ਪੰਜਾਬ ਸਰਕਾਰ ਦੀ SC-ST ਵਜ਼ੀਫਾ ਘੁਟਾਲੇ ‘ਚ ਵੱਡੀ ਕਾਰਵਾਈ : 6 ਅਫਸਰ ਕੀਤੇ ਬਰਖਾਸਤ

0
289

ਚੰਡੀਗੜ੍ਹ | ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ‘ਚ ਬਹੁਤ ਚਰਚਿਤ ਪੋਸਟ ਮੈਟ੍ਰਿਕ ਸਕਾਲਰਸ਼ਿਪ ਘੁਟਾਲੇ ‘ਚ 6 ਅਫਸਰਾਂ ਨੂੰ ਬਰਖਾਸਤ ਕਰ ਦਿੱਤਾ ਗਿਆ ਹੈ। ਕਰੀਬ 39 ਕਰੋੜ ਦੇ ਇਸ ਵੱਡੇ ਘਪਲੇ ਵਿੱਚ ਸਮਾਜਿਕ ਨਿਆਂ ਅਤੇ ਅਧਿਕਾਰਤਾ ਵਿਭਾਗ ਨੇ ਕਾਰਵਾਈ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਛੇ ਬਰਖਾਸਤ ਅਧਿਕਾਰੀਆਂ ਦੀ ਇਸ ਘਪਲੇ ਵਿੱਚ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਸ਼ਮੂਲੀਅਤ ਸਾਹਮਣੇ ਆ ਰਹੀ ਹੈ। ਹੁਣ ਇਸ ਦੀ ਜਾਂਚ ਕਰਦਿਆਂ ਵਿਭਾਗ ਨੇ ਇਨ੍ਹਾਂ ਅਧਿਕਾਰੀਆਂ ਖ਼ਿਲਾਫ਼ ਵੱਡੀ ਕਾਰਵਾਈ ਕੀਤੀ ਹੈ।

ਜਾਣਕਾਰੀ ਅਨੁਸਾਰ ਚਾਰ ਅਧਿਕਾਰੀ ਸਮਾਜਿਕ ਨਿਆਂ ਤੇ ਅਧਿਕਾਰਤਾ ਵਿਭਾਗ ਦੇ ਹਨ, ਜਦਕਿ ਦੋ ਵਿਅਕਤੀ ਵਿੱਤ ਵਿਭਾਗ ਨਾਲ ਸਬੰਧਤ ਹਨ। ਬਰਖਾਸਤ ਕੀਤੇ ਗਏ ਅਧਿਕਾਰੀਆਂ ਵਿੱਚ ਇੱਕ ਡਿਪਟੀ ਡਾਇਰੈਕਟਰ, ਇੱਕ ਡਿਪਟੀ ਕੰਟਰੋਲਰ, ਸੈਕਸ਼ਨ ਅਫ਼ਸਰ, ਸੁਪਰਡੈਂਟ ਅਤੇ ਦੋ ਸੀਨੀਅਰ ਸਹਾਇਕ ਸ਼ਾਮਲ ਹਨ। ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਵਿਭਾਗੀ ਜਾਂਚ ਪੂਰੀ ਹੋਣ ‘ਤੇ 39 ਕਰੋੜ ਰੁਪਏ ਦੇ ਵਜ਼ੀਫਾ ਘੁਟਾਲੇ ਵਿਚ ਛੇ ਅਧਿਕਾਰੀਆਂ ਦੀ ਸ਼ਮੂਲੀਅਤ ਸਾਹਮਣੇ ਆਈ ਹੈ, ਜਿਸ ਕਾਰਨ ਉਨ੍ਹਾਂ ਨੂੰ ਅਹੁਦੇ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ।

ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਪਿਛਲੀ ਕਾਂਗਰਸ ਸਰਕਾਰ ਵੇਲੇ ਸਾਹਮਣੇ ਆਈ ਸੀ, ਜਿਸ ਦੇ ਤਹਿਤ ਕਈ ਪ੍ਰਾਈਵੇਟ ਸੰਸਥਾਵਾਂ ਗਲਤ ਤਰੀਕੇ ਨਾਲ ਐਸਸੀ/ਐਸਟੀ ਵਿਦਿਆਰਥੀਆਂ ਨੂੰ ਵਜ਼ੀਫੇ ਅਲਾਟ ਕਰ ਰਹੀਆਂ ਸਨ। ਜਾਣਕਾਰੀ ਅਨੁਸਾਰ ਜਾਂਚ ਤੋਂ ਪਤਾ ਲੱਗਾ ਹੈ ਕਿ ਵਿਭਾਗ ਨੇ ਇਹ ਵਜ਼ੀਫ਼ਾ ਰਾਸ਼ੀ 14 ਪ੍ਰਾਈਵੇਟ ਅਦਾਰਿਆਂ ਨੂੰ ਵੰਡੀ ਹੈ।

ਅਦਾਰਿਆਂ ਦੇ ਰੀ-ਆਡਿਟ ਦੌਰਾਨ ਇਹ ਪਾੜ ਸਾਹਮਣੇ ਆਇਆ ਹੈ। ਹਾਲਾਂਕਿ ਇਹ ਮਾਮਲਾ ਮੁੜ ਚਰਚਾ ਵਿੱਚ ਆਉਣ ਤੋਂ ਬਾਅਦ ਜੇਲ ਵਿੱਚ ਬੰਦ ਸਾਬਕਾ ਸਮਾਜਿਕ ਨਿਆਂ ਤੇ ਅਧਿਕਾਰਤਾ ਮੰਤਰੀ ਸਾਧੂ ਸਿੰਘ ਧਰਮਸੋਤ ਦੀਆਂ ਮੁਸ਼ਕਲਾਂ ਹੋਰ ਵਧ ਸਕਦੀਆਂ ਹਨ।