ਕੁਆਰਾ ਦੱਸ ਕੀਤਾ ਦੂਜਾ ਵਿਆਹ, ਬੱਚਾ ਖੋਹ ਕੇ ਪਤਨੀ ਨੂੰ ਘਰੋਂ ਕੱਢਿਆ, ਆਪ ਵਿਧਾਇਕ ਦੇ ਭਰਾ ‘ਤੇ ਪੀੜਤਾ ਨੂੰ ਧਮਕਾਉਣ ਦੇ ਇਲਜਾਮ

0
302

ਹੁਸ਼ਿਆਰਪੁਰ (ਅਮਰੀਕ ਕੁਮਾਰ) | ਗੜ੍ਹਸ਼ੰਕਰ ਦੇ ਕਸਬਾ ਮਾਹਿਲਪੁਰ ਦੀ ਰਹਿਣ ਵਾਲੀ ਉਰਵਸ਼ੀ ਨਾਲ ਵਿਆਹ ਦੇ ਨਾਂ ‘ਤੇ ਧੋਖਾ ਹੋ ਗਿਆ।

ਜਲੰਧਰ ਦੇ ਕਰਨ ਠਾਕੁਰ ਨਾਂ ਦੇ ਵਿਅਕਤੀ ਨੇ ਖੁਦ ਨੂੰ ਕੁਆਰਾ ਦਸਕੇ ਦੂਜਾ ਵਿਆਹ ਕਰਕੇ ਬੱਚੇ ਦਾ ਜਨਮ ਹੋਣ ਤੋਂ ਬਾਅਦ ਬੱਚਾ ਖੋਹ ਲਿਆ ਤੇ ਲੜਕੀ ਨੂੰ ਘਰੋਂ ਬਾਹਰ ਕੱਢ ਦਿੱਤਾ। ਹੁਣ ਪੀੜਤ ਲੜਕੀ ਇਨਸਾਫ ਲਈ ਦਰ-ਦਰ ਦੀਆਂ ਠੋਕਰਾਂ ਖਾਣ ਨੂੰ ਮਜਬੂਰ ਹੈ।

ਆਪਣੀ ਹੱਡ ਬੀਤੀ ਦੱਸਦੇ ਹੋਏ ਉਰਵਸ਼ੀ ਪੁੱਤਰੀ ਜਗਜੀਤ ਸਿੰਘ ਵਾਰਡ 4 ਮਾਹਿਲਪੁਰ ਨੇ ਦਸਿਆ ਕਿ ਉਹ ਚੰਡੀਗੜ੍ਹ ਵਿਖੇ ਇੱਕ ਕਾਲ ਸੈਂਟਰ ਵਿੱਚ ਕੰਮ ਕਰਦੀ ਸੀ, ਉੱਥੇ ਉਸਦੀ ਮੁਲਾਕਾਤ ਕਰਨ ਦੀ ਭੈਣ ਨਾਲ ਹੋਈ। ਇਸ ਤੋਂ ਬਾਅਦ ਉਸਨੇ ਆਪਣੇ ਭਰਾ ਨਾਲ ਉਸਦੇ ਰਿਸ਼ਤੇ ਦੀ ਗੱਲ ਕਹੀ ਅਤੇ ਫਿਰ ਦੋਨਾਂ ਪਰਿਵਾਰਾਂ ਦੀ ਸਹਿਮਤੀ ਨਾਲ 18 ਜੂਨ 2021 ਨੂੰ ਉਸਦਾ ਵਿਆਹ ਕਰਨ ਠਾਕੁਰ ਪੁੱਤਰ ਪ੍ਰਹਿਲਾਦ ਸਿੰਘ ਵਾਸੀ ਜਲੰਧਰ ਨਾਲ ਹੋਇਆ।

ਉਰਵਸ਼ੀ ਨੇ ਦੱਸਿਆ ਕਿ ਮਾਹਿਲਪੁਰ ਤੋਂ ਉਸਨੂੰ ਚੁੰਨੀ ਚੜਾ ਕੇ ਲੈ ਗਏ, ਜਦਕਿ ਫੇਰੇ ਜਲੰਧਰ ਵਿੱਖੇ ਕੀਤੇ ਗਏ ਪਰ ਵਿਆਹ ਦੀ ਕੋਈ ਵੀਡੀਓ ਜਾਂ ਫੋਟੋ ਤੱਕ ਨਹੀਂ ਬਣਾਈ ਗਈ।

