SEL ਟੈਕਸਟਾਈਲ ਦਾ ਮਾਲਕ ਨੀਰਜ ਸਲੂਜਾ ਗ੍ਰਿਫਤਾਰ, 1530 ਕਰੋੜ ਬੈਂਕ ਧੋਖਾਧੜੀ ਮਾਮਲੇ ‘ਚ ਦਰਜ ਹੋਈ ਸੀ FIR

0
156

ਲੁਧਿਆਣਾ, 19 ਜਨਵਰੀ | ਪੰਜਾਬ ਵਿਚ ਟੈਕਸਟਾਈਲ ਕੰਪਨੀ ਐਸਈਐਲ ਟੈਕਸਟਾਈਲ ਲਿਮਟਿਡ ਦੇ ਮਾਲਕ ਨੀਰਜ ਸਲੂਜਾ ਨੂੰ ਈਡੀ ਨੇ 1530 ਕਰੋੜ ਰੁਪਏ ਦੇ ਬੈਂਕ ਧੋਖਾਧੜੀ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਹੈ। 6 ਦਿਨ ਪਹਿਲਾਂ ਈਡੀ ਨੇ ਇਸ ਟੈਕਸਟਾਈਲ ਕੰਪਨੀ ਦੇ 13 ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਸੀ। ਇਨ੍ਹਾਂ ਵਿਚ ਰਿਹਾਇਸ਼ੀ, ਵਪਾਰਕ ਅਤੇ ਉਦਯੋਗਿਕ ਇਕਾਈਆਂ ਸ਼ਾਮਲ ਸਨ। ਛਾਪੇਮਾਰੀ ਦੌਰਾਨ ਟੀਮ ਨੇ 60 ਲੱਖ ਰੁਪਏ ਦੀ ਨਕਦੀ ਅਤੇ ਕਈ ਦਸਤਾਵੇਜ਼ ਬਰਾਮਦ ਕੀਤੇ ਸਨ।

ਸਲੂਜਾ ਖਿਲਾਫ 2 ਸਾਲ ਪਹਿਲਾਂ ਬੈਂਕਾਂ ਨਾਲ ਧੋਖਾਧੜੀ ਦਾ ਮਾਮਲਾ ਦਰਜ ਹੋਇਆ ਸੀ। ਇਸ ਤੋਂ ਬਾਅਦ ਈਡੀ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਇਸ ਤੋਂ ਪਹਿਲਾਂ ਸੀਬੀਆਈ ਨੇ ਸੈਂਟਰਲ ਬੈਂਕ ਆਫ਼ ਇੰਡੀਆ ਦੀ ਸ਼ਿਕਾਇਤ ‘ਤੇ ਮਾਮਲਾ ਦਰਜ ਕੀਤਾ ਸੀ। ਦਾਅਵਾ ਕੀਤਾ ਗਿਆ ਸੀ ਕਿ ਕੰਪਨੀ ਨੇ 1530 ਕਰੋੜ ਰੁਪਏ ਦੀ ਧੋਖਾਧੜੀ ਕੀਤੀ ਹੈ। ਦੱਸ ਦਈਏ ਕਿ ਸਲੂਜਾ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਖਾਸ ਰਹੇ ਹਨ।

ਜ਼ਿਕਰਯੋਗ ਹੈ ਕਿ ਈਡੀ ਨੇ ਫਰਵਰੀ 2023 ‘ਚ 828 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਸੀ, ਜਿਸ ਵਿਚ ਲੁਧਿਆਣਾ, ਸ੍ਰੀ ਮੁਕਤਸਰ ਸਾਹਿਬ, ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ), ਅਲਵਰ ਅਤੇ ਹਿਸਾਰ ਵਿਚ ਜ਼ਮੀਨ, ਇਮਾਰਤਾਂ ਅਤੇ ਮਸ਼ੀਨਰੀ ਸ਼ਾਮਲ ਹੈ। ਈਡੀ ਦੀ ਹੁਣ ਤੱਕ ਦੀ ਜਾਂਚ ਵਿਚ ਇਹ ਸਾਹਮਣੇ ਆਇਆ ਹੈ ਕਿ ਐਸਈਐਲ ਟੈਕਸਟਾਈਲ ਲਿਮਟਿਡ ਨੇ ਸੈਂਟਰਲ ਬੈਂਕ ਆਫ਼ ਇੰਡੀਆ ਦੀ ਅਗਵਾਈ ਵਾਲੇ ਬੈਂਕਾਂ ਦੇ ਇਕ ਸੰਘ ਤੋਂ ਲਏ ਗਏ ਲੋਨ ਫੰਡਾਂ ਦੀ ਦੁਰਵਰਤੋਂ ਕੀਤੀ ਸੀ।

