ਵਿਆਹ ਦੀ ਸ਼ਾਪਿੰਗ ਕਰਨ ਬਠਿੰਡਾ ਤੋਂ ਪਟਿਆਲੇ ਮੰਗੇਤਰ ਕੋਲ ਗਈ ਲੜਕੀ ਗਾਇਬ, ਕਤਲ ਦਾ ਸ਼ੱਕ

0
1321

ਬਠਿੰਡਾ | ਬਠਿੰਡਾ ਤੋਂ ਪਟਿਆਲਾ ਆਪਣੇ ਮੰਗੇਤਰ ਕੋਲ ਵਿਆਹ ਦੀ ਸ਼ਾਪਿੰਗ ਕਰਨ ਗਈ 28 ਸਾਲ ਦੀ ਲੜਕੀ ਸ਼ੱਕੀ ਹਾਲਤ ‘ਚ ਲਾਪਤਾ ਹੋ ਗਈ।

ਘਰ ਵਾਲਿਆਂ ਨੂੰ ਸ਼ੱਕ ਹੈ ਕਿ ਮੰਗੇਤਰ ਨੇ ਉਸ ਦੀ ਹੱਤਿਆ ਕਰ ਦਿੱਤੀ ਹੈ। ਉਨ੍ਹਾਂ ਦੀ ਸ਼ਿਕਾਇਤ ‘ਤੇ ਪੁਲਿਸ ਨੇ ਮੰਗੇਤਰ ਖਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕੀਤੀ ਹੈ।

ਛਪਿੰਦਰਪਾਲ ਕੌਰ ਨਾਂ ਦੀ ਲੜਕੀ ਦੇ ਪਿਤਾ ਸੁਖਚੈਨ ਸਿੰਘ ਮਾਡਲ ਟਾਊਨ ਬਠਿੰਡਾ ‘ਚ ਰਹਿੰਦੇ ਹਨ। ਉਨ੍ਹਾਂ ਪਟਿਆਲਾ ਅਰਬਨ ਅਸਟੇਟ ਫੇਜ਼-1 ਨੇੜੇ ਸਲਾਰੀਆ ਵਿਹਾਰ ਵਾਸੀ ਆਪਣੀ ਬੇਟੀ ਦੇ ਮੰਗੇਤਰ ਨਵਨਿੰਦਰਪ੍ਰੀਤ ਪਾਲ ਸਿੰਘ ਖਿਲਾਫ਼ ਕੇਸ ਦਰਜ ਕਰਵਾਇਆ ਹੈ।

ਸੁਖਚੈਨ ਸਿੰਘ ਦਾ ਪਰਿਵਾਰ ਅੱਜਕਲ ਵਿਸ਼ਵਾਸ ਕਾਲੋਨੀ ਬਹਿਮਨ ਰੋਡ ਗਲੀ ਨੰਬਰ ਇਕ ਬਠਿੰਡਾ ‘ਚ ਰਹਿੰਦਾ ਹੈ। ਉਨ੍ਹਾਂ ਦੀ ਸ਼ਿਕਾਇਤ ਅਨੁਸਾਰ ਮੁਲਜ਼ਮ ਨੌਜਵਾਨ ਪਹਿਲਾਂ ਹੀ ਲਖਵਿੰਦਰ ਕੌਰ ਨਾਂ ਦੀ ਔਰਤ ਨਾਲ ਵਿਆਹ ਕਰ ਚੁੱਕਾ ਸੀ, ਇਹ ਸੱਚਾਈ ਉਨ੍ਹਾਂ ਦੀ ਬੇਟੀ ਨੂੰ ਪਟਿਆਲਾ ਪਹੁੰਚਣ ‘ਤੇ ਪਤਾ ਲੱਗੀ, ਜਿਸ ਤੋਂ ਬਾਅਦ ਉਸ ਨੇ ਬੇਟੀ ਦਾ ਕਤਲ ਕਰ ਦਿੱਤਾ ਜਾਂ ਫਿਰ ਉਸ ਨੂੰ ਬੰਧਕ ਬਣਾ ਲਿਆ ਗਿਆ ਹੈ। ਥਾਣਾ ਅਰਬਨ ਅਸਟੇਟ ਪਟਿਆਲਾ ਦੀ ਪੁਲਿਸ ਨੇ ਧਾਰਾ 364 ਆਈਪੀਸੀ ਤਹਿਤ ਮਾਮਲਾ ਦਰਜ ਕੀਤਾ ਹੈ।