ਉਰਵਸ਼ੀ ਦਾ ਪਤੀ ਕਰਨ ਠਾਕੁਰ ਫਾਇਨਾਂਸ ਕੰਪਨੀ ਵਿਚ ਕੰਮ ਕਰਦਾ ਹੈ। ਵਿਆਹ ਤੋਂ ਕੁੱਝ ਟਾਇਮ ਬਾਅਦ ਬਾਅਦ ਹੀ ਪਤੀ ਤੇ ਸੱਸ ਨੇ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਇੱਕ ਦਿਨ ਘਰ ਦੀ ਸਫਾਈ ਦੌਰਾਨ ਅਜਿਹੇ ਦਸਤਾਵੇਜ਼ ਮਿਲੇ ਜਿਸ ਵਿੱਚ ਪਤੀ ਕਰਨ ਠਾਕੁਰ ਦਾ ਨਾਂ ਮਨਦੀਪ ਕੁਮਾਰ ਲਿਖਿਆ ਸੀ। ਉਸ ਦਾ ਪਹਿਲਾ ਵਿਆਹ ਹੋ ਚੁੱਕਿਆ ਹੈ, ਜਿਸ ਦਾ ਕੇਸ ਚੱਲ ਰਿਹਾ ਸੀ।

ਉਰਵਸ਼ੀ ਨੇ ਦੱਸਿਆ ਕਿ ਸਹੁਰਾ ਪਰਿਵਾਰ ਕਿਤੇ ਵੀ ਜਾਂਦਾ ਤਾਂ ਉਸ ਨੂੰ ਘਰ ਅੰਦਰ ਬੰਦ ਕਰਕੇ ਜਾਂਦਾ। ਵਿਆਹ ਤੋਂ ਬਾਅਦ ਬੱਚਾ ਹੋਇਆ ਤਾਂ ਸੱਸ ਅਤੇ ਨਣਦ ਨੇ ਮੇਰਾ ਬੱਚਾ ਖੋਹ ਲਿਆ ਤੇ ਉਸਨੂੰ ਘਰ ਤੋਂ ਬਾਹਰ ਕੱਢ ਦਿੱਤਾ। ਸਹੁਰਾ ਪਰਿਵਾਰ ਅੱਗੇ ਬਹੁਤ ਮਿੰਨਤਾਂ ਤਰਲੇ ਕੀਤੇ ਪਰ ਉਨ੍ਹਾਂ ਨੇ ਦੁੱਧ ਪਿਲਾਉਣ ਵਾਸਤੇ ਵੀ ਬੱਚਾ ਵਾਪਸ ਨਾ ਕੀਤਾ। ਉਲਟਾ ਖੁਦ ਨੂੰ ਜਲੰਧਰ ਤੋਂ ਆਪ ਵਿਧਾਇਕ ਦਾ ਭਰਾ ਦੱਸਣ ਵਾਲਾ ਵੀ ਧਮਕੀਆਂ ਦੇਣ ਲੱਗ ਪਿਆ।

ਪੀੜਤ ਲੜਕੀ ਨੇ ਸ਼ਿਕਾਇਤ ਐਸਐਸਪੀ ਹੁਸ਼ਿਆਰਪੁਰ ਅਤੇ ਡਿਪਟੀ ਸਪੀਕਰ ਨੂੰ ਕਰਕੇ ਇਨਸਾਫ ਦੀ ਮੰਗ ਕੀਤੀ ਹੈ।

ਦੂਜੇ ਪਾਸੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਰੋੜੀ ਨੇ ਕਿਹਾ ਕਿ ਮਸਲਾ ਉਨ੍ਹਾਂ ਦੇ ਧਿਆਨ ਵਿੱਚ ਹੈ, ਇਸ ਕੇਸ ਵਿੱਚ ਜੋ ਵੀ ਦੋਸ਼ੀ ਹੋਣਗੇ ਉਨ੍ਹਾਂ ਤੇ ਸਖਤ ਕਾਰਵਾਈ ਕੀਤੀ ਜਾਵੇਗੀ।