ਅੰਮ੍ਰਿਤਸਰ, 21 ਜਨਵਰੀ | ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਕ ਸਾਂਝਾ ਬਿਆਨ ਜਾਰੀ ਕਰਦਿਆਂ 22 ਜਨਵਰੀ 2024 ਨੂੰ ਅਯੁੱਧਿਆ ਵਿਚ ਹੋ ਰਹੇ ਸ਼੍ਰੀ ਰਾਮ ਜਨਮ ਭੂਮੀ ਦੇ ‘ਪ੍ਰਾਣ ਪ੍ਰਤਿਸ਼ਠਾ’ ਸਮਾਰੋਹ ਲਈ ਮਿਲੇ ਸੱਦਾ ਪੱਤਰ ਲਈ ਸ਼੍ਰੀ ਰਾਮ ਜਨਮ ਭੂਮੀ ਤੀਰਥ ਟਰੱਸਟ ਦਾ ਧੰਨਵਾਦ ਕਰਦਿਆਂ ਆਖਿਆ ਕਿ ਅਸੀਂ ਦਸ ਗੁਰੂ ਸਾਹਿਬਾਨ ਦੁਆਰਾ ਬਖਸ਼ਿਸ਼ ਕੀਤੀ ਇਲਾਹੀ ਗੁਰਬਾਣੀ ਦੇ ਨਿਆਰੇ ਅਤੇ ਨਿਰਾਲੇ ਗੁਰਮਤਿ ਫਲਸਫੇ ਦੇ ਪੈਰੋਕਾਰ ਹੋਣ ਦੇ ਨਾਤੇ, ਸਰਬ-ਸਾਂਝੀਵਾਲਤਾ ਅਤੇ ਅੰਤਰ-ਧਰਮ ਸਦਭਾਵਨਾ ਦੇ ਮੁੱਦਈ ਬਣਦਿਆਂ ਹਰੇਕ ਧਰਮ ਦੀਆਂ ਮਾਨਤਾਵਾਂ ਦਾ ਸਤਿਕਾਰ ਕਰਦੇ ਹਾਂ।
ਉਨ੍ਹਾਂ ਕਿਹਾ ਕਿ ਹਰੇਕ ਧਰਮ ਦੇ ਲੋਕਾਂ ਦੇ ਹਿਰਦਿਆਂ ਵਿਚ ਆਪਣੇ ਪੈਗੰਬਰ/ ਅਵਤਾਰਾਂ ਦੇ ਪਾਵਨ ਚਰਨਛੋਹ ਪ੍ਰਾਪਤ ਅਸਥਾਨਾਂ ਦੀ ਵਿਸ਼ੇਸ਼ ਮਹਾਨਤਾ ਅਤੇ ਆਸਥਾ ਹੁੰਦੀ ਹੈ। ਅਸੀਂ ਕਾਮਨਾ ਕਰਦੇ ਹਾਂ ਕਿ ਵਿਸ਼ਵ ਵਿਚ ਧਾਰਮਿਕ ਸੁਤੰਤਰਤਾ, ਭਾਈਚਾਰਕ ਸਦਭਾਵਨਾ, ਅਮਨ-ਸ਼ਾਂਤੀ ਅਤੇ ਸਰਬ-ਸਾਂਝੀਵਾਲਤਾ ਕਾਇਮ ਹੋਵੇ, ਜਿਸ ਨਾਲ ਹਰੇਕ ਮਨੁੱਖ ਸੁਤੰਤਰ, ਸੁਰੱਖਿਅਤ ਅਤੇ ਨਿਰਭੈਅ ਹੋ ਕੇ ਆਪਣੇ ਧਾਰਮਿਕ ਰਹਿਬਰਾਂ ਦੀ ਸਿਮਰਤੀ ਵਿਚ ਇਕ-ਮਿੱਕ ਹੁੰਦਿਆਂ ਪਵਿੱਤਰ ਵਿਸ਼ਵਾਸਾਂ ਦੀ ਪਾਲਣਾ ਕਰ ਸਕੇ।
(Note : ਪੰਜਾਬ ਦੀਆਂ ਵੱਡੀਆਂ ਖਬਰਾਂ ਲਈ ਸਾਡੇ Whatsapp ਗਰੁੱਪ https://shorturl.at/cmnxN ਜਾਂ Whatsapp ਚੈਨਲ https://shorturl.at/oqMNR ਨੂੰ ਫਾਲੋ ਕੀਤਾ ਜਾ ਸਕਦਾ ਹੈ। ਵਟਸਐਪ ਗਰੁੱਪ ‘ਚ ਐਡ ਹੋਣ ਤੋਂ ਬਾਅਦ ਤੁਹਾਡਾ ਨੰਬਰ ਬਾਕੀ ਮੈਂਬਰਾਂ ਨੂੰ ਵਿਖਾਈ ਦਿੰਦਾ ਹੈ। ਵਟਸਐਪ ਚੈਨਲ ਦੀ ਖਾਸੀਅਤ ਇਹ ਹੈ ਕਿ ਤੁਹਾਡਾ ਨੰਬਰ ਕਿਸੇ ਨੂੰ ਵਿਖਾਈ ਨਹੀਂ ਦਿੰਦਾ।)