SGPC ਵਿਦਿਆਰਥੀਆਂ ਨੂੰ IAS, PCS ਅਧਿਕਾਰੀ ਬਣਾਉਣ ਦੀ ਦੇਵੇਗੀ ਟਰੇਨਿੰਗ, 35 ਵਿਦਿਆਰਥੀਆਂ ਦੇ ਬੈਚ ਦੀ ਜਲਦ ਕਰੇਗੀ ਸ਼ੁਰੂਆਤ

0
485

ਅੰਮ੍ਰਿਤਸਰ | ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੰਮ੍ਰਿਤਧਾਰੀ ਸਿੱਖ ਵਿਦਿਆਰਥੀਆਂ ਨੂੰ IAS, IPS, PCS ਅਤੇ ਨਿਆਂਪਾਲਿਕਾ ਵਰਗੀਆਂ ਹੋਰ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਤਿਆਰ ਕਰਨ ਦਾ ਫੈਸਲਾ ਕੀਤਾ ਹੈ। ਇਸ ਕੋਚਿੰਗ ਲਈ ਚੰਡੀਗੜ੍ਹ ਦੀ ਨਿਸ਼ਚੈ ਅਕੈਡਮੀ ਨਾਲ ਵੀ ਸਮਝੌਤਾ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇਸ ਦੀ ਲੋੜ ਮਹਿਸੂਸ ਕੀਤੀ ਸੀ।

ਧਾਮੀ ਨੇ ਕਿਹਾ ਕਿ ਚੁਣੇ ਜਾਣ ਵਾਲੇ ਸਾਰੇ ਵਿਦਿਆਰਥੀ ਆਪਣੇ ਨਾਲ ਪਹਿਨਣ ਲਈ ਕੱਪੜੇ ਲੈ ਕੇ ਆਉਣਗੇ। ਜਦੋਂਕਿ ਉਨ੍ਹਾਂ ਦੇ ਰਹਿਣ, ਖਾਣ-ਪੀਣ, ਕੋਚਿੰਗ, ਕਿਤਾਬਾਂ ਅਤੇ ਲੈਪਟਾਪ ਦਾ ਸਾਰਾ ਖਰਚਾ ਸ਼੍ਰੋਮਣੀ ਕਮੇਟੀ ਕਰੇਗੀ। ਇਸਦੀ ਚੋਣ ਪ੍ਰਕਿਰਿਆ ਵਿਚ ਪੁਰਸ਼ਾਂ ਅਤੇ ਔਰਤਾਂ ਦਾ ਅਨੁਪਾਤ ਇੱਕੋ ਜਿਹਾ ਰੱਖਣਾ ਹੋਵੇਗਾ।

ਹਰਜਿੰਦਰ ਧਾਮੀ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਨੇ ਪਹਿਲਾਂ ਕੋਚਿੰਗ ਲਈ 25 ਵਿਦਿਆਰਥੀਆਂ ਦੀ ਚੋਣ ਕਰਨ ਦਾ ਫੈਸਲਾ ਕੀਤਾ ਸੀ ਪਰ ਅੱਜ ਸੰਯੁਕਤ ਕੇਂਦਰੀ ਸਿੰਘ ਸਭਾ ਨੇ ਵੀ 10 ਵਿਦਿਆਰਥੀਆਂ ਦਾ ਖਰਚਾ ਚੁੱਕਣ ਲਈ ਕਿਹਾ ਹੈ, ਜਿਸ ਤੋਂ ਬਾਅਦ ਹੁਣ ਕੁੱਲ 35 ਵਿਦਿਆਰਥੀਆਂ ਨੂੰ ਆਈ.ਐੱਸ., ਪੀ.ਸੀ.ਐੱਸ. ਅਤੇ ਜੁਡੀਸ਼ੀਅਲ ਪ੍ਰਤੀਯੋਗੀ ਪ੍ਰੀਖਿਆਵਾਂ ਦੀ ਸਿਖਲਾਈ ਦਿੱਤੀ ਜਾਵੇਗੀ।

ਐਸਜੀਪੀਸੀ ਪ੍ਰਧਾਨ ਨੇ ਕਿਹਾ ਕਿ ਜਲਦੀ ਹੀ ਇਸ ਦੀ ਚੋਣ ਪ੍ਰਕਿਰਿਆ ਦਾ ਵੇਰਵਾ ਜਾਰੀ ਕੀਤਾ ਜਾਵੇਗਾ। ਇਸ ਬੈਚ ਦਾ ਹਿੱਸਾ ਬਣਨ ਲਈ ਪਰਿਵਾਰ ਗਰੀਬ ਹੋਣਾ ਚਾਹੀਦਾ ਹੈ, ਅੰਮ੍ਰਿਤਧਾਰੀ ਹੋਣਾ ਚਾਹੀਦਾ ਹੈ ਅਤੇ ਪੜ੍ਹਨ-ਲਿਖਣ ਵਿੱਚ ਹੋਣਹਾਰ ਹੋਣਾ ਚਾਹੀਦਾ ਹੈ।

ਜ਼ਿਕਰਯੋਗ ਹੈ ਕਿ ਪਿਛਲੇ ਸਾਲ ਹੀ ਗਿਆਨੀ ਹਰਪ੍ਰੀਤ ਸਿੰਘ ਨੇ ਸਿੱਖਾਂ ਦੇ ਦੇਸ਼ ਦੇ ਉੱਚ ਅਹੁਦਿਆਂ ‘ਤੇ ਨਾ ਪਹੁੰਚਣ ‘ਤੇ ਇਤਰਾਜ਼ ਜਤਾਇਆ ਸੀ। ਉਨ੍ਹਾਂ ਕਿਹਾ ਸੀ ਕਿ ਵਿਦੇਸ਼ ਜਾਣ ਨਾਲੋਂ ਸਿੱਖਾਂ ਲਈ ਇੱਥੇ ਰਹਿ ਕੇ ਆਈਏਐਸ ਅਤੇ ਪੀਸੀਐਸ ਦੀ ਤਿਆਰੀ ਕਰਕੇ ਉੱਚੇ ਅਹੁਦਿਆਂ ’ਤੇ ਪਹੁੰਚਣਾ ਬਿਹਤਰ ਹੈ। ਜਿਸ ਤੋਂ ਬਾਅਦ ਹੀ ਸ਼੍ਰੋਮਣੀ ਕਮੇਟੀ ਵੱਲੋਂ ਇਹ ਫੈਸਲਾ ਲਿਆ ਗਿਆ ਹੈ।