ਨਵੀਂ ਦਿੱਲੀ, 7 ਸਤੰਬਰ| ਕੈਂਸਰ ਤੋਂ ਬਚਾਅ ਲਈ ਕਈ ਖੋਜਾਂ ਕੀਤੀਆਂ ਜਾ ਰਹੀਆਂ ਹਨ ਪਰ ਫਿਰ ਵੀ ਇਸ ਦਾ ਖ਼ਤਰਾ ਘੱਟ ਨਹੀਂ ਹੋ ਰਿਹਾ। 30 ਸਾਲਾਂ ਦੌਰਾਨ 50 ਸਾਲ ਤੋਂ ਘੱਟ ਉਮਰ ਦੇ ਕੈਂਸਰ ਦੇ ਮਰੀਜ਼ਾਂ ਦੀ ਗਿਣਤੀ 79 ਫ਼ੀਸਦੀ ਵਧੀ ਹੈ। ਬੀਐੱਮਜੇ ਓਨਕੋਲਾਜੀ ਜਰਨਲ ’ਚ ਪ੍ਰਕਾਸ਼ਿਤ ਅਧਿਐਨ ’ਚ ਕਿਹਾ ਗਿਆ ਹੈ ਕਿ ਸਭ ਤੋਂ ਜ਼ਿਆਦਾ ਤੇਜ਼ੀ ਸਾਹ ਨਲੀ ਅਤੇ ਪ੍ਰੋਸਟੇਟ ਕੈਂਸਰ ਨਾਲ ਜੁੜੇ ਮਾਮਲਿਆਂ ’ਚ ਦੇਖੀ ਗਈ ਹੈ। ਸਭ ਤੋਂ ਜ਼ਿਆਦਾ ਮੌਤਾਂ ਛਾਤੀ, ਸਾਹ ਨਲੀ ਤੇ ਫੇਫੜਿਆਂ ਦੇ ਕੈਂਸਰ ਨਾਲ ਹੋ ਰਹੀਆਂ ਹਨ।
ਖੋਜਕਰਤਾਵਾਂ ਨੂੰ 14 ਤੋਂ 49 ਸਾਲ ਤੱਕ ਦੇ ਲੋਕਾਂ ਦੇ ਅੰਕੜਿਆਂ ਦੇ ਅਧਿਐਨ ਦੌਰਾਨ ਪਤਾ ਲੱਗਿਆ ਕਿ ਬਿਮਾਰੀ ਲਈ ਜੈਨੇਟਿਕ ਕਾਰਨਾਂ ਦੇ ਨਾਲ ਹੀ ਖਾਣ-ਪੀਣ ਵੀ ਜ਼ਿੰਮੇਵਾਰ ਹੈ। ਖਾਣੇ ’ਚ ਰੈੱਡ ਮੀਟ ਤੇ ਲੂਣ ਦੀ ਜ਼ਿਆਦਾ ਮਾਤਰਾ ਦੇ ਨਾਲ ਹੀ ਅਲਕੋਹਲ ਤੇ ਤੰਬਾਕੂ ਦੀ ਵਰਤੋਂ ਇਸ ਦੇ ਪ੍ਰਮੁੱਖ ਕਾਰਨਾਂ ’ਚ ਸ਼ਾਮਲ ਹੈ। ਖ਼ੁਰਾਕ ’ਚ ਫਲ ਤੇ ਦੁੱਧ ਦੀ ਘੱਟ ਵਰਤੋਂ ਵੀ ਇਕ ਕਾਰਨ ਹੈ। ਸਰੀਰਕ ਰੂਪ ’ਚ ਘੱਟ ਸਰਗਰਮ ਰਹਿਣਾ, ਜ਼ਿਆਦਾ ਵਜ਼ਨ ਤੇ ਹਾਈ ਬਲੱਡ ਪ੍ਰੈਸ਼ਰ ਵੀ ਸਹਾਇਕ ਕਾਰਨਾਂ ’ਚ ਸ਼ਾਮਲ ਹਨ।
ਸਕਾਟਲੈਂਡ ਦੀ ਐਡਿਨਬਰਗ ਯੂਨੀਵਰਸਿਟੀ ਨਾਲ ਜੁੜੇ ਖੋਜਕਰਤਾਵਾਂ ਨੇ 204 ਦੇਸ਼ਾਂ ਦੇ 29 ਕੈਂਸਰ ਨਾਲ ਜੁੜੇ 1990 ਤੋਂ 2019 ਤੱਕ ਦੇ ਅੰਕੜਿਆਂ ਦਾ ਅਧਿਐਨ ਕੀਤਾ। ਇਸ ’ਚ ਖ਼ੁਲਾਸਾ ਕੀਤਾ ਕਿ 50 ਤੋਂ ਘੱਟ ਉਮਰ ਵਾਲਿਆਂ ’ਚ ਛਾਤੀ ਦਾ ਕੈਂਸਰ ਸਭ ਤੋਂ ਪਹਿਲਾਂ ਦਿਸਣ ਵਾਲਾ ਕੈਂਸਰ ਹੈ। ਨਾਲ ਹੀ ਇਹ ਵੀ ਕਿਹਾ ਗਿਆ ਕਿ ਸਾਹ ਨਲੀ ਤੇ ਪ੍ਰੋਸਟੇਟ ਕੈਂਸਰ ’ਚ 1990 ਤੋਂ ਬਾਅਦ ਤੇਜ਼ੀ ਆਈ ਹੈ।
ਅਧਿਐਨ ’ਚ ਸਾਹਮਣੇ ਆਏ ਅਨੁਮਾਨ ਹੋਰ ਡਰਾਉਣ ਵਾਲੇ ਹਨ। ਇਸ ’ਚ ਕਿਹਾ ਗਿਆ ਹੈ ਕਿ ਸਾਲ 2030 ’ਚ ਛੋਟੀ ਉਮਰ ’ਚ ਕੈਂਸਰ ਹੋਣ ਅਤੇ ਇਸ ਨਾਲ ਜੁੜੀਆਂ ਮੌਤਾਂ ਦੀ ਗਿਣਤੀ ’ਚ ਕ੍ਰਮਵਾਰ 31 ਅਤੇ 21 ਫ਼ੀਸਦੀ ਦਾ ਵਾਧਾ ਦੇਖਿਆ ਜਾ ਸਕਦਾ ਹੈ। ਸਭ ਤੋਂ ਜ਼ਿਆਦਾ ਖ਼ਤਰਾ 40 ਦੀ ਉਮਰ ਦੇ ਆਸਪਾਸ ਵਾਲਿਆਂ ਨੂੰ ਹੋਵੇਗਾ।