ਬਖਤਗੜ੍ਹ| ਬਰਨਾਲਾ ਜ਼ਿਲ੍ਹੇ ਦੇ ਪਿੰਡ ਬਖਤਗੜ੍ਹ ਵਿਖੇ ਵਿਆਹ ਵਾਲੇ ਘਰ ਦੀਆਂ ਖੁਸ਼ੀਆਂ ਉਸ ਵੇਲੇ ਗ਼ਮੀ ਵਿੱਚ ਬਦਲ ਗਈਆਂ ਜਦੋਂ ਵਿਆਹ ਵਾਲੇ ਨੌਜਵਾਨ ਦੀ ਅਚਾਨਕ ਦੁੱਖਦਾਈ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਪਿੰਡ ਬਖਤਗੜ੍ਹ ਦਾ ਨੌਜਵਾਨ ਪੂਰਨਦੀਪ ਸਿੰਘ (32) ਪੁੱਤਰ ਭੋਲਾ ਸਿੰਘ ਦਾ ਵਿਆਹ ਰੱਖਿਆ ਹੋਇਆ ਸੀ ਅਤੇ ਘਰ ਜਾਗੋ ਦਾ ਸਮਾਗਮ ਸੀ। ਅਗਲੇ ਦਿਨ ਹੀ ਉਸਦੀ ਜੰਞ ਚੜ੍ਹਨੀ ਸੀ। ਪੂਰਨਦੀਪ ਕਿਸੇ ਕੰਮ ਲਈ ਆਪਣੇ ਪਿੰਡ ਤੋਂ ਪੱਖੋ ਕੈਂਚੀਆਂ ਵੱਲ ਆ ਰਿਹਾ ਸੀ ਤਾਂ ਪਿੰਡ ਮੱਲ੍ਹੀਆਂ ਨਜ਼ਦੀਕ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ।
ਇਸ ਘਟਨਾ ਦਾ ਪਤਾ ਲੱਗਦਿਆਂ ਹੀ ਸਾਰੇ ਪਿੰਡ ਵਿੱਚ ਸੋਗ ਦੀ ਲਹਿਰ ਫ਼ੈਲ ਗਈ। ਉੱਥੇ ਪਰਿਵਾਰ ਦੀਆਂ ਖੁਸ਼ੀਆਂ ਮਾਤਮ ਵਿਚ ਤਬਦੀਲ ਹੋ ਗਈਆਂ ਅਤੇ ਵਿਆਹ ਵਾਲੇ ਘਰ ਸੱਥਰ ਵਿਛ ਗਏ।
ਪੱਖੋ ਕੈਂਚੀਆਂ ਪੁਲਿਸ ਚੌਂਕੀ ਦੇ ਥਾਣੇਦਾਰ ਮੱਖਣ ਸ਼ਾਹ ਨੇ ਦੱਸਿਆ ਕਿ ਮ੍ਰਿਤਕ ਪੂਰਨਦੀਪ ਸਿੰਘ ਦੇ ਪਿਤਾ ਭੋਲਾ ਸਿੰਘ ਦੇ ਬਿਆਨ ’ਤੇ 174 ਦੀ ਕਾਰਵਾਈ ਅਮਲ ਵਿਚ ਲਿਆਂਦੀ ਗਈ ਅਤੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਿਸਾਂ ਨੂੰ ਸੌਂਪ ਦਿੱਤੀ ਹੈ।