ਲੁਧਿਆਣਾ ‘ਚ ਲੱਗੀ ਧਾਰਾ 144, ਧਰਨੇ-ਮੁਜ਼ਾਹਰਿਆਂ ‘ਤੇ ਪਾਬੰਦੀ, ਪੜ੍ਹੋ ਵਜ੍ਹਾ

0
463

ਲੁਧਿਆਣਾ | ਸ਼ਹਿਰ ‘ਚ ਧਾਰਾ 144 ਲੱਗ ਗਈ ਹੈ। ਧਰਨੇ-ਮੁਜ਼ਾਹਰਿਆਂ ‘ਤੇ ਪਾਬੰਦੀ ਲੱਗੀ ਹੈ। ਪ੍ਰਸ਼ਾਸਨ ਨੇ ਕਿਸੇ ਅਣਹੋਣੀ ਤੋਂ ਬਚਣ ਲਈ ਇਹ ਫੈਸਲਾ ਲਿਆ ਹੈ। ਪੰਜਾਬ ਦੇ ਹਾਲਾਤਾਂ ਦੇ ਮੱਦੇਨਜ਼ਰ ਅਤੇ ਘੱਲੂਘਾਰੇ ਦੀ ਬਰਸੀ ਮੌਕੇ ਲੁਧਿਆਣਾ ਵਿਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਇਹ ਹੁਕਮ 31 ਜੁਲਾਈ ਤੱਕ ਲਾਗੂ ਰਹੇਗਾ।

ਲੁਧਿਆਣਾ ਦੀਆਂ ਕੁਝ ਜਥੇਬੰਦੀਆਂ ਨੇ ਜ਼ਿਲ੍ਹਾ ਪੱਧਰ ‘ਤੇ ਅਰਥੀ ਫੂਕ ਰੈਲੀਆਂ, ਧਰਨੇ ਅਤੇ ਸਮਾਗਮ ਕਰਨ ਦੀ ਯੋਜਨਾ ਬਣਾਈ ਸੀ। ਇਸ ਕਾਰਨ ਲੋਕਾਂ ਦੀਆਂ ਭਾਵਨਾਵਾਂ ਭੜਕ ਸਕਦੀਆਂ ਹਨ। ਇਸ ਦੇ ਨਾਲ ਹੀ ਸਰਕਾਰੀ ਅਤੇ ਗੈਰ-ਸਰਕਾਰੀ ਜਾਇਦਾਦ ਅਤੇ ਅਮਨ-ਕਾਨੂੰਨ ਦੀ ਸਥਿਤੀ ਖਰਾਬ ਹੋਣ ਦਾ ਡਰ ਬਣਿਆ ਹੋਇਆ ਹੈ। ਇਨ੍ਹਾਂ ਸਾਰੇ ਕਾਰਨਾਂ ਦੇ ਮੱਦੇਨਜ਼ਰ ਡੀਸੀ ਲੁਧਿਆਣਾ ਸੁਰਭੀ ਮਲਿਕ ਨੇ ਜ਼ਿਲ੍ਹੇ ਵਿੱਚ ਧਾਰਾ 144 ਲਾਗੂ ਕਰ ਦਿੱਤੀ ਹੈ। ਹੁਕਮਾਂ ਤਹਿਤ ਹੁਣ ਜ਼ਿਲ੍ਹੇ ਵਿੱਚ 5 ਜਾਂ 5 ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ ’ਤੇ ਮੁਕੰਮਲ ਪਾਬੰਦੀ ਰਹੇਗੀ। ਧਾਰਾ-144 ਲਾਗੂ ਹੋਣ ਦਾ ਮੁੱਖ ਕਾਰਨ ਘੱਲੂਘਾਰੇ ਦੀ ਬਰਸੀ ਦੱਸਿਆ ਜਾ ਰਿਹਾ ਹੈ।

ਕਾਊਂਟਰ ਇੰਟੈਲੀਜੈਂਸ ਦੀ ਸੀਆਈਡੀ ਦੀ ਰਿਪੋਰਟ ਹੈ ਕਿ ਸਰਕਾਰੀ ਇਮਾਰਤਾਂ ‘ਤੇ ਹਮਲੇ ਦਾ ਡਰ ਹੈ। ਇਸ ਕਾਰਨ ਸ਼ਹਿਰ ਦੀ ਸੁਰੱਖਿਆ ਵਿਵਸਥਾ ਸਖ਼ਤ ਕਰ ਦਿੱਤੀ ਗਈ ਹੈ। ਦੱਸ ਦਈਏ ਕਿ ਲੁਧਿਆਣਾ ਦੇ ਐਂਟਰੀ ਪੁਆਇੰਟ ਅਤੇ ਐਗਜ਼ਿਟ ਪੁਆਇੰਟ ‘ਤੇ ਪੁਲਿਸ ਵੱਲੋਂ ਨਾਕਾਬੰਦੀ ਕੀਤੀ ਹੋਈ ਹੈ। ਸ਼ਹਿਰ ਵਿਚ ਫਲੈਗ ਮਾਰਚ ਵੀ ਕੱਢਿਆ ਜਾ ਰਿਹਾ ਹੈ। ਪੁਲਿਸ ਕਮਿਸ਼ਨਰ ਕੌਸਤੁਭ ਸ਼ਰਮਾ ਖੁਦ ਦੇਰ ਰਾਤ ਤੱਕ ਸ਼ਹਿਰ ਦੇ ਸੁਰੱਖਿਆ ਪ੍ਰਬੰਧਾਂ ਦੀ ਨਿਗਰਾਨੀ ਕਰ ਰਹੇ ਹਨ। ਹਿੰਦੂ ਸਮਾਜ ਦੀਆਂ ਕਈ ਜਥੇਬੰਦੀਆਂ ਨੇ ਘੱਲੂਘਾਰੇ ਦੀ ਬਰਸੀ ਮੌਕੇ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ।