ਅੰਮ੍ਰਿਤਸਰ | ਇਥੇ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਨਵਜੰਮੇ ਬੱਚੇ ਨੂੰ ਲਿਫਾਫੇ ਵਿੱਚ ਪਾ ਕੇ ਗਟਰ ਵਿੱਚ ਸੁੱਟ ਦਿੱਤਾ ਗਿਆ। ਇਸ ਤੋਂ ਬਾਅਦ ਪੂਰੇ ਇਲਾਕੇ ‘ਚ ਸਨਸਨੀ ਫੈਲ ਗਈ। ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਰਿਪੋਰਟ ਅਨੁਸਾਰ ਅੰਮ੍ਰਿਤਸਰ ਬੀ ਬਲਾਕ ਰੇਲਵੇ ਕਾਲੋਨੀ ਵਿੱਚ ਤਿੰਨ ਅਣਪਛਾਤੇ ਵਿਅਕਤੀਆਂ ਨੇ ਨਵਜੰਮੇ ਬੱਚੇ ਨੂੰ ਲਿਫਾਫੇ ਵਿੱਚ ਪਾ ਕੇ ਗਟਰ ਵਿੱਚ ਸੁੱਟ ਦਿੱਤਾ। ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਬੱਚੇ ਨੂੰ ਦੋ ਔਰਤਾਂ ਅਤੇ ਇੱਕ ਪੁਰਸ਼ ਨੇ ਗਟਰ ਵਿੱਚ ਸੁੱਟ ਦਿੱਤਾ ਸੀ। ਮੌਕੇ ‘ਤੇ ਇਕ ਔਰਤ ਨੇ ਜਦੋਂ ਉਕਤ ਅਣਪਛਾਤੇ ਵਿਅਕਤੀਆਂ ਨੂੰ ਪੁੱਛਿਆ ਕਿ ਤੁਸੀਂ ਇੱਥੇ ਕੀ ਕਰ ਰਹੇ ਹੋ ਤਾਂ ਉਨ੍ਹਾਂ ਦੱਸਿਆ ਕਿ ਉਹ ਗਟਰ ‘ਚ ਕੂੜਾ ਸੁੱਟ ਕੇ ਆਏ ਹਨ |
ਔਰਤ ਨੂੰ ਸ਼ੱਕ ਹੋਇਆ ਤਾਂ ਉਸ ਨੇ ਜਾ ਕੇ ਦੇਖਿਆ। ਗਟਰ ਵਿੱਚ ਨਵਜੰਮੇ ਬੱਚੇ ਦੀ ਲਾਸ਼ ਪਈ ਸੀ। ਉਸ ਨੇ ਆਲੇ-ਦੁਆਲੇ ਦੇ ਲੋਕਾਂ ਨੂੰ ਇਕੱਠਾ ਕੀਤਾ, ਜਿਸ ਤੋਂ ਬਾਅਦ 100 ਨੰਬਰ ‘ਤੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਨਵਜੰਮੇ ਬੱਚੇ ਦੀ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।