ਅੰਮ੍ਰਿਤਸਰ | ਇਥੇ ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਗੋਲੀਬਾਰੀ ਹੋਈ ਹੈ। ਪੁਲਿਸ ਨਾਲ ਕਰਾਸ ਫਾਇਰਿੰਗ ਤੋਂ ਬਾਅਦ ਦੋਸ਼ੀ ਇਕ ਘਰ ਵਿਚ ਲੁਕ ਗਿਆ। ਇਸ ਤੋਂ ਬਾਅਦ ਪੁਲਿਸ ਨੇ ਤਲਾਸ਼ੀ ਮੁਹਿੰਮ ਚਲਾ ਕੇ 2 ਦੋਸ਼ੀਆਂ ਨੂੰ ਫੜ ਲਿਆ।
ਇਹ ਘਟਨਾ ਛੇਹਰਟਾ ਖੇਤਰ ਅਧੀਨ ਪੈਂਦੇ ਨਰਾਇਣਗੜ੍ਹ ਵਿੱਚ 40 ਫੁੱਟ ਰੋਡ ’ਤੇ ਵਾਪਰੀ। ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਇੱਕ ਕਾਰ ਵਿੱਚ ਕੁੱਝ ਗੈਂਗਸਟਰ ਆ ਰਹੇ ਹਨ। ਇਸ ਤੋਂ ਬਾਅਦ ਪੁਲਿਸ ਨੇ 40 ਫੁੱਟ ਰੋਡ ’ਤੇ ਨਾਕਾ ਲਾਇਆ। ਜਦੋਂ ਨਾਕੇ ‘ਤੇ ਤਾਇਨਾਤ ਪੁਲਿਸ ਮੁਲਾਜ਼ਮਾਂ ਨੇ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਥੇ ਮੌਜੂਦ ਗੈਂਗਸਟਰਾਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ।
ਸੜਕ ‘ਤੇ ਸ਼ਰੇਆਮ ਗੋਲੀਆਂ ਚੱਲਣ ਕਾਰਨ ਮੌਕੇ ‘ਤੇ ਹਫੜਾ-ਦਫੜੀ ਮਚ ਗਈ ਅਤੇ ਪੁਲਸ ਮੁਲਾਜ਼ਮਾਂ ਨੇ ਕਿਸੇ ਤਰ੍ਹਾਂ ਆਪਣੀ ਜਾਨ ਬਚਾਈ। ਇਸ ਦਾ ਫਾਇਦਾ ਉਠਾਉਂਦੇ ਹੋਏ ਗੈਂਗਸਟਰ ਗੱਡੀ ‘ਚ ਬੈਠ ਕੇ ਫਰਾਰ ਹੋ ਗਏ। ਇਸ ਤੋਂ ਬਾਅਦ ਪੁਲਿਸ ਨੇ ਉਨ੍ਹਾਂ ਦੀ ਕਾਰ ਦਾ ਪਿੱਛਾ ਕਰ ਕੇ ਜਵਾਬੀ ਕਾਰਵਾਈ ਕੀਤੀ।
ਆਪਣੇ ਆਪ ਨੂੰ ਘਿਰਿਆ ਦੇਖ ਕੇ ਗੈਂਗਸਟਰ ਪੁਲਿਸ ਤੋਂ ਬਚਣ ਲਈ ਇੱਕ ਘਰ ਵਿੱਚ ਵੜ ਗਏ। ਇਸ ਤੋਂ ਬਾਅਦ ਪੁਲਿਸ ਨੇ ਪੂਰੇ ਇਲਾਕੇ ਨੂੰ ਘੇਰ ਲਿਆ। ਘਰ ‘ਚ ਦਾਖਲ ਹੋਏ ਦੋ ਗੈਂਗਸਟਰਾਂ ਨੂੰ ਤਲਾਸ਼ੀ ਮੁਹਿੰਮ ਚਲਾ ਕੇ ਕਾਬੂ ਕਰ ਲਿਆ ਗਿਆ। ਪੁਲਿਸ ਅਧਿਕਾਰੀ ਗ੍ਰਿਫ਼ਤਾਰ ਕੀਤੇ ਗਏ ਗੈਂਗਸਟਰਾਂ ਦੇ ਨਾਵਾਂ ਅਤੇ ਉਨ੍ਹਾਂ ਖ਼ਿਲਾਫ਼ ਦਰਜ ਕੇਸਾਂ ਬਾਰੇ ਜਾਣਕਾਰੀ ਦੇਣ ਤੋਂ ਗੁਰੇਜ਼ ਕਰਦੇ ਨਜ਼ਰ ਆਏ।