ਮੁਲਜ਼ਮਾਂ ਨੇ ਬੈਂਕ ਕਰਜ਼ੇ ਦੀ ਵੱਡੀ ਰਕਮ ਆਪੋ-ਆਪਣੀਆਂ ਪਾਰਟੀਆਂ ਵਿਚ ਨਿਵੇਸ਼ ਕੀਤੀ। ਇਸ ਦੇ ਨਾਲ ਹੀ ਬਾਅਦ ਵਿਚ ‘ਅਡਜਸਟਮੈਂਟ ਐਂਟਰੀਆਂ’ ਦਰਜ ਕੀਤੀਆਂ ਗਈਆਂ। ਇਸ ਦੇ ਨਾਲ ਹੀ ਮੁਲਜ਼ਮਾਂ ਨੇ ਕਥਿਤ ਤੌਰ ’ਤੇ ਗੈਰ-ਨਾਮੀ ਸਪਲਾਇਰਾਂ ਤੋਂ ਮਸ਼ੀਨਰੀ ਖਰੀਦ ਕੇ ਵੱਧ ਰਕਮਾਂ ਦੇ ਚਲਾਨ ਅਤੇ ਬਿੱਲ ਤਿਆਰ ਕੀਤੇ। ਮੁਲਜ਼ਮਾਂ ਨੇ ਸੀਸੀ ਲਿਮਟ (ਸਟਾਕ, ਤਿਆਰ ਮਾਲ ਆਦਿ) ਦੇ ਰੂਪ ਵਿਚ ਪ੍ਰਾਇਮਰੀ ਸਕਿਓਰਿਟੀ ਦੀ ਵੱਡੀ ਰਕਮ ਦੀ ਦੁਰਵਰਤੋਂ ਕੀਤੀ ਤਾਂ ਜੋ ਬੈਂਕ ਵੇਚੇ ਗਏ ਸਾਮਾਨ ਦੀ ਵਿਕਰੀ ਆਮਦਨੀ ਵਜੋਂ ਰਕਮ ਦੀ ਗਲਤ ਵਰਤੋਂ ਕਰ ਸਕੇ।

SEL ਟੈਕਸਟਾਈਲ ਲਿਮਟਿਡ ਦੇ ਮਲੋਟ, ਨਵਾਂਸ਼ਹਿਰ, ਨੀਮਰਾਨਾ (ਰਾਜਸਥਾਨ) ਅਤੇ ਹਾਂਸੀ (ਹਿਸਾਰ) ਵਿਚ ਯੂਨਿਟ ਹਨ। ਇਹ ਉੱਨ, ਫੈਬਰਿਕ ਆਦਿ ਦੇ ਨਿਰਮਾਣ ਵਿਚ ਸ਼ਾਮਲ ਇਕ ਕੰਪਨੀ ਹੈ। ਸੀਬੀਆਈ ਨੇ ਇਸ ਮਾਮਲੇ ਵਿਚ 14 ਅਗਸਤ 2020 ਨੂੰ ਕੰਪਨੀਆਂ ਦੇ ਡਾਇਰੈਕਟਰਾਂ ਦੇ ਘਰਾਂ ਅਤੇ ਦਫ਼ਤਰਾਂ ਵਿਚ ਛਾਪੇਮਾਰੀ ਕੀਤੀ ਸੀ। ਕਈ ਇਤਰਾਜ਼ਯੋਗ ਦਸਤਾਵੇਜ਼ ਬਰਾਮਦ ਹੋਏ ਸਨ।

(Note : ਪੰਜਾਬ ਦੀਆਂ ਵੱਡੀਆਂ ਖਬਰਾਂ ਲਈ ਸਾਡੇ Whatsapp ਗਰੁੱਪ https://shorturl.at/cmnxN ਜਾਂ Whatsapp ਚੈਨਲ https://shorturl.at/oqMNR ਨੂੰ ਫਾਲੋ ਕੀਤਾ ਜਾ ਸਕਦਾ ਹੈ। ਵਟਸਐਪ ਗਰੁੱਪ ‘ਚ ਐਡ ਹੋਣ ਤੋਂ ਬਾਅਦ ਤੁਹਾਡਾ ਨੰਬਰ ਬਾਕੀ ਮੈਂਬਰਾਂ ਨੂੰ ਵਿਖਾਈ ਦਿੰਦਾ ਹੈ। ਵਟਸਐਪ ਚੈਨਲ ਦੀ ਖਾਸੀਅਤ ਇਹ ਹੈ ਕਿ ਤੁਹਾਡਾ ਨੰਬਰ ਕਿਸੇ ਨੂੰ ਵਿਖਾਈ ਨਹੀਂ ਦਿੰਦਾ।)