ਕਪੂਰਥਲਾ, 13 ਜਨਵਰੀ | ਇਥੇ ਅੱਜ ਸਵੇਰੇ 8 ਵਜੇ ਸਕੂਲ ਬੱਸ ਅਤੇ ਕਾਰ ਦੀ ਟੱਕਰ ਹੋ ਗਈ। ਹਾਦਸੇ ਵਿਚ ਦੋਵੇਂ ਡਰਾਈਵਰ ਜ਼ਖ਼ਮੀ ਹੋ ਗਏ, ਜਦਕਿ ਬੱਸ ‘ਚ ਸਵਾਰ ਸਾਰੇ ਬੱਚੇ ਸੁਰੱਖਿਅਤ ਹਨ, ਜਿਨ੍ਹਾਂ ਨੂੰ ਕਿਸੇ ਹੋਰ ਗੱਡੀ ਵਿਚ ਸਕੂਲ ਲਿਜਾਇਆ ਗਿਆ ਹੈ। ਹਾਦਸੇ ਤੋਂ ਬਾਅਦ ਸੜਕ ‘ਤੇ ਕੁਝ ਸਮੇਂ ਲਈ ਜਾਮ ਲੱਗ ਗਿਆ।
ਇਹ ਹਾਦਸਾ ਸੁਲਤਾਨਪੁਰ ਲੋਧੀ ਰੋਡ ‘ਤੇ ਪਿੰਡ ਢੁੱਡੀਆਂਵਾਲ ਨੇੜੇ ਵਾਪਰਿਆ। ਕਾਰ ਚਾਲਕ ਨਵੀਨ ਚਾਹਲ ਗੰਭੀਰ ਜ਼ਖ਼ਮੀ ਹੋ ਗਿਆ, ਜਦਕਿ ਸਕੂਲ ਬੱਸ ਚਾਲਕ ਕਰਨੈਲ ਸਿੰਘ ਨੂੰ ਮਾਮੂਲੀ ਸੱਟਾਂ ਲੱਗੀਆਂ। ਬੱਸ ਵਿਚ 15 ਤੋਂ 20 ਬੱਚੇ ਸਵਾਰ ਸਨ, ਜੋ ਸੁਰੱਖਿਅਤ ਹਨ। ਕਾਰ ਚਾਲਕ ਨੂੰ ਤੁਰੰਤ ਆਰ.ਸੀ.ਐਫ. ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ।
ਰੋਡ ਸੇਫਟੀ ਫੋਰਸ (ਐਸਐਸਐਫ) ਦੇ ਇੰਚਾਰਜ ਏਐਸਆਈ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਮੌਕੇ ’ਤੇ ਪਹੁੰਚ ਗਈ ਹੈ ਅਤੇ ਬਚਾਅ ਕਾਰਜ ਵਿਚ ਲੱਗੀ ਹੋਈ ਹੈ। ਆਵਾਜਾਈ ਨੂੰ ਸੁਚਾਰੂ ਬਣਾਉਣ ਲਈ ਨੁਕਸਾਨੇ ਗਏ ਦੋਵੇਂ ਵਾਹਨਾਂ ਨੂੰ ਸੜਕ ਦੇ ਕਿਨਾਰੇ ਕਰ ਦਿੱਤਾ ਗਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