ਜਲੰਧਰ ‘ਚ ਛਿੰਝ ਮੇਲੇ ਦੌਰਾਨ ਚਲੀਆਂ ਗੋਲੀਆਂ, ਲੋਕਾਂ ‘ਚ ਮੱਚੀ ਭਗਦੜ

0
236

ਜਲੰਧਰ, 8 ਨਵੰਬਰ | ਆਦਮਪੁਰ ਨੇੜੇ ਪਤਾਰਾ ਵਿਖੇ ਵੀਰਵਾਰ ਦੇਰ ਸ਼ਾਮ ਛਿੰਝ ਮੇਲੇ ਦੇ ਪ੍ਰਬੰਧਕਾਂ ਦਾ ਇੱਕ ਸੰਗਠਨ ਨਾਲ ਝਗੜਾ ਹੋ ਗਿਆ। ਮਾਮਲਾ ਇੰਨਾ ਵੱਧ ਗਿਆ ਕਿ ਸੰਗਠਨ ਦੇ ਨਾਲ ਆਏ ਇਕ ਵਿਅਕਤੀ ਨੇ ਆਪਣੀ ਰਾਈਫਲ ਨਾਲ ਗੋਲੀਆਂ ਚਲਾ ਦਿੱਤੀਆਂ।

ਘਟਨਾ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ। ਘਟਨਾ ਦੀ ਜਾਂਚ ਲਈ ਡੀਐਸਪੀ ਆਦਮਪੁਰ ਅਤੇ ਪਤਾਰਾ ਥਾਣੇ ਦੀ ਪੁਲਿਸ ਮੌਕੇ ’ਤੇ ਪਹੁੰਚ ਗਈ ਸੀ। ਜਦੋਂ ਵਾਰਦਾਤ ਵਾਲੀ ਥਾਂ ‘ਤੇ ਗੋਲੀਬਾਰੀ ਹੋਈ, ਉਸ ਦੀ ਵੀਡੀਓ ਵੀ ਸਾਹਮਣੇ ਆਈ ਹੈ। ਗੋਲੀਬਾਰੀ ਦੀ ਘਟਨਾ ਤੋਂ ਬਾਅਦ ਪੂਰੇ ਇਲਾਕੇ ‘ਚ ਦਹਿਸ਼ਤ ਫੈਲ ਗਈ।

ਪਤਾਰਾ ਦੇ ਪਿੰਡ ਕੰਗਣੀਵਾਲ ਵਿਚ ਹੋਏ ਇਸ ਛਿੰਝ ਮੇਲੇ ਦੀ ਪ੍ਰਬੰਧਕ ਉਕਤ ਪਿੰਡ ਦੀ ਸਾਬਕਾ ਸਰਪੰਚ ਹਰਜੀਤ ਕੌਰ ਸੀ। ਮੇਲੇ ਵਿਚ ਵੱਖ-ਵੱਖ ਜਥੇਬੰਦੀਆਂ ਭਾਗ ਲੈਣ ਲਈ ਪਹੁੰਚੀਆਂ ਹੋਈਆਂ ਸਨ। ਇਨ੍ਹਾਂ ਵਿੱਚੋਂ ਇੱਕ ਸੰਸਥਾ ਦਾ ਮੇਲੇ ਦੇ ਪ੍ਰਬੰਧਕਾਂ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਸੀ, ਜਿਸ ਤੋਂ ਬਾਅਦ ਦੋਵਾਂ ਧਿਰਾਂ ਵਿਚ ਜ਼ਬਰਦਸਤ ਬਹਿਸ ਹੋ ਗਈ। ਜਿਸ ਤੋਂ ਬਾਅਦ ਮਾਮਲਾ ਇੰਨਾ ਵੱਧ ਗਿਆ ਕਿ ਜਥੇਬੰਦੀ ਦੇ ਨਾਲ ਆਏ ਇੱਕ ਵਿਅਕਤੀ ਨੇ ਆਪਣੀ ਰਾਈਫਲ ਤੋਂ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।

ਗੋਲੀਆਂ ਚਲਾਉਣ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ। ਜਿਸ ਤੋਂ ਬਾਅਦ ਮਾਮਲੇ ਦੀ ਸੂਚਨਾ ਪੁਲਿਸ ਕੰਟਰੋਲ ਰੂਮ ਨੂੰ ਦਿੱਤੀ ਗਈ। ਡੀਐਸਪੀ ਆਦਮਪੁਰ ਕੁਲਵੰਤ ਸਿੰਘ ਅਤੇ ਪਤਾਰਾ ਥਾਣੇ ਦੇ ਐਸਐਚਓ ਹਰਦੇਵ ਪ੍ਰੀਤ ਸਿੰਘ ਆਪਣੀਆਂ ਟੀਮਾਂ ਨਾਲ ਘਟਨਾ ਵਾਲੀ ਥਾਂ ’ਤੇ ਜਾਂਚ ਲਈ ਪੁੱਜੇ ਸਨ। ਪੁਲਿਸ ਨੇ ਕਿਹਾ ਕਿ ਕ੍ਰਾਈਮ ਸੀਨ ਦੀ ਜਾਂਚ ਕਰ ਲਈ ਗਈ ਹੈ, ਜਲਦੀ ਹੀ ਐਫਆਈਆਰ ਦਰਜ ਕੀਤੀ ਜਾਵੇਗੀ ਅਤੇ ਅਗਲੀ ਕਾਰਵਾਈ ਕੀਤੀ ਜਾਵੇਗੀ।