ਸੰਗਰੂਰ | ਇਥੋਂ ਦੇ ਪਿੰਡ ਫੁੰਮਣਵਾਲ ਤੋਂ ਪਿਛਲੇ 2 ਦਿਨਾਂ ਤੋਂ ਲਾਪਤਾ ਨੌਜਵਾਨ ਦੀ ਅੱਜ ਪਿੰਡ ਰਾਜਪੁਰਾ ਦੀ ਹੱਡਾ-ਰੋੜੀ ’ਚੋਂ ਲਾਸ਼ ਮਿਲਣ ਨਾਲ ਇਲਾਕੇ ’ਚ ਸਨਸਨੀ ਫੈਲ ਗਈ। ਮ੍ਰਿਤਕ ਦੀ ਪਛਾਣ ਸਰਬਜੀਤ ਸਿੰਘ ਉਰਫ਼ ਰਾਜੀ ਪੁੱਤਰ ਭਜਨ ਸਿੰਘ ਵਾਸੀ ਪਿੰਡ ਫੁੰਮਣਵਾਲ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਸਰਬਜੀਤ ਸਿੰਘ 19 ਫਰਵਰੀ ਦੀ ਸ਼ਾਮੀਂ ਕਿਸੇ ਕੰਮ ਲਈ ਘਰੋਂ ਗਿਆ ਸੀ ਪਰ ਘਰ ਵਾਪਸ ਨਹੀਂ ਮੁੜਿਆ।
ਅੱਜ ਕਿਸੇ ਨੇ ਸਵੇਰੇ ਫੁੰਮਣਵਾਲ-ਰਾਜਪੁਰਾ ਸੜਕ ’ਤੇ ਹੱਡਾ-ਰੋੜੀ ਵਿਚ ਲਾਸ਼ ਦੇਖੀ, ਜਿਸ ਨੂੰ ਕੁੱਤਿਆਂ ਵੱਲੋਂ ਨੋਚਿਆ ਜਾ ਰਿਹਾ ਸੀ। ਕੁੱਤਿਆਂ ਵੱਲੋਂ ਨੋਚਣ ਕਾਰਨ ਲਾਸ਼ ਦੀ ਹਾਲਤ ਬੁਰੀ ਹੋ ਚੁੱਕੀ ਸੀ। ਇਸ ਬਾਰੇ ਪਿੰਡ ਵਿਚ ਰੌਲਾ ਪੈਣ ਉਪਰੰਤ ਪੁਲਿਸ ਨੂੰ ਸੂਚਨਾ ਦਿੱਤੀ ਗਈ।
ਜਾਣਕਾਰੀ ਮਿਲਣ ‘ਤੇ ਡੀ. ਐੱਸ. ਪੀ. ਮੋਹਿਤ ਅਗਰਵਾਲ ਪੁਲਸ ਪਾਰਟੀ ਸਮੇਤ ਮੌਕੇ ‘ਤੇ ਪਹੁੰਚੇ ਤੇ ਲਾਸ਼ ਨੂੰ ਕਬਜ਼ੇ ’ਚ ਲਿਆ। ਸ਼ਨਾਖ਼ਤ ਕੀਤੀ ਤਾਂ ਸਰਬਜੀਤ ਸਿੰਘ ਵਾਸੀ ਪਿੰਡ ਫੁੰਮਣਵਾਲ ਦੀ ਨਿਕਲੀ। ਇਸ ਸਬੰਧੀ ਡੀ. ਐੱਸ. ਪੀ. ਨੇ ਦੱਸਿਆ ਕਿ ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਫੋਰੈਂਸਿਕ ਵਿਭਾਗ ਦੀ ਟੀਮ ਨੂੰ ਵੀ ਬੁਲਾਇਆ ਗਿਆ ਹੈ।