ਬਠਿੰਡਾ | ਵਿਜੀਲੈਂਸ ਬਿਊਰੋ ਵੱਲੋਂ ਐਸ.ਐਚ.ਓ ਬਲਕੌਰ ਸਿੰਘ ਅਤੇ ਏ.ਐਸ.ਆਈ ਪਰਮਜੀਤ ਸਿੰਘ ਥਾਣਾ ਨੇਹੀਆ ਵਾਲਾ ਜ਼ਿਲਾ ਬਠਿੰਡਾ ਨੂੰ 50,000 ਰੁਪਏ ਬਤੌਰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਹੈ | ਇਸ ਸਬੰਧੀ ਵਿਜੀਲੈਂਸ ਬਿਊਰੋ ਬਠਿੰਡਾ ਦੇ ਐੱਸਐੱਸਪੀ ਹਰਪਾਲ ਸਿੰਘ ਨੇ ਦੱਸਿਆ ਕਿ ਉਕਤ ਐਸ.ਐਚ.ਓ. ਅਤੇ ਏ.ਐਸ.ਆਈ. ਨੂੰ ਰਾਮ ਲਾਲ ਵਾਸੀ ਪਿੰਡ ਮਹਿਮਾ ਸਰਕਾਰੀ ਜ਼ਿਲਾ ਬਠਿੰਡਾ, ਜੋ ਕਿ ਪ੍ਰਾਪਰਟੀ ਡੀਲਰ ਦਾ ਕੰਮ ਕਰਦਾ ਹੈ, ਦੀ ਸ਼ਿਕਾਇਤ ਤੇ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਤੋਂ ਗੁਰਤੇਜ ਸਿੰਘ ਵਾਸੀ ਕੋਠੇ ਫੂਲਾ ਸਿੰਘ ਵਾਲੇ ਜ਼ਿਲਾ ਬਠਿੰਡਾ ਤੇ ਹਰਚਰਨ ਸਿੰਘ ਉਰਫ ਲੀਲਾ ਵਾਸੀ ਦਸ਼ਮੇਸ਼ ਨਗਰ ਗੋਨਿਆਣਾ ਨੇ ਕਰੀਬ ਇੱਕ ਸਾਲ ਪਹਿਲਾਂ 30,00,000 ਰੁਪਏ ਨਕਦ ਉਧਾਰ ਵਿਆਜ ਉਪਰ ਲਏ ਸਨ। ਇਨ੍ਹਾਂ ਵੱਲੋਂ ਸਮੇਂ ਸਿਰ ਪੈਸੇ ਵਾਪਸ ਨਾ ਕਰਨ ਕਰ ਕੇ ਉਕਤ ਹਰਚਰਨ ਸਿੰਘ ਅਤੇ ਗੁਰਤੇਜ ਸਿੰਘ ਨੂੰ ਥਾਣਾ ਨੇਹੀਆ ਵਾਲਾ ਵਿਖੇ ਮਿਤੀ 04.11.2022 ਨੂੰ ਫੜਾ ਦਿੱਤਾ ਸੀ, ਜਿਸ ਤੇ ਅਗਲੇ ਦਿਨ ਐਸ.ਐਚ.ਓ ਬਲਕੌਰ ਸਿੰਘ ਅਤੇ ਏ.ਐਸ.ਆਈ ਪਰਮਜੀਤ ਸਿੰਘ ਵੱਲੋਂ ਉਨ੍ਹਾਂ ਦਾ ਦੂਸਰੀ ਧਿਰ ਨਾਲ ਥਾਣੇ ਵਿਖੇ ਜੁਬਾਨੀ ਰਾਜ਼ੀਨਾਮਾ ਕਰਵਾ ਦਿੱਤਾ ਸੀ। ਉਕਤ ਦੋਹਾਂ ਪੁਲਿਸ ਮੁਲਾਜ਼ਮਾਂ ਨੇ ਇਨ੍ਹਾਂ ਖਿਲਾਫ ਮੁਕੱਦਮਾ ਨਾ ਦਰਜ ਕਰਨ ਤੇ ਰਾਜੀਨਾਮਾ ਕਰਵਾਉਣ ਦੇ ਸਬੰਧ ਵਿੱਚ ਸ਼ਿਕਾਇਤਕਰਤਾ ਰਾਮ ਲਾਲ ਪਾਸੋਂ 3,00,000 ਰੁਪਏ ਬਤੌਰ ਰਿਸ਼ਵਤ ਦੀ ਮੰਗ ਕੀਤੀ ਸੀ।
ਇਸ ਸਬੰਧੀ ਸ਼ਿਕਾਇਤ ਦੀ ਪੜਤਾਲ ਉਪਰੰਤ ਵਿਜੀਲੈਂਸ ਬਿਊਰੋ ਬਠਿੰਡਾ ਰੇਂਜ ਦੀ ਟੀਮ ਨੇ ਉਕਤ ਦੋਸ਼ੀਆਂ ਐਸ.ਐਚ.ਓ ਬਲਕੌਰ ਸਿੰਘ ਅਤੇ ਏ.ਐਸ.ਆਈ ਪਰਮਜੀਤ ਸਿੰਘ ਥਾਣਾ ਨੇਹੀਆ ਵਾਲਾ ਜ਼ਿਲਾ ਬਠਿੰਡਾ ਨੂੰ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ 50,000 ਰੁਪਏ ਰਿਸ਼ਵਤ ਦੀ ਪਹਿਲੀ ਰਾਸ਼ੀ ਵਜੋਂ ਲੈਂਦਿਆਂ ਰੰਗੇ ਹੱਥੀਂ ਗ੍ਰਿਫਤਾਰ ਕੀਤਾ। ਉਪਰੰਤ ਵਿਜੀਲੈਂਸ ਦੀ ਟੀਮ ਵਲੋਂ ਦੋਸ਼ੀ ਪੁਲਿਸ ਮੁਲਾਜ਼ਮਾਂ ਦੇ ਵਾਹਨ ਦੀ ਤਲਾਸ਼ੀ ਮੌਕੇ 50,000 ਹੋਰ ਰੁਪਏ ਬਤੌਰ ਨਕਦ ਬਰਾਮਦ ਕੀਤੇ ਗਏ। ਇਸ ਸਬੰਧ ਵਿੱਚ ਉਕਤ ਦੋਹਾਂ ਦੋਸ਼ੀਆਂ ਖਿਲਾਫ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਥਾਣਾ ਵਿਜੀਲੈਂਸ ਬਿਊਰੋ ਰੇਂਜ ਬਠਿੰਡਾ ਵਿਖੇ ਮੁਕੱਦਮਾ ਦਰਜ ਕਰ ਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ।