ਇਨਸਾਨੀਅਤ ਸ਼ਰਮਸਾਰ ! ਨੇਤਰਹੀਣ ਨੌਜਵਾਨ ਨੂੰ ਲੁਟੇਰਿਆਂ ਬਣਾਇਆ ਲੁੱਟ ਦਾ ਸ਼ਿਕਾਰ

0
677

ਫਿਰੋਜ਼ਪੁਰ, 23 ਅਕਤੂਬਰ | ਜ਼ਿਲੇ ‘ਚ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਲੁਟੇਰਿਆਂ ਨੇ ਬੈਂਕ ਦੀ ਨੌਕਰੀ ਲਈ ਚੰਡੀਗੜ੍ਹ ਤੋਂ ਪੇਪਰ ਦੇ ਕੇ ਆ ਰਹੇ ਨੇਤਰਹੀਣ ਨੌਜਵਾਨ ਨੂੰ ਲੁੱਟ ਦਾ ਸ਼ਿਕਾਰ ਬਣਾਇਆ ਹੈ। ਪੀੜਤ ਨੇਤਰਹੀਣ ਨੌਜਵਾਨ ਕਰਨਵੀਰ ਨੇ ਦੱਸਿਆ ਕਿ ਉਹ ਚੰਡੀਗੜ੍ਹ ਤੋਂ ਬੈਂਕ ਦੀ ਨੌਕਰੀ ਦਾ ਪੇਪਰ ਦੇ ਕੇ ਵਾਪਸ ਫਿਰੋਜ਼ਪੁਰ ਪਰਤ ਰਿਹਾ ਸੀ। ਜਦੋਂ ਉਸ ਨੇ ਫਿਰੋਜ਼ਪੁਰ ਕੈਂਟ ਤੋਂ ਘਰ ਜਾਣ ਲਈ ਆਟੋ ਲਿਆ ਤਾਂ ਆਟੋ ਚਾਲਕ ਅਤੇ ਉਸ ਦੇ ਸਾਥੀ ਉਸ ਨੂੰ ਸੁੰਨਸਾਨ ਥਾਂ ‘ਤੇ ਲੈ ਗਏ ਅਤੇ ਉਸ ਨਾਲ ਕੁੱਟਮਾਰ ਕਰਨ ਲੱਗੇ। ਇਸ ਦੌਰਾਨ ਲੁਟੇਰਿਆਂ ਨੇ ਉਸ ਨੂੰ ਲੁੱਟ ਦਾ ਸ਼ਿਕਾਰ ਬਣਾਇਆ।

ਪੀੜਤ ਨੇ ਕਾਫੀ ਦੇਰ ਤੱਕ ਲੁਟੇਰਿਆਂ ਨਾਲ ਮੁਕਾਬਲਾ ਕੀਤਾ ਪਰ ਲੁਟੇਰੇ ਉਸ ਦਾ ਮੋਬਾਇਲ ਅਤੇ ਸਾਮਾਨ ਖੋਹ ਕੇ ਅਤੇ ਬੈਗ ਖੇਤਾਂ ‘ਚ ਸੁੱਟ ਕੇ ਫ਼ਰਾਰ ਹੋ ਗਏ। ਇਸ ਤੋਂ ਬਾਅਦ ਨਿਸ਼ਾਨ ਸਿੰਘ ਨਾਂ ਦੇ ਵਿਅਕਤੀ ਨੇ ਜਦੋਂ ਖੇਤਾਂ ‘ਚ ਇਕ ਬੈਗ ਪਿਆ ਦੇਖਿਆ ਤਾਂ ਉਸ ‘ਚ ਇਕ ਡਾਇਰੀ ਮਿਲੀ, ਜਿਸ ‘ਤੇ ਲਿਖੇ ਫੋਨ ਨੰਬਰਾਂ ‘ਤੇ ਫੋਨ ਕਰ ਕੇ ਉਸ ਨੇ ਪੀੜਤ ਨੂੰ ਉਸ ਦਾ ਬੈਗ ਵਾਪਸ ਕੀਤਾ। ਪੁਲਿਸ ਨੂੰ ਸ਼ਿਕਾਇਤ ਮਿਲਣ ‘ਤੇ ਵੱਖ-ਵੱਖ ਟੀਮਾਂ ਬਣਾ ਕੇ ਪੁਲਿਸ ਨੇ ਤਿੰਨਾਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ।

ਫਿਲਹਾਲ ਐੱਸ. ਐੱਸ. ਪੀ. ਫਿਰੋਜ਼ਪੁਰ ਸੌਮਿਆ ਮਿਸ਼ਰਾ ਨੇ ਪ੍ਰੈੱਸ ਕਾਨਫਰੰਸ ਕੀਤੀ ਅਤੇ ਖੇਤਾਂ ‘ਚ ਡਿੱਗੇ ਹੋਏ ਬੈਗ ਅਤੇ ਕਾਗਜ਼ ਵਾਪਸ ਕਰਨ ਵਾਲੇ ਨਿਸ਼ਾਨ ਸਿੰਘ ਨੂੰ ਵੀ ਸਨਮਾਨਿਤ ਕੀਤਾ। ਪੀੜਤ ਨੌਜਵਾਨ ਨੇ ਕਿਹਾ ਕਿ ਕਾਫ਼ੀ ਦੇਰ ਤੱਕ ਉਹ ਲੁਟੇਰਿਆਂ ਨਾਲ ਲੜਦਾ ਰਿਹਾ ਪਰ ਉਹ ਜ਼ਿਆਦਾ ਗਿਣਤੀ ‘ਚ ਸਨ ਅਤੇ ਲੁੱਟ ਕਰ ਕੇ ਭੱਜ ਗਏ। ਉਸ ਨੇ ਕਿਹਾ ਕਿ ਪੁਲਿਸ ਨੇ ਉਸ ਦਾ ਬਹੁਤ ਸਾਥ ਦਿੱਤਾ ਅਤੇ ਉਨ੍ਹਾਂ ਨੂੰ ਫੜ ਲਿਆ ਅਤੇ ਉਸ ਦਾ ਸਾਮਾਨ ਵੀ ਵਾਪਸ ਕਰ ਦਿੱਤਾ।

(Note : ਪੰਜਾਬ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/0tM6T ਜਾਂ ਵਟਸਐਪ ਚੈਨਲ https://shorturl.at/Q3yRy ਨਾਲ ਜ਼ਰੂਰ ਜੁੜੋ।)