ਬਰਵਾਲਾ। ਬਤੌੜ ਰੋਡ ਉਤੇ ਹੋਏ ਇਕ ਸੜਕ ਹਾਦਸੇ ਵਿਚ ਦੋ ਸਕੇ ਭੈਣ-ਭਰਾਵਾਂ ਦੀ ਮੌਤ ਹੋ ਗਈ, ਜਦੋਂਕਿ ਇਨ੍ਹਾਂ ਦੇ ਤਾਏ ਦਾ ਮੁੰਡਾ ਗੰਭੀਰ ਜ਼ਖਮੀ ਹੋ ਗਿਆ, ਜਿਸਨੂੰ ਚੰਡੀਗੜ੍ਹ ਦੇ ਪੀਜੀਆਈ ਵਿਚ ਰੈਫਰ ਕੀਤਾ ਦੱਸਿਆ ਜਾ ਰਿਹਾ ਹੈ।
ਇਹ ਸਾਰੇ ਪੰਚਕੂਲਾ ਦੇ ਪਿੰਡ ਬਰੇਲੀ ਦੇ ਰਹਿਣ ਵਾਲੇ ਸਨ। ਜੋ ਇਕ ਵਿਆਹ ਅਟੈਂਡ ਕਰਨ ਤੋਂ ਬਾਅਦ ਵਾਪਸ ਆਪਣੇ ਘਰ ਆ ਰਹੇ ਸਨ ਕਿ ਇਸੇ ਦੌਰਾਨ ਤੇਜ਼ ਰਫਤਾਰ ਸਕਾਰਪੀਓ ਨੇ ਇਨ੍ਹਾਂ ਨੂੰ ਟੱਕਰ ਮਾਰ ਦਿੱਤੀ। ਜਿਸ ਨਾਲ ਮੋਟਰਸਾਈਕਲ ਸਵਾਰ ਤਿੰਨੇ ਭੈਣ-ਭਰਾ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਪੰਚਕੂਲਾ ਦੇ ਸੈਕਟਰ 6 ਦੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ, ਜਿਥੇ ਡਾਕਟਰਾਂ ਨੇ ਸਕੇ ਭੈਣ-ਭਰਾ ਨੂੰ ਮ੍ਰਿਤਕ ਐਲਾਨ ਦਿੱਤਾ, ਜਦੋਂਕਿ ਉਨ੍ਹਾਂ ਦੇ ਤਾਏ ਦੇ ਲੜਕੇ ਨੂੰ ਗੰਭੀਰ ਹਾਲਤ ਵਿਚ ਚੰਡੀਗੜ੍ਹ ਦੇ ਪੀਜੀਆਈ ਵਿਚ ਦਾਖਲ ਕਰਵਾਇਆ ਗਿਆ ਹੈ। ਪੁਲਿਸ ਨੇ ਸਕਾਰਪੀਓ ਕਬਜ਼ੇ ਵਿਚ ਲੈ ਲਈ ਹੈ। ਦੋਸ਼ੀ ਕਾਰ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ ਹੈ, ਜਿਸਦੀ ਭਾਲ ਪੁਲਿਸ ਕਰ ਰਹੀ ਹੈ।