ਮੁੰਬਈ | ਤਾਜ਼ਾ ਖਬਰ ਸਾਹਮਣੇ ਆ ਰਹੀ ਹੈ। ਸ਼ਰਦ ਪਵਾਰ ਨੇ ਅੱਜ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨਸੀਪੀ) ਦੇ ਮੁਖੀ ਦੇ ਅਹੁਦੇ ਤੋਂ ਆਪਣਾ ਅਸਤੀਫਾ ਵਾਪਸ ਲੈ ਲਿਆ ਹੈ। ਉਨ੍ਹਾਂ ਕਿਹਾ ਕਿ ਮੈਂ ਆਪਣਾ ਫੈਸਲਾ ਵਾਪਸ ਲੈ ਰਿਹਾ ਹਾਂ।
ਸ਼ਾਮ ਸਾਢੇ ਪੰਜ ਵਜੇ ਸ਼ਰਦ ਪਵਾਰ ਨੇ ਪ੍ਰੈੱਸ ਕਾਨਫਰੰਸ ਬੁਲਾ ਕੇ ਆਪਣਾ ਅਸਤੀਫਾ ਵਾਪਸ ਲੈਣ ਦਾ ਐਲਾਨ ਕੀਤਾ। ਹਾਲਾਂਕਿ ਇਸ ਦੌਰਾਨ ਉਨ੍ਹਾਂ ਦਾ ਭਤੀਜਾ ਅਤੇ ਮਹਾਰਾਸ਼ਟਰ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਅਜੀਤ ਪਵਾਰ ਮੌਜੂਦ ਨਹੀਂ ਸਨ। ਜਦੋਂ ਪਵਾਰ ਨੂੰ ਇਸ ‘ਤੇ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਸਿਰਫ ਇੰਨਾ ਹੀ ਕਿਹਾ ਕਿ ਸਾਰੇ ਨੇਤਾ ਇਕਜੁੱਟ ਹਨ।
ਉਨ੍ਹਾਂ ਨੇ ਇੱਕ ਪ੍ਰੈਸ ਕਾਨਫਰੰਸ ਵਿਚ ਐਲਾਨ ਕੀਤਾ। ਦੱਸ ਦਈਏ ਕਿ 2 ਮਈ ਨੂੰ ਅਹੁਦਾ ਛੱਡਣ ਵਾਲੇ ਸ਼ਰਦ ਪਵਾਰ ਨੇ 4 ਦਿਨਾਂ ਦੇ ਅੰਦਰ ਆਪਣਾ ਅਸਤੀਫਾ ਵਾਪਸ ਲੈ ਲਿਆ ਹੈ। ਪਵਾਰ ਨੇ ਕਿਹਾ – ਮੈਂ ਪਾਰਟੀ ਵਰਕਰਾਂ ਅਤੇ ਨੇਤਾਵਾਂ ਦੀਆਂ ਭਾਵਨਾਵਾਂ ਦਾ ਅਪਮਾਨ ਨਹੀਂ ਕਰ ਸਕਦਾ। ਮੈਂ ਕੋਰ ਕਮੇਟੀ ਵਿੱਚ ਲਏ ਫੈਸਲੇ ਦਾ ਸਨਮਾਨ ਕਰਦਾ ਹਾਂ ਅਤੇ ਆਪਣਾ ਫੈਸਲਾ ਵਾਪਸ ਲੈਂਦਾ ਹਾਂ।
ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ਅੱਜ ਸਵੇਰੇ ਮੁੰਬਈ ਵਿੱਚ ਹੋਈ, ਜਿਸ ਵਿੱਚ ਪਾਰਟੀ ਦੇ ਕੌਮੀ ਜਨਰਲ ਸਕੱਤਰ ਪ੍ਰਫੁੱਲ ਪਟੇਲ ਨੇ ਪਵਾਰ ਦੇ ਅਸਤੀਫ਼ੇ ਨੂੰ ਰੱਦ ਕਰਨ ਦਾ ਮਤਾ ਪੇਸ਼ ਕੀਤਾ। ਇਸ ਤੋਂ ਬਾਅਦ ਕਮੇਟੀ ਦੇ ਬਾਕੀ ਮੈਂਬਰਾਂ ਨੇ ਵੀ ਇਸ ਦਾ ਸਮਰਥਨ ਕੀਤਾ। ਪਟੇਲ ਨੇ ਫੈਸਲੇ ਦੀ ਜਾਣਕਾਰੀ ਦਿੱਤੀ।







































