ਅੰਤ੍ਰਿੰਗ ਕਮੇਟੀ ਦੀ ਮੀਟਿੰਗ ‘ਚ SGPC ਨੇ ਲਏ ਅਹਿਮ ਫ਼ੈਸਲੇ, ਪੜ੍ਹੋ ਬੇਅਦਬੀਆਂ ਦੇ ਮੁੱਦੇ ‘ਤੇ ਕੀ ਬੋਲੇ ਧਾਮੀ

0
527

ਅੰਮ੍ਰਿਤਸਰ | SGPC ਪ੍ਰਧਾਨ ਧਾਮੀ ਨੇ ਵੱਡਾ ਬਿਆਨ ਦਿੱਤਾ ਹੈ ਕਿ ਸਿੰਘ ਸਾਹਿਬਾਨਾਂ ਦੀ ਮਰਿਆਦਾ ਤੈਅ ਹੋਵੇਗੀ ! ਕਮੇਟੀ ਮਰਿਆਦਾ ਦਾ ਪ੍ਰੋਟੋਕਾਲ ਤੈਅ ਰਹੇਗੀ। ਉਨ੍ਹਾਂ ਕਿਹਾ ਕਿ ਸਿੰਘ ਸਾਹਿਬਾਨਾਂ ਦੀ ਮਰਿਆਦਾ ਬਾਰੇ ਕਮੇਟੀ ਬਣੇਗੀ। ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਹੇਠ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਦਾ ਆਯੋਜਨ ਕੀਤਾ ਗਿਆ, ਜਿਸ ਤੋਂ ਬਾਅਦ ਉਨ੍ਹਾਂ ਨੇ ਪ੍ਰੈਸ ਕਾਨਫ਼ਰੰਸ ‘ਚ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਬੇਨਤੀ ਕਰਦਿਆਂ ਕਈ ਮੁੱਦਿਆਂ ਬਾਰੇ ਚਰਚਾ ਕੀਤੀ।

ਸੋਸ਼ਲ ਮੀਡੀਆ ‘ਤੇ ਸਿੱਖਾਂ ਖ਼ਿਲਾਫ਼ ਕੀਤੇ ਜਾ ਰਹੇ ਕੂੜ ਪ੍ਰਚਾਰ ‘ਤੇ ਬੋਲਦਿਆਂ ਹਰਜਿੰਦਰ ਧਾਮੀ ਨੇ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ 2-4 ਬੰਦੇ ਹਨ ਜੋ ਜਾਅਲੀ ਪੋਸਟਾਂ ਸੋਸ਼ਲ ਮੀਡੀਆ ‘ਤੇ ਪਾਉਂਦੇ ਹਨ ਤੇ ਇਤਿਹਾਸਕ ਫੈਕਟਾਂ ‘ਤੇ ਵਿਅੰਗ ਕਰਦੇ ਹਨ। ਧਾਮੀ ਨੇ ਕਿਹਾ ਕਿ ਅਸੀਂ ਉਨ੍ਹਾਂ ਲੋਕਾਂ ਤੱਕ ਪਹੁੰਚ ਵੀ ਕੀਤੀ ਅਤੇ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤਾਂ ਵੀ ਦਿੱਤੀਆਂ ਹਨ ਪਰ ਪੁਲਿਸ ਵੱਲੋਂ ਕਿਸੇ ‘ਤੇ ਪਰਚਾ ਦਰਜ ਨਹੀਂ ਕੀਤਾ ਗਿਆ। ਅਜਿਹੇ ਲੋਕ ਬਹੁਤ ਗੰਦੀ ਸ਼ਬਦਾਬਲੀ ਬੋਲਦੇ ਹਨ ਅਤੇ ਉਨ੍ਹਾਂ ਦੇ ਚਿਹਰੇ ਵੀ ਸਿੱਖ ਰੂਪ ‘ਚ ਦਿਖਾਈ ਦਿੰਦੇ ਹਨ। ਧਾਮੀ ਨੇ ਕਿਹਾ ਕਿ ਇਸ ਨਾਲ ਨਫ਼ਰਤ ਦੀ ਭਾਵਨਾ ਫ਼ੈਲਦੀ ਹੈ। ਇਨ੍ਹਾਂ ‘ਤੇ ਸ਼ਿਕਾਇਤਾਂ ਦਰਜ ਹੋਣ ‘ਤੇ ਵੀ ਹੁਣ ਤੱਕ ਕੋਈ ਕਾਰਵਾਈ ਅਮਲ ‘ਚ ਨਾ ਲਿਆਉਣਾ ਬਹੁਤ ਮੰਦਭਾਗਾ ਹੈ। ਉਨ੍ਹਾਂ ਅੱਗੇ ਕਿਹਾ ਅੰਤ੍ਰਿੰਗ ਕਮੇਟੀ ਚਾਹੁੰਦੀ ਹੈ ਕਿ ਇਸ ਮਾਮਲੇ ਨੂੰ ਹੱਲ ਕੀਤਾ ਜਾਵੇ।

ਉਨ੍ਹਾਂ ਕਿਹਾ ਕਿ ਬੇਅਦਬੀ ਦੀਆਂ ਘਟਨਾਵਾਂ ਦੇ ਮੱਦੇਨਜ਼ਰ ਸਰਕਾਰਾਂ ਨੂੰ ਸਖ਼ਤ ਤੋਂ ਸਖ਼ਤ ਕਾਨੂੰਨ ਬਣਾਉਣੇ ਚਾਹੀਦੇ ਹਨ ਤਾਂ ਜੋ ਜ਼ੁਲਮ ਕਰਨ ਵਾਲਿਆਂ ਨੂੰ ਠੱਲ੍ਹ ਪਾਈ ਜਾ ਸਕੇ। ਦਿੱਲੀ ਵਿਖੇ ਧਰਨਾ ਦੇ ਰਹੇ ਪਹਿਲਾਵਾਨਾਂ ਨਾਲ ਹਮਦਰਦੀ ਪ੍ਰਗਟਾਉਂਦਿਆਂ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਸਾਨੂੰ ਕੁੜੀਆਂ ਨਾਲ ਹੋ ਰਹੀ ਬੇਇਨਸਾਫ਼ੀ ਦਾ ਦੁੱਖ ਹੈ ਤੇ ਉਨ੍ਹਾਂ ਦੀ ਸਾਰ ਤੱਕ ਨਹੀਂ ਲਈ ਜਾ ਰਹੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦਾ ਇਕ ਵਫ਼ਦ 2-3 ਦਿਨਾਂ ਤੱਕ ਉਨ੍ਹਾਂ ਨਾਲ ਮੁਲਾਕਾਤ ਕਰੇਗਾ ਅਤੇ ਉਨ੍ਹਾਂ ਦੇ ਸੰਘਰਸ਼ ‘ਚ ਸ਼ਾਮਲ ਹੋ ਕੇ ਹੌਸਲਾ ਦਿੰਦੇ ਹੋਏ ਨਾਲ ਖੜ੍ਹੇਗਾ।