ਸੁਖਚੈਨ ਸਿੰਘ ਅਨੁਸਾਰ ਉਨ੍ਹਾਂ ਦੀ ਬੇਟੀ ਦੀ ਆਰੋਪੀ ਨਾਲ ਜਾਣ-ਪਛਾਣ ਸੀ, ਜਿਸ ਕਾਰਨ ਇਹ ਰਿਸ਼ਤਾ ਤੈਅ ਕਰਕੇ 20 ਅਕਤੂਬਰ ਦਾ ਵਿਆਹ ਫਿਕਸ ਕਰ ਦਿੱਤਾ ਗਿਆ। ਡੇਟ ਫਿਕਸ ਹੁੰਦੇ ਹੀ ਆਰੋਪੀ ਨੌਜਵਾਨ ਟਾਲਮਟੋਲ ਕਰਨ ਲੱਗਾ ਸੀ ਤੇ 11 ਅਕਤੂਬਰ ਨੂੰ ਉਸ ਨੇ ਆਪਣੀ ਬੇਟੀ ਨੂੰ ਵਿਆਹ ਦੀ ਸ਼ਾਪਿੰਗ ਬਹਾਨੇ ਪਟਿਆਲਾ ਬੁਲਾਇਆ।

14 ਅਕਤੂਬਰ ਨੂੰ ਆਰੋਪੀ ਨੇ ਸੁਖਚੈਨ ਸਿੰਘ ਦੇ ਬੇਟੇ ਨੂੰ ਫੋਨ ਕਰਕੇ ਕਿਹਾ ਕਿ ਉਸ ਦੀ ਭੈਣ ਝਗੜਾ ਕਰ ਕੇ ਕਿਤੇ ਚਲੀ ਗਈ ਹੈ ਤੇ ਫੋਨ ਵੀ ਉਸ ਦੇ ਕੋਲ ਛੱਡ ਗਈ ਹੈ। 15 ਅਕਤੂਬਰ ਨੂੰ ਪਰਿਵਾਰਕ ਮੈਂਬਰ ਬਠਿੰਡਾ ਤੋਂ ਪਟਿਆਲਾ ਆ ਕੇ ਛਪਿੰਦਰਪਾਲ ਕੌਰ ਦੀ ਤਲਾਸ਼ ਕਰਨ ਲੱਗੇ।

ਉਥੇ ਹੀ ਉਨ੍ਹਾਂ ਦੇ ਲੜਕੇ ਦੇ ਪਹਿਲਾਂ ਹੀ ਵਿਆਹੇ ਹੋਣ ਦੀ ਗੱਲ ਪਤਾ ਲੱਗੀ। ਇਹ ਵੀ ਪਤਾ ਲੱਗਾ ਕਿ ਉਨ੍ਹਾਂ ਦੀ ਬੇਟੀ ਦਾ ਉਸ ਦੇ ਨਾਲ ਇਸ ਗੱਲ ਨੂੰ ਲੈ ਕੇ ਝਗੜਾ ਹੋਇਆ ਸੀ। ਬੇਟੀ ਦੇ ਨਾ ਮਿਲਣ ‘ਤੇ ਉਨ੍ਹਾਂ ਪੁਲਿਸ ਨੂੰ ਸ਼ਿਕਾਇਤ ਦਿੱਤੀ।