ਪਤਨੀ ਦਾ ਕਤਲ ਕਰਕੇ ਕਰਵਾਇਆ ਦੂਜਾ ਵਿਆਹ, ਸ਼ਰਾਬ ਦੀ ਲੋਰ ‘ਚ ਸਾਲ ਬਾਅਦ ਆਪ ਹੀ ਖੋਲ੍ਹਿਆ ਭੇਦ

0
3135

ਪਟਿਆਲਾ | ਇੱਕ ਸਾਲ ਪਹਿਲਾਂ ਪਤਨੀ ਦਾ ਕਤਲ ਕਰਨ ਵਾਲੇ ਪਤੀ ਦੀ ਕਰਤੂਤ ਦਾ ਪਰਦਾਫਾਸ਼ ਹੋਇਆ ਹੈ। ਦਰਅਸਲ ਪ੍ਰੇਮ ਵਿਆਹ ਕਰਵਾਉਣ ਵਾਲੇ ਸਨੌਰ ਦੇ ਰਹਿਣ ਵਾਲੇ ਬਲਜੀਤ ਸਿੰਘ ਨੇ ਸਾਲ ਪਹਿਲਾਂ ਆਪਣੀ ਪਤਨੀ ਦੀ ਹੱਤਿਆ ਕਰਕੇ ਲਾਸ਼ ਨਹਿਰ ਦੀ ਪਟੜੀ ਹੇਠਾਂ ਦੱਬ ਦਿੱਤੀ ਸੀ। ਉਸ ’ਤੇ ਕਿਸੇ ਨੂੰ ਵੀ ਸ਼ੱਕ ਨਹੀਂ ਸੀ ਹੋਇਆ ਪਰ ਮੁਲਜ਼ਮ ਨੇ ਹੁਣ ਖ਼ੁਦ ਹੀ ਆਪਣੀ ਪਤਨੀ ਦੀ ਹੱਤਿਆ ਕਰਨ ਦਾ ਭੇਤ ਖੋਲ੍ਹ ਦਿੱਤਾ।

ਸ਼ੁਰੂਆਤੀ ਜਾਂਚ ਮੁਤਾਬਕ ਕਤਲ ਦੀ ਵਜ੍ਹਾ ਚਰਿੱਤਰ ’ਤੇ ਸ਼ੱਕ ਦੱਸੀ ਜਾ ਰਹੀ ਹੈ। ਕਰੀਬ ਬਾਰਾਂ ਸਾਲ ਪਹਿਲਾਂ ਬਲਜੀਤ ਸਿੰਘ ਤੇ ਰਮਨਜੀਤ ਕੌਰ ਨੇ ਪ੍ਰੇਮ ਵਿਆਹ ਕਰਵਾਇਆ ਸੀ ਤੇ ਦੋਵਾਂ ਦੇ ਇੱਕ ਲੜਕਾ ਤੇ ਇੱਕ ਲੜਕੀ ਵੀ ਹੈ। ਇਸ ਦੌਰਾਨ ਬਲਜੀਤ ਪਤਨੀ ਦੇ ਚਰਿੱਤਰ ’ਤੇ ਸ਼ੱਕ ਕਰਨ ਲੱਗਾ।

ਸ਼ੱਕ ਦੇ ਚੱਲਦਿਆਂ ਹੀ ਸਾਲ ਪਹਿਲਾਂ ਦੁਸਹਿਰੇ ਵਾਲੀ ਰਾਤ ਉਸ ਨੇ ਗਲਾ ਦਬਾ ਕੇ ਰਮਨਜੀਤ ਕੌਰ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਕਤਲ ਕਰਨ ਮਗਰੋਂ ਲਾਸ਼ ਬੋਸਰ ਪਿੰਡ ਲਾਗੇ ਨਹਿਰ ਦੇ ਨੇੜੇ ਟੋਏ ਵਿੱਚ ਸੁੱਟ ਦਿੱਤੀ। ਬਾਅਦ ਵਿੱਚ ਉਸ ਨੇ ਆਪਣੀ ਪਤਨੀ ਦੇ ਕਿਸੇ ਨਾਲ ਭੱਜ ਜਾਣ ਦੀ ਅਫ਼ਵਾਹ ਫੈਲਾ ਦਿੱਤੀ।

ਕਰੀਬ ਤਿੰਨ ਮਹੀਨੇ ਪਹਿਲਾਂ ਬਲਜੀਤ ਸਿੰਘ ਨੇ ਹੋਰ ਵਿਆਹ ਕਰਵਾ ਲਿਆ। ਇਸ ਦੌਰਾਨ ਹੀ ਜਦੋਂ ਬਲਜੀਤ ਸ਼ਰਾਬ ਪੀ ਕੇ ਕਲੇਸ਼ ਕਰਨ ਲੱਗਾ, ਤਾਂ ਦੂਜੀ ਪਤਨੀ ਨੇ ਉਸ ਨੂੰ ਪਹਿਲੀ ਪਤਨੀ ਦੇ ਭੱਜਣ ਦਾ ਮਿਹਣਾ ਮਾਰਿਆ ਪਰ ਸ਼ਰਾਬ ਦੀ ਲੋਰ ’ਚ ਆਏ ਬਲਜੀਤ ਨੇ ਸਾਲ ਪਹਿਲਾਂ ਕੀਤੇ ਕਤਲ ਦਾ ਭੇਤ ਖੋਲ੍ਹ ਦਿੱਤਾ।

ਥਾਣਾ ਸਨੌਰ ਦੇ ਐਸਐਚਓ ਇੰਸਪੈਕਟਰ ਕਰਮਜੀਤ ਸਿੰਘ ਮੁਤਾਬਕ ਬਲਜੀਤ ਸਿੰਘ ਨੇ ਕਤਲ ਦੀ ਗੱਲ ਕਬੂਲ ਲਈ। ਉਸ ਦੀ ਨਿਸ਼ਾਨਦੇਹੀ ’ਤੇ ਪੁਲੀਸ ਨੇ ਰਮਨਦੀਪ ਕੌਰ ਦਾ ਪਿੰਜਰ ਵੀ ਬਰਾਮਦ ਕਰ ਲਿਆ ਤੇ ਮੁਲਜਡਮ ਖਿਲਾਫ ਮਾਮਲਾ ਦਰਜ ਕਰ ਲਿਆ ਹੈ।