ਅੰਮ੍ਰਿਤਸਰ| ਫ਼ਿਲਮ ‘ਮਿੱਤਰਾ ਦਾ ਨਾਂ ਚਲਦਾ’ ਵਿਚ ਮਾਂ ਕਾਲੀ ਜੀ ਦਾ ਸਵਰੂਪ ਬਣਾ ਕੇ ਦਿਖਾਏ ਜਾਣ ਦੇ ਵਿਰੋਧ ਵਿਚ ਸ਼ਿਵਾ ਸੈਨਾ ਅਤੇ ਹਿੰਦੂ ਜਥੇਬੰਦੀਆਂ ਵਲੋਂ ਸਾਂਝੇ ਤੌਰ ‘ਤੇ ਹਾਲ ਗੇਟ ਦੇ ਬਾਹਰ ਫਿਲਮ ਦੇ ਪੋਸਟਰ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਮੰਗ ਕੀਤੀ ਗਈ ਕਿ ਜਲਦ ਤੋਂ ਜਲਦ ਫਿਲਮ ਵਿਚੋਂ ਮਾਂ ਕਾਲੀ ਜੀ ਦਾ ਸਵਰੂਪ ਦਿਖਾਏ ਜਾਣ ਦਾ ਸੀਨ ਕੱਟਿਆ ਜਾਵੇ। ਰੋਸ ਪ੍ਰਦਰਸ਼ਨ ਵਿਚ ਵਿਜੇ ਕੁਮਾਰ, ਹਰੀਸ਼ ਸ਼ਰਮਾ, ਗਗਨ ਸਰੀਨ, ਸਿਧਾਰਥ ਕੁਮਰੀਆ, ਅਤੁਲ ਕੁਮਾਰ, ਨਿਤੀਸ਼, ਸ਼ਿਵ ਕੁਮਾਰ, ਬਾਬਾ, ਅਮਨ ਕੁਮਾਰ, ਰਵੀ ਧੁੰਨਾ ਤੇ ਹੋਰ ਨੇਤਾ ਸ਼ਾਮਲ ਹੋਏ।
ਸ਼ਿਵਾ ਸੈਨਾ ਦੇ ਰਾਸ਼ਟਰੀ ਪ੍ਰਧਾਨ ਅੰਕਿਤ ਖੋਸਲਾ, ਆਲ ਇੰਡੀਆ ਹਿੰਦੂ ਏਕਤਾ ਮੰਚ ਦੇ ਰਾਸ਼ਟਰੀ ਪ੍ਰਧਾਨ ਵਿਕਰਮ ਗੰਦੋਤਰਾ, ਸ਼ਿਵ ਸੈਨਾ ਬਾਲਾ ਸਾਹਿਬ ਠਾਕਰੇ ਜ਼ਿਲ੍ਹਾ ਪ੍ਰਧਾਨ ਰਜਿੰਦਰ ਸਹਿਦੇਵ ਤੇ ਸ਼ਿਵ ਸੈਨਾ ਸੁਰਜਵੰਸ਼ੀ ਰਾਸ਼ਟਰੀ ਪ੍ਰਧਾਨ ਰਾਕੇਸ਼ ਭਸੀਨ, ਸੁਨੀਲ ਅਰੋੜਾ ਨੇ ਸਾਂਝੇ ਤੌਰ ‘ਤੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਫਿਲਮ ਵਿਚ ਹਿੰਦੂ ਦੇਵੀ ਦੇਵਤਿਆਂ ਦਾ ਅਪਮਾਨ ਕਰਕੇ ਹਿੰਦੂ ਸਮਾਜ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ ਹੈ, ਜੋ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਪਹਿਲਾਂ ਵੀ ਕਈ ਵਾਰ ਫ਼ਿਲਮਾਂ ਵਿਚ ਹਿੰਦੂ ਦੇਵੀ ਦੇਵਤਿਆਂ ਦਾ ਅਪਮਾਨ ਕੀਤਾ ਗਿਆ ਹੈ, ਜਿਸਦਾ ਸਖਤ ਵਿਰੋਧ ਕਰਨ ਤੋਂ ਬਾਅਦ ਫ਼ਿਲਮਾਂ ਵਿਚੋਂ ਸੀਨ ਵੀ ਕੱਟੇ ਗਏ ਹਨ, ਪਰ ਇਸਦੇ ਬਾਵਜੂਦ ਫ਼ਿਲਮਾਂ ਬਣਾਉਣ ਵਾਲੇ ਆਪਣੀ ਟੀਆਰਪੀ ਵਧਾਉਣ ਲਈ ਹਿੰਦੂ ਦੇਵੀ ਦੇਵਤਿਆਂ ਦਾ ਅਪਮਾਨ ਕਰਕੇ ਪੂਰੇ ਸਮਾਜ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਹਨ। ਨੇਤਾਵਾਂ ਨੇ ਕਿਹਾ ਕਿ ਜੇਕਰ ਫਿਲਮ ਵਿਚੋਂ ਸੀਨ ਨਾ ਕੱਟੇ ਗਏ ਤਾਂ ਸ਼ਿਵ ਸੈਨਿਕ ਸਿਨੇਮਾਂ ਘਰਾਂ ‘ਚ ਜਾ ਕੇ ਫਿਲਮ ਨੂੰ ਚੱਲਣ ਤੋਂ ਰੋਕਣਗੇ ਅਤੇ ਵੱਡੇ ਪੱਧਰ ‘ਤੇ ਰੋਸ ਪ੍ਰਦਰਸ਼ਨ ਕਰਨਗੇ।