮਾਮਲੇ ‘ਚ ਮਾਣਯੋਗ ਅਦਾਲਤ ਨੇ ਹਨੀ ਸਿੰਘ ਨੂੰ 28 ਅਗਸਤ ਤੱਕ ਆਪਣਾ ਜਵਾਬ ਦੇਣ ਲਈ ਨੋਟਿਸ ਜਾਰੀ ਕੀਤਾ ਹੈ।

ਸ਼ਾਲਿਨੀ ਨੇ ਆਪਣੇ ਵਕੀਲ ਸੰਦੀਪ ਕਪੂਰ, ਅਪੂਰਵ ਪਾਂਡੇ ਅਤੇ ਜੀ ਜੀ ਕਸ਼ਯਪ ਰਾਹੀਂ ਪਟੀਸ਼ਨ ਵਿੱਚ ਕਿਹਾ, “ਮਾਨਸਿਕ ਸ਼ੋਸ਼ਣ ਤੇ ਤਸ਼ੱਦਦ ਕਾਰਨ ਉਹ ਡਿਪ੍ਰੈਸ਼ਨ ਤੋਂ ਵੀ ਪੀੜਤ ਸੀ ਅਤੇ ਉਸ ਨੇ ਮੈਡੀਕਲ ਸਹਾਇਤਾ ਵੀ ਲਈ।”

ਏਜੰਸੀ ਮੁਤਾਬਕ ਹਿਰਦੇਸ਼ ਸਿੰਘ (ਹਨੀ ਸਿੰਘ), ਜਿਸ ਦਾ ਪੇਸ਼ੇਵਰ ਨਾਂ ਯੋ ਯੋ ਹਨੀ ਸਿੰਘ ਹੈ, ਦਾ ਸ਼ਾਲਿਨੀ ਤਲਵਾੜ ਨਾਲ 23 ਜਨਵਰੀ 2011 ਵਿੱਚ ਵਿਆਹ ਹੋਇਆ ਸੀ।

ਸ਼ਾਲਿਨੀ ਨੇ ਕੋਰਟ ਨੂੰ ਅਪੀਲ ਕੀਤੀ ਹੈ ਕਿ ਉਹ ਹਨੀ ਸਿੰਘ ਨੂੰ ਉਸ ਨੂੰ 5 ਲੱਖ ਰੁਪਏ ਪ੍ਰਤੀ ਮਹੀਨਾ ਦੇਣ ਦਾ ਹੁਕਮ ਦੇਵੇ ਤਾਂ ਜੋ ਉਹ ਆਪਣੇ ਘਰ ਦਾ ਕਿਰਾਇਆ ਦੇ ਸਕੇ।

ਇਸ ਤੋਂ ਇਲਾਵਾ ਉਸ ਨੇ ਅਦਾਲਤ ਨੂੰ ਅਪੀਲ ਕੀਤੀ ਹੈ ਕਿ ਉਹ ਹਨੀ ਸਿੰਘ ਨੂੰ ਉਨ੍ਹਾਂ ਦੀ ਕਿਸੇ ਸਾਂਝੀ ਜਾਇਦਾਦ ਜਾਂ ਦਾਜ ਦੇ ਸਮਾਨ ਨੂੰ ਵੇਚਣ ਤੋਂ ਰੋਕਣ ਦੇ ਹੁਕਮ ਦੇਣ।

ਖ਼ਬਰ ਏਜੰਸੀ ਪੀਟੀਆਈ ਮੁਤਾਬਕ ਚੀਫ ਮੈਟਰੋਪੋਲੀਟਨ ਮੈਜਿਸਟ੍ਰੇਟ ਤਾਨੀਆ ਸਿੰਘ ਨੇ ਨੋਟਿਸ ਵਿੱਚ ਉਨ੍ਹਾਂ ਨੂੰ ਨੋਇਡਾ ਵਿਚਲੀ ਆਪਣੀ ਸਾਂਝੀ ਮਲਕੀਅਤ ਵਾਲੀ ਜਾਇਦਾਦ ਵਿੱਚ ਕਿਸੇ ਤੀਜੇ ਪੱਖ ਦੇ ਅਧਿਕਾਰ ਨੂੰ ਸ਼ਾਮਿਲ ਕਰਨ ਜਾਂ ਵੱਖ ਕਰਨ ਜਾਂ ਆਪਣੀ ਪਤਨੀ ਦੇ ਗਹਿਣੇ ਵੇਚਣ ਅਤੇ ਹੋਰਨਾਂ ਵਸਤਾਂ ਦਾ ਨਿਪਟਾਰਾ ਨਾ ਕਰਨ ਦੇ ਹੁਕਮ ਦਿੱਤੇ ਹਨ।