ਫ਼ਿਰੋਜ਼ਪੁਰ/ਗੁਰੂਹਰਸਹਾਏ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਕਸਬਾ ਗੁਰੂਹਰਸਹਾਏ ਤੋਂ ਦਿਲ ਨੂੰ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਦਰਅਸਲ ਮਾਂ ਨੇ ਪਹਿਲਾਂ ਆਪਣੇ 3 ਸਾਲ ਦੇ ਬੱਚੇ ਨੂੰ ਸ਼ਰਾਰਤ ਕਰਨ ‘ਤੇ ਕੁੱਟਿਆ। ਫਿਰ ਬੱਚੇ ਦੇ ਗਲੇ ਵਿਚ ਰੱਸੀ ਪਾ ਕੇ ਉਸ ਨੂੰ ਦਰੱਖਤ ਨਾਲ ਬੰਨ੍ਹਿਆ। ਬੱਚਾ ਵਿਲਕਦਾ ਰਿਹਾ ਪਰ ਪਿਤਾ ਵੀ ਮਾਂ ਦੀਆਂ ਇਨ੍ਹਾਂ ਕਰਤੂਤਾਂ ਨੂੰ ਹੱਲਾਸ਼ੇਰੀ ਦਿੰਦਾ ਰਿਹਾ।
ਬੱਚੇ ਨੂੰ ਬਚਾਉਣ ਦੀ ਬਜਾਏ ਪਿਤਾ ਸ਼ਰਾਬ ਦੇ ਨਸ਼ੇ ‘ਚ ਵੀਡੀਓ ਬਣਾਉਂਦਾ ਰਿਹਾ। ਇਸ ਤੋਂ ਬਾਅਦ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵੀ ਵਾਇਰਲ ਕਰ ਦਿੱਤੀ। ਪੁਲਿਸ ਨੇ ਜਾਂਚ ਕਰਦੇ ਹੋਏ ਦੋਸ਼ੀ ਜੋੜੇ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਉਨ੍ਹਾਂ ਖਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਦੋਵਾਂ ਦਾ 6 ਸਾਲ ਪਹਿਲਾਂ ਵਿਆਹ ਹੋਇਆ ਸੀ ਤੇ ਦੋਹਾਂ ਵਿਚਕਾਰ ਝਗੜਾ ਰਹਿੰਦਾ ਸੀ। ਪਤੀ ਨਸ਼ੇ ਦੀ ਹਾਲਤ ਵਿਚ ਕੁੱਟਮਾਰ ਕਰਦਾ ਸੀ। ਪਿੰਡ ਵਾਸੀ ਨੇ ਦੱਸਿਆ ਕਿ ਔਰਤ ਤੰਦੂਰ ਵਿਚ ਰੋਟੀਆਂ ਪਾ ਰਹੀ ਸੀ। ਇਸ ਦੌਰਾਨ ਬੱਚਾ ਵਾਰ-ਵਾਰ ਤੰਦੂਰ ਵੱਲ ਭੱਜ ਰਿਹਾ ਸੀ।
ਪਤਨੀ ਨੇ ਪਤੀ ਨੂੰ ਕਈ ਵਾਰ ਬੱਚੇ ਨੂੰ ਫੜਨ ਲਈ ਕਿਹਾ। ਪਤਨੀ ਨੇ ਕਿਹਾ ਕਿ ਉਹ ਉਸ ਨੂੰ ਫੜ ਲਵੇ ਨਹੀਂ ਤਾਂ ਉਹ ਉਸ ਨੂੰ ਦਰੱਖਤ ਨਾਲ ਬੰਨ੍ਹ ਦੇਵੇਗੀ। ਇਸ ‘ਤੇ ਗੁੱਸੇ ‘ਚ ਔਰਤ ਨੇ ਬੱਚੇ ਨੂੰ ਫੜ ਕੇ ਦਰੱਖਤ ਨਾਲ ਬੰਨ੍ਹ ਦਿੱਤਾ।