ਸ਼ਨੀਵਾਰ ਦਾ ਲੌਕਡਾਊਨ ਖਤਮ, ਜਿੰਮ ਅਤੇ ਰੈਸਟੋਰੈਂਟ ਅਗਲੇ ਹਫਤੇ ਤੋਂ ਖੁੱਲ੍ਹਣਗੇ; ਪੜ੍ਹੋ ਕੈਪਟਨ ਸਰਕਾਰ ਦੇ ਨਵੇਂ ਹੁਕਮ

0
1184

ਚੰਡੀਗੜ੍ਹ | ਕੈਪਟਨ ਸਰਕਾਰ ਨੇ ਕੋਰੋਨਾ ਕੇਸ ਘਟਦਿਆਂ ਹੀ ਪਾਬੰਦੀਆਂ ਵੀ ਘਟਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਸੋਮਵਾਰ 7 ਜੂਨ ਨੂੰ ਜਾਰੀ ਨਵੇਂ ਹੁਕਮਾਂ ਮੁਤਾਬਿਕ ਹੋਰ ਛੋਟਾਂ ਦਿੱਤੀਆਂ ਜਾ ਰਹੀਆਂ ਹਨ।

ਹਾਲਾਂਕਿ ਸਰਕਾਰ ਨੇ ਪਾਬੰਦੀਆਂ 15 ਜੂਨ ਤੱਕ ਵਧਾ ਦਿੱਤੀਆਂ ਹਨ ਪਰ ਨਵੀਆਂ ਗਾਈਡਾਲਾਈਂਜ਼ ਮੁਤਾਬਿਕ ਅਗਲੇ ਹਫਤੇ ਤੋਂ ਦੁਕਾਨਾਂ ਸ਼ਾਮ 6 ਵਜੇ ਤੱਕ ਖੁੱਲ੍ਹ ਸਕਦੀਆਂ ਹਨ ਅਤੇ ਕਰਫਿਊ ਰਾਤ 7 ਵਜੇ ਤੋਂ ਲਾਗੂ ਹੋਵੇਗਾ।

ਇਕ ਹਫਤੇ ਬਾਅਦ ਜਿੰਮ ਅਤੇ ਰੈਸਟੋਰੈਂਟ 50 ਫੀਸਦੀ ਸਮਰੱਥਾ ਨਾਲ ਖੋਲ੍ਹੇ ਜਾ ਸਕਣਗੇ। ਪ੍ਰਾਈਵੇਟ ਦਫਤਰ 50 ਫੀਸਦੀ ਸਮਰੱਥਾ ਨਾਲ ਖੋਲ੍ਹੇ ਜਾ ਸਕਦੇ ਹਨ।

ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਰਾਤ ਦਾ ਕਰਫਿਊ ਸ਼ਨੀਵਾਰ ਸਮੇਤ ਹਫਤੇ ਦੇ ਦਿਨਾਂ ਵਿੱਚ ਸ਼ਾਮ 7 ਵਜੇ ਤੋਂ ਸਵੇਰੇ 6 ਵਜੇ ਤੱਕ ਲਾਗੂ ਰਹੇਗਾ। ਐਤਵਾਰ ਨੂੰ ਰੈਗੂਲਰ ਵੀਕੈਂਡ ਕਰਫਿਊ ਜਾਰੀ ਰਹੇਗਾ। ਮਤਲਬ ਸ਼ਨੀਵਾਰ ਦੇ ਲੌਕਡਾਊਨ ਨੂੰ ਖਤਮ ਕਰ ਦਿੱਤਾ ਗਿਆ ਹੈ।

ਪਾਜ਼ੇਟਿਵ ਦਰ 3.2 ਫੀਸਦੀ ਤੱਕ ਡਿੱਗਣ ਅਤੇ ਐਕਟਿਵ ਕੇਸਾਂ ਦੇ ਘਟਣ ਦੇ ਚੱਲਦਿਆਂ ਮੁੱਖ ਮੰਤਰੀ ਨੇ ਵਿਆਹ ਅਤੇ ਸੰਸਕਾਰ ਸਮੇਤ ਇਕੱਠਾਂ ਵਿੱਚ 20 ਵਿਅਕਤੀਆਂ ਦੀ ਆਗਿਆ ਦੇ ਦਿੱਤੀ। ਸੂਬੇ ਵਿੱਚ ਆਉਣ ਵਾਲਿਆਂ ਲਈ ਦਾਖਲੇ ਦੀਆਂ ਰੋਕਾਂ (ਨੈਗੇਟਿਵ ਕੋਵਿਡ ਟੈਸਟ/ਟੀਕਾਕਰਨ) ਨੂੰ ਖਤਮ ਕਰ ਦਿੱਤਾ ਗਿਆ ਹੈ।

ਭਰਤੀ ਪ੍ਰੀਖਿਆਵਾਂ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ।

ਮੰਤਰੀਆਂ, ਸੀਨੀਅਰ ਪੁਲਿਸ ਅਤੇ ਪ੍ਰਸ਼ਾਸਕੀ ਅਧਿਕਾਰੀਆਂ ਅਤੇ ਸਿਹਤ ਮਾਹਿਰਾਂ ਨਾਲ ਕੋਵਿਡ ਸਥਿਤੀ ਦੀ ਵਰਚੁਅਲ ਸਮੀਖਿਆ ਕਰਦਿਆਂ ਮੁੱਖ ਮੰਤਰੀ ਨੇ ਜ਼ਿਲਾ ਪ੍ਰਸ਼ਾਸਨ ਨੂੰ ਕਿਹਾ ਕਿ ਸਥਾਨਕ ਸਥਿਤੀ ਦੇ ਆਧਾਰ ਉਤੇ ਵੀਕੈਂਡ ਸਮੇਤ ਹੋਰਨਾਂ ਦਿਨਾਂ ਲਈ ਗੈਰ ਜ਼ਰੂਰੀ ਦੁਕਾਨਾਂ ਖੋਲ੍ਹਣੀਆਂ ਨਿਰਧਾਰਤ ਕੀਤੀਆਂ ਜਾ ਸਕਦੀਆਂ ਪਰ ਇਹ ਯਕੀਨੀ ਬਣਾਇਆ ਜਾਵੇ ਕਿ ਕੋਵਿਡ ਤੋਂ ਬਚਣ ਲਈ ਭੀੜ ਨੂੰ ਟਾਲਿਆ ਜਾਵੇ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਨਜੀਤਿਆਂ ਦੇ ਆਧਾਰ ਉਤੇ ਜੇ ਕੋਸਾਂ ਵਿੱਚ ਗਿਰਾਵਟ ਜਾਰੀ ਰਹੀ ਤਾਂ ਹੋਰ ਛੋਟਾਂ ਆਉਣ ਵਾਲੇ ਹਫਤਿਆਂ ਵਿੱਚ ਦਿੱਤੀਆਂ ਜਾਣਗੀਆਂ। ਮਾਹਿਰਾਂ ਦੀ ਸਲਾਹ ਅਨੁਸਾਰ ਹੋਰ ਸਥਿਤੀਆਂ ਨੂੰ ਦੇਖਦਿਆਂ ਜੇ ਹੋਰ ਸੁਧਾਰ ਹੋਇਆ ਤਾਂ ਇਕ ਹਫਤੇ ਬਾਅਦ ਜਿੰਮ ਅਤੇ ਰੈਸਟੋਰੈਂਟ 50 ਫੀਸਦੀ ਸਮਰੱਥਾ ਨਾਲ ਖੋਲ੍ਹੇ ਜਾ ਸਕਣਗੇ। ਉਨ੍ਹਾਂ ਕਿਹਾ ਕਿ ਜਿੰਮ ਅਤੇ ਰੈਸਟੋਰੈਂਟ ਦੇ ਮਾਲਕਾਂ ਤੇ ਕਾਮਿਆਂ ਨੂੰ ਖੋਲ੍ਹਣ ਤੋਂ ਪਹਿਲਾਂ ਟੀਕਾਕਰਨ ਲਗਾ ਲੈਣ।

ਮੁੱਖ ਮੰਤਰੀ ਨੇ ਕਿਹਾ ਕਿ ਕੇਸਾਂ ਵਿੱਚ ਗਿਰਾਵਟ ਅਤੇ ਟੈਸਟਾਂ ਵਿੱਚ ਵਾਧੇ ਦੇ ਬਾਵਜੂਦ ਪੰਜਾਬ ਅਵੇਸਲੇ ਹੋਣ ਦਾ ਖਤਰਾ ਮੁੱਲ ਨਹੀਂ ਲੈ ਸਕਦਾ। ਉਨ੍ਹਾਂ ਕਿਹਾ ਕਿ ਵਾਇਰਸ ਦਾ ਬਦਲਦਾ ਸਰੂਪ ਚਿੰਤਾ ਦਾ ਵਿਸ਼ਾ ਹੈ ਹਾਲਾਂਕਿ ਕੋਵਿਡ ਮੌਤ ਦਰ (ਸੀ.ਐਫ.ਆਰ.) ਪਹਿਲੀ ਲਹਿਰ ਨਾਲੋਂ ਘੱਟ ਹੈ।

ਪੰਜਾਬ ਦੇ ਕੋਵਿਡ ਮਾਹਿਰ ਸਮੂਹ ਦੇ ਮੁਖੀ ਡਾ. ਕੇ.ਕੇ.ਤਲਵਾੜ ਨੇ ਮੀਟਿੰਗ ਮੌਕੇ ਦੱਸਿਆ ਕਿ 30 ਫੀਸਦੀ ਕੋਵਿਡ ਮਰੀਜ਼ ਕੋਵਿਡ ਤੋਂ ਠੀਕ ਹੋਣ ਤੋਂ ਬਾਅਦ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ ਅਤੇ ਉਨ੍ਹਾਂ ਵਿੱਚ ਲੱਛਣ ਆ ਰਹੇ ਹਨ। ਉਨ੍ਹਾਂ ਕਿਹਾ ਕਿ ਮਰੀਜ਼ਾਂ ਨੂੰ ਠੀਕ ਹੋਣ ਲਈ ਤਕਰੀਬਨ ਤਿੰਨ ਮਹੀਨੇ ਦਾ ਸਮਾਂ ਲੱਗ ਰਿਹਾ ਹੈ ਇਸ ਲਈ ਉਨ੍ਹਾਂ ਦੀ ਸਖਤ ਨਿਗਰਾਨੀ ਕਰਨ ਦੀ ਲੋੜ ਹੈ।

(ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।