ਲੁਧਿਆਣਾ, 23 ਅਕਤੂਬਰ | ਜਗਰਾਓਂ ਦੇ ਨਜ਼ਦੀਕ ਬਣੀ ਇਕ ਠਾਠ ਦੇ ਇਕ ਸੇਵਾਦਾਰ ’ਤੇ ਆਪਣੇ ਹੀ 8 ਸਾਲਾ ਮਤਰੇਏ ਪੁੱਤਰ ਨਾਲ ਬਦਫੈਲੀ ਕਰਨ ਦੀ ਲਿਖਤੀ ਸ਼ਿਕਾਇਤ ਮਾਂ ਨੇ ਥਾਣਾ ਸਿਟੀ ਜਗਰਾਓਂ ਨੂੰ ਦਿੱਤੀ ਹੈ। ਪੀੜਤ ਬੱਚੇ ਦੀ ਮਾਂ ਨੇ ਦੱਸਿਆ ਕਿ ਉਸਦੇ ਦੋ ਵਿਆਹ ਹੋਏ ਹਨ ਅਤੇ ਪਹਿਲੇ ਵਿਆਹ ਤੋਂ ਉਸ ਦਾ ਬੇਟਾ ਹੈ ਅਤੇ ਉਸ ਦਾ ਦੂਸਰਾ ਵਿਆਹ ਠਾਠ ’ਤੇ ਸੇਵਾ ਕਰ ਰਹੇ ਵਿਅਕਤੀ ਨਾਲ ਹੋਇਆ ਸੀ ਅਤੇ ਉਹ ਵੀ ਆਪਣੇ ਬੇਟੇ ਨਾਲ ਚਾਰ ਸਾਲ ਪਹਿਲਾਂ ਠਾਠ ’ਤੇ ਹੀ ਰਹਿੰਦੀ ਸੀ ਉਪਰੰਤ ਉਸਦੇ ਦੂਸਰੇ ਪਤੀ ਨੇ ਉਸ ਨਾਲ ਵੀਡੀਓ ਕਾਲ ’ਤੇ ਹੀ ਤਲਾਕ ਲੈ ਲਿਆ ਅਤੇ ਉਸਦੇ ਬੇਟੇ ਨੂੰ ਆਪਣੇ ਕੋਲ ਹੀ ਰੱਖ ਲਿਆ।
ਬੱਚੇ ਦੀ ਮਾਂ ਨੇ ਦੱਸਿਆ ਕਿ 15 ਦਿਨ ਪਹਿਲਾਂ ਉਸ ਨੂੰ ਉਸ ਦੇ ਨਾਬਾਲਿਗ ਬੇਟੇ ਦਾ ਫੋਨ ਆਇਆ, ਜਿਸ ਵਿਚ ਉਸ ਨੇ ਦੱਸਿਆ ਕਿ ਉਸ ਨਾਲ ਮਤਰੇਏ ਪਿਓ ਨੇ ਗਲਤ ਕੰਮ ਕੀਤਾ ਹੈ ਅਤੇ ਉਸ ਤੋਂ ਤੁਰਿਆ ਵੀ ਨਹੀਂ ਜਾ ਰਿਹਾ ਅਤੇ ਖੂਨ ਦੀਆਂ ਉਲਟੀਆਂ ਆ ਰਹੀਆਂ ਹਨ, ਜਿਸ ਤੋਂ ਬਾਅਦ ਉਸ ਨੇ ਆਪਣੇ ਤੌਰ ’ਤੇ ਠਾਠ ਵਿਖੇ ਆਪਣੇ ਬੱਚੇ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਤਾਂ ਉਸ ਦੇ ਪਤੀ ਨੇ ਫੋਨ ਕਰ ਕੇ ਪੁਲਿਸ ਕੋਲ ਨਾ ਜਾਣ ਬਾਰੇ ਆਖਿਆ ਅਤੇ ਪੁਲਿਸ ਕੋਲ ਜਾਣ ’ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ।
ਬੱਚੇ ਦੀ ਮਾਂ ਨੇ ਦੱਸਿਆ ਕਿ ਹੁਣ ਮੈਨੂੰ ਲੱਗਦਾ ਹੈ ਕਿ ਮੇਰੇ ਬੱਚੇ ਨੂੰ ਉਸ ਨੇ ਅਗਵਾ ਕਰ ਲਿਆ ਹੈ ਕਿਉਂਕਿ ਉਹ ਮੈਨੂੰ ਕਿਤੇ ਵੀ ਨਹੀਂ ਮਿਲ ਰਿਹਾ। ਪੀੜਤ ਦੀ ਮਾਂ ਨੇ ਦੱਸਿਆ ਕਿ ਹੁਣ 15 ਦਿਨਾਂ ਬਾਅਦ ਉਹ ਸਿੱਖ ਜਥੇਬੰਦੀਆਂ ਦੇ ਸੰਪਰਕ ਵਿਚ ਆਈ ਅਤੇ ਉਨ੍ਹਾਂ ਨੇ ਉਸ ਨੂੰ ਸਿਟੀ ਥਾਣੇ ਜਗਰਾਓਂ ਵਿਖੇ ਨਾਲ ਲਿਆ ਕੇ ਸ਼ਿਕਾਇਤ ਦਰਜ ਕਰਵਾਈ ਹੈ।
ਇਸ ਸਬੰਧੀ ਥਾਣਾ ਸਿਟੀ ਇੰਚਾਰਜ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਬੱਚੇ ਦੀ ਮਾਂ ਨੇ ਆਪਣੇ ਬੱਚੇ ਨਾਲ ਗਲਤ ਕੰਮ ਹੋਣ ਦੀ ਸ਼ਿਕਾਇਤ ਦਰਜ ਕਰਵਾਈ ਹੈ, ਜਿਸ ਸਬੰਧੀ ਪੁਲਿਸ ਵੱਲੋਂ ਜਾਂਚ ਕਰ ਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
(Note : ਪੰਜਾਬ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/0tM6T ਜਾਂ ਵਟਸਐਪ ਚੈਨਲ https://shorturl.at/Q3yRy ਨਾਲ ਜ਼ਰੂਰ ਜੁੜੋ।